PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

1,743 ਕਰੋੜ ਰੁਪਏ ਦੇ ਇਤਿਹਾਸਕ ਖੇਡ ਬਜਟ ਸਦਕਾ ਪੰਜਾਬ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਬਣਿਆ ਹੈ

ਚੰਡੀਗੜ੍ਹ-  ਪੰਜਾਬ ਪਹਿਲੀ ਵਾਰ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੀ ਮੇਜ਼ਬਾਨੀ ਕਰ  ਇਤਿਹਾਸ ਰਚਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਟੂਰਨਾਮੈਂਟ ਦਾ ਲੋਗੋ ਜਾਰੀ ਕੀਤਾ। ਇਸ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾਵੇਗਾ ਅਤੇ ਇਸ ਦੇ ਲੀਗ ਮੈਚ ਜਲੰਧਰ ਵਿੱਚ ਅਤੇ ਸੈਮੀ-ਫਾਈਨਲ ਤੇ ਫਾਈਨਲ ਮੁਕਾਬਲੇ ਮੋਹਾਲੀ ਵਿੱਚ ਖੇਡੇ ਜਾਣਗੇ।
ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ ਹਾਕੀ ਦੀਆਂ ਛੇ ਪ੍ਰਮੁੱਖ ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਭਾਰਤ-ਪਾਕਿਸਤਾਨ ਮੁਕਾਬਲਾ ਪਹਿਲੀ ਨਵੰਬਰ (ਪੰਜਾਬ ਦਿਵਸ) ਨੂੰ ਸ਼ਾਮ 7 ਵਜੇ ਜਲੰਧਰ ਵਿਖੇ ਖੇਡਿਆ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਚੈਂਪੀਅਨਸ਼ਿਪ ਕਰਵਾਉਣ ਲਈ 25.40 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਸਮੁੱਚਾ ਸਰਕਾਰੀ ਤੰਤਰ ਇਸ ਨੂੰ ਸਫ਼ਲ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਨੌਜਵਾਨਾਂ ਅਤੇ ਹਾਕੀ ਪ੍ਰੇਮੀਆਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸਾਰੇ ਮੈਚਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ਅਕਾਊਂਟ ‘ਤੇ ਜਾਣਕਾਰੀ ਦਿੰਦਿਆਂ ਕਿਹਾ, “ਸਾਡੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਪਹਿਲੀ ਵਾਰ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ, ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਵੱਕਾਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਦੇ ਲੀਗ ਮੈਚ ਜਲੰਧਰ ਵਿਖੇ ਅਤੇ ਸੈਮੀ-ਫਾਈਨਲ ਤੇ ਫਾਈਨਲ ਮੁਕਾਬਲੇ ਮੋਹਾਲੀ ਵਿਖੇ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ ਛੇ ਪ੍ਰਮੁੱਖ ਦੇਸ਼ ਹਿੱਸਾ ਲੈਣਗੇ। ਪਹਿਲੀ ਨਵੰਬਰ ਨੂੰ ‘ਪੰਜਾਬ ਦਿਵਸ’ ਮੌਕੇ ਸ਼ਾਮ 7 ਵਜੇ ਜਲੰਧਰ ਵਿਖੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਤਿਹਾਸਕ ਮੁਕਾਬਲਾ ਹੋਵੇਗਾ। ਨੌਜਵਾਨਾਂ ਨੂੰ ਖੇਡਾਂ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਸਾਡੀ ਸਰਕਾਰ ਵੱਲੋਂ ਸਾਰੇ ਮੈਚਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ। ਇਸ ਖੇਡ ਦਾ ਆਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਪਹੁੰਚੋ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰੋ। ਇਨਕਲਾਬ ਜ਼ਿੰਦਾਬਾਦ।”
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਤਿਹਾਸਕ ‘ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਪੰਜਾਬ ਲਈ ਸਿਰਫ਼ ਇੱਕ ਹਾਕੀ ਟੂਰਨਾਮੈਂਟ ਨਹੀਂ ਹੈ। ਇਹ ਉਸ ਧਰਤੀ ‘ਤੇ ਇਸ ਖੇਡ ਦੀ ਵਾਪਸੀ ਹੈ, ਜਿਸ ਨੇ ਭਾਰਤੀ ਹਾਕੀ ਦੇ ਕਈ ਨਾਇਕਾਂ ਨੂੰ ਜਨਮ ਦਿੱਤਾ ਹੈ। ਪੰਜਾਬ ਪਹਿਲੀ ਵਾਰ ਆਪਣੀ ਧਰਤੀ ‘ਤੇ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਇਸ ਨੂੰ ਸਮੁੱਚੇ ਭਾਰਤ ਅਤੇ ਦੁਨੀਆ ਭਰ ਦੇ ਖਿਡਾਰੀਆਂ, ਦਰਸ਼ਕਾਂ ਅਤੇ ਹਾਕੀ ਪ੍ਰੇਮੀਆਂ ਲਈ ਇੱਕ ਅਭੁੱਲ ਖੇਡ ਸਮਾਗਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” ਉਨ੍ਹਾਂ ਕਿਹਾ ਕਿ ਹਾਕੀ ਦੀ ਖੇਡ ਪੰਜਾਬ ਦੇ ਕਣ-ਕਣ ਵਿੱਚ ਸਮੋਈ ਹੋਈ ਹੈ ਅਤੇ “ਇਹ ਖੇਡ ਤੇ ਪੰਜਾਬੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ।” ਉਨ੍ਹਾਂ ਕਿਹਾ, “ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਤੋਂ ਲੈ ਕੇ ਸੂਬੇ ਭਰ ਦੇ ਸੈਂਕੜੇ ਪਿੰਡਾਂ ਤੱਕ ਪੰਜਾਬ ਦੀ ਧਰਤੀ ਨੇ ਕਈ ਓਲੰਪੀਅਨ, ਕੌਮੀ ਚੈਂਪੀਅਨ ਅਤੇ ਕਪਤਾਨ ਪੈਦਾ ਕੀਤੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਮਹਾਨ ਖਿਡਾਰੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚਾਂ ‘ਤੇ ਭਾਰਤੀ ਤਿਰੰਗੇ ਨੂੰ ਮਾਣ ਨਾਲ ਲਹਿਰਾਇਆ ਹੈ। ਭਾਰਤੀ ਹਾਕੀ ਵਿੱਚ ਪੰਜਾਬ ਦਾ ਯੋਗਦਾਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ; ਇਹ ਸਾਡੀ ਪਛਾਣ ਦਾ ਅਨਿੱਖੜਵਾਂ ਅੰਗ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਨੇ 50 ਤੋਂ ਵੱਧ ਓਲੰਪਿਕ ਤਗਮਾ ਜੇਤੂ ਅਤੇ 10 ਕੌਮੀ ਕਪਤਾਨ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ ਅਤੇ ਅਜੀਤ ਪਾਲ ਸਿੰਘ ਵਰਗੇ ਮਹਾਨ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ, “ਅੱਜ ਵੀ ਇਹ ਪਰੰਪਰਾ ਜਾਰੀ ਹੈ। ਪੈਰਿਸ 2024 ਓਲੰਪਿਕ ਦੌਰਾਨ ਪੰਜਾਬ ਦੇ 10 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਹਰਮਨਪ੍ਰੀਤ ਸਿੰਘ ਨੇ ਕੌਮੀ ਟੀਮ ਦੀ ਅਗਵਾਈ ਕੀਤੀ।”
ਮੁੱਖ ਮੰਤਰੀ ਨੇ ਕਿਹਾ, “ਇਸ ਲਈ ਜਦੋਂ ਪੰਜਾਬ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਅੰਤਰਰਾਸ਼ਟਰੀ ਪੱਧਰ ‘ਤੇ ਸਿਰਫ਼ ਇੱਕ ਹੋਰ ਟੂਰਨਾਮੈਂਟ ਨਹੀਂ ਹੋਵੇਗਾ। ਇਹ ਵਿਸ਼ਵ-ਪੱਧਰੀ ਸਹੂਲਤਾਂ ਅਤੇ ਸ਼ਾਨਦਾਰ ਤਿਆਰੀਆਂ ਦੇ ਨਾਲ ਭਾਰਤੀ ਹਾਕੀ ਦੇ ਗੜ੍ਹ ਵਿੱਚ ਇੱਕ ਜਸ਼ਨ ਵਾਂਗ ਹੋਵੇਗਾ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿ ਪੰਜਾਬ ਵਿੱਚ ਆਉਣ ਵਾਲੇ ਖਿਡਾਰੀਆਂ ਅਤੇ ਟੀਮਾਂ ਨੂੰ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਬਿਹਤਰ ਸਹੂਲਤਾਂ ਮਿਲਣ।” ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਟੂਰਨਾਮੈਂਟ ਲਈ ਕੁੱਲ 25.40 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ, ਜਿਸ ਵਿੱਚੋਂ 22.96 ਕਰੋੜ ਰੁਪਏ ਚੈਂਪੀਅਨਸ਼ਿਪ ਨਾਲ ਸਬੰਧਤ ਦੋ ਮੁੱਖ ਸਥਾਨਾਂ ਨੂੰ ਅਪਗ੍ਰੇਡ ਕਰਨ ‘ਤੇ ਖ਼ਰਚੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਦੱਸਿਆ, “ਜਲੰਧਰ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਲਈ 14 ਕਰੋੜ ਰੁਪਏ ਅਤੇ ਮੋਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।” ਉਨ੍ਹਾਂ ਕਿਹਾ, “ਇਹ ਸਿਰਫ਼ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟ ਨਹੀਂ ਹੈ, ਸਗੋਂ ਪੰਜਾਬ ਦੀਆਂ ਖੇਡਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਜਾਣ ਦੀ ਦਿਸ਼ਾ ਵੱਲ ਕੀਤਾ ਨਿਵੇਸ਼ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਉਦਘਾਟਨੀ ਸਮਾਰੋਹ ਅਤੇ ਲੀਗ ਪੜਾਅ ਦੇ ਮੁਕਾਬਲੇ ਕਰਵਾਏ ਜਾਣਗੇ, ਜਦਕਿ ਮੋਹਾਲੀ ਵਿੱਚ ਫੈਸਲਾਕੁੰਨ ਸੈਮੀ-ਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ। ਉਨ੍ਹਾਂ ਕਿਹਾ, “ਸੂਬਾ ਸਰਕਾਰ ਦਾ ਮਕਸਦ ਸਪੱਸ਼ਟ ਹੈ। ਇੱਥੇ ਆਉਣ ਵਾਲੇ ਹਰੇਕ ਖਿਡਾਰੀ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਪੰਜਾਬ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਅਤੇ ਹਰੇਕ ਦਰਸ਼ਕ ਨੂੰ ਇਸ ਤਜਰਬੇ ‘ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਮੂਲੀਅਤ ਨਾਲ ਇਹ ਚੈਂਪੀਅਨਸ਼ਿਪ ਹੋਰ ਵੀ ਅਹਿਮ ਬਣ ਜਾਵੇਗੀ। ਉਨ੍ਹਾਂ ਕਿਹਾ, “ਏਸ਼ੀਆ ਦੇ ਹਾਕੀ ਖੇਡਣ ਵਾਲੇ ਪ੍ਰਮੁੱਖ ਦੇਸ਼ਾਂ ਵਿੱਚੋਂ ਭਾਰਤ, ਪਾਕਿਸਤਾਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਮੁਕਾਬਲਾ ਕਰਨਗੇ, ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਵਜੋਂ ਸ਼ਾਮਲ ਹੋਣਗੇ।”
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸ਼ਮੂਲੀਅਤ ਪੂਰੇ ਖੇਤਰ ਅਤੇ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਲੰਧਰ ਵਿਖੇ ਪਹਿਲੀ ਨਵੰਬਰ ਨੂੰ ਹੋਣ ਵਾਲਾ ਭਾਰਤ-ਪਾਕਿਸਤਾਨ ਮੁਕਾਬਲਾ ਇਸ ਟੂਰਨਾਮੈਂਟ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਹੋਵੇਗਾ। ਇਹ ਮੈਚ ‘ਪੰਜਾਬ ਦਿਵਸ’ ਵਾਲੇ ਦਿਨ ਹੀ ਖੇਡਿਆ ਜਾਵੇਗਾ, ਜਿਸ ਨਾਲ ਪੰਜਾਬ ਦੇ ਲੋਕਾਂ ਲਈ ਇਹ ਮੌਕਾ ਹੋਰ ਵੀ ਖਾਸ ਬਣ ਜਾਵੇਗਾ। ਭਾਵੇਂ ਹਾਕੀ ਦੇ ਮੈਦਾਨ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਖ਼ਤ ਮੁਕਾਬਲਾ ਹੁੰਦਾ ਹੈ, ਪਰ ਖੇਡ ਦੀ ਆਪਣੀ ਵੱਖਰੀ ਭਾਸ਼ਾ ਹੁੰਦੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਹਾਕੀ ਫੈਡਰੇਸ਼ਨਾਂ ਦਰਮਿਆਨ ਖੇਡਾਂ ਲਈ ਸੁਖਾਵੇਂ ਸਬੰਧ ਰਹੇ ਹਨ। ਉਨ੍ਹਾਂ ਕਿਹਾ, “ਸੂਬਾ ਸਰਕਾਰ ਚਾਹੁੰਦੀ ਹੈ ਕਿ ਇਹ ਟੂਰਨਾਮੈਂਟ ਮੁਕਾਬਲੇਬਾਜ਼ੀ ਦੀ ਅਸਲ ਭਾਵਨਾ ਨੂੰ ਦਰਸਾਏ, ਜਿੱਥੇ ਮੈਦਾਨ ਵਿੱਚ ਸਖ਼ਤ ਮੁਕਾਬਲਾ ਹੋਵੇ ਪਰ ਮੈਦਾਨ ਤੋਂ ਬਾਹਰ ਆਪਸੀ ਸਨਮਾਨ ਵੀ ਕਾਇਮ ਰਹੇ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਪ੍ਰੇਮੀਆਂ ਲਈ ਭਾਰਤ-ਪਾਕਿਸਤਾਨ ਮੈਚ ਕੋਈ ਨਫ਼ਰਤ ਦਾ ਵਿਸ਼ਾ ਨਹੀਂ ਹੈ, ਸਗੋਂ ਇਹ ਹਾਕੀ ਦੇ ਜਨੂੰਨ, ਦਰਸ਼ਕਾਂ ਦੇ ਆਨੰਦ ਅਤੇ ਖੇਡ ਦੀ ਅਸਲ ਭਾਵਨਾ ਦਾ ਪ੍ਰਤੀਕ ਹੈ।”
ਮੁੱਖ ਮੰਤਰੀ ਨੇ ਕਿਹਾ ਕਿ “ਇਹ ਟੂਰਨਾਮੈਂਟ ਹਰ ਪੰਜਾਬੀ ਲਈ ਹੈ” ਅਤੇ ਐਲਾਨ ਕੀਤਾ ਕਿ ਸਾਰੇ ਮੈਚਾਂ ਲਈ ਐਂਟਰੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ, “ਕਿਸੇ ਵੀ ਨੌਜਵਾਨ ਵਿਦਿਆਰਥੀ, ਉੱਭਰਦੇ ਹਾਕੀ ਖਿਡਾਰੀ ਜਾਂ ਆਮ ਖੇਡ ਪ੍ਰੇਮੀ ਨੂੰ ਅੰਤਰਰਾਸ਼ਟਰੀ ਸਿਤਾਰਿਆਂ ਨੂੰ ਦੇਖਣ ਤੋਂ ਸਿਰਫ਼ ਇਸ ਲਈ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਕਿ ਉਹ ਟਿਕਟ ਨਹੀਂ ਖ਼ਰੀਦ ਸਕਦੇ।” ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਹਾਕੀ ਨੂੰ ਆਪਣਾ ਦਿਲ ਦਿੱਤਾ ਹੈ, ਇਸ ਲਈ ਜਦੋਂ ਅੰਤਰਰਾਸ਼ਟਰੀ ਹਾਕੀ ਪੰਜਾਬ ਵਿੱਚ ਵਾਪਸ ਆ ਰਹੀ ਹੈ ਤਾਂ ਲੋਕਾਂ ਨੂੰ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਇਸ ਨੂੰ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ।”
ਉਨ੍ਹਾਂ ਐਨ.ਆਰ.ਆਈਜ਼ (ਪਰਵਾਸੀ ਭਾਰਤੀਆਂ), ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨ ਅਥਲੀਟਾਂ, ਹਾਕੀ ਅਕੈਡਮੀਆਂ, ਖੇਡ ਐਸੋਸੀਏਸ਼ਨਾਂ, ਸਾਬਕਾ ਖਿਡਾਰੀਆਂ ਅਤੇ ਮੀਡੀਆ ਕਰਮੀਆਂ ਨੂੰ ਜਲੰਧਰ ਅਤੇ ਮੋਹਾਲੀ ਵਿਖੇ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਉਸੇ ਉਤਸ਼ਾਹ ਨਾਲ ਲੈ ਕੇ ਆਓ, ਜਿਸ ਨਾਲ ਪੰਜਾਬੀਆਂ ਨੇ ਹਮੇਸ਼ਾ ਇਸ ਖੇਡ ਦਾ ਜਸ਼ਨ ਮਨਾਇਆ ਹੈ।”
ਮੁੱਖ ਮੰਤਰੀ ਨੇ ਕਿਹਾ, “ਇਹ ਸਟੇਡੀਅਮ ਪੰਜਾਬੀਅਤ ਦੀ ਆਵਾਜ਼ ਨਾਲ ਗੂੰਜਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਅੰਤਰਰਾਸ਼ਟਰੀ ਹਾਕੀ ਸਿਤਾਰਿਆਂ ਨੂੰ ਨੇੜਿਓਂ ਦੇਖਣ ਅਤੇ ਅਗਲੇ ਹਰਮਨਪ੍ਰੀਤ ਸਿੰਘ, ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ ਅਤੇ ਹੋਰ ਮਹਾਨ ਖਿਡਾਰੀ ਬਣਨ ਦਾ ਸੁਪਨਾ ਵੇਖਣ ਦਾ ਢੁਕਵਾਂ ਮੌਕਾ ਮਿਲਣਾ ਚਾਹੀਦਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਟੂਰਨਾਮੈਂਟ ਨੂੰ ਵੱਡੇ ਮਹਾਂਕੁੰਭ ਵਿੱਚ ਬਦਲਣ ਲਈ ਪੰਜਾਬ ਭਰ ‘ਚ ਵਿਆਪਕ ਮੁਹਿੰਮ ਚਲਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਨੂੰ ਜਾਗਰੂਕਤਾ ਅਤੇ ਪ੍ਰਚਾਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। “ਹਾਕੀ ਅਕੈਡਮੀਆਂ ਅਤੇ ਜ਼ਮੀਨੀ ਪੱਧਰ ਦੇ ਖੇਡ ਕੇਂਦਰਾਂ ਨੂੰ ਟੂਰਨਾਮੈਂਟ ਨਾਲ ਜੋੜਿਆ ਜਾਵੇਗਾ। ਨੌਜਵਾਨ ਖਿਡਾਰੀਆਂ ਨੂੰ ਮੈਚਾਂ ਵਿੱਚ ਸ਼ਾਮਲ ਹੋਣ ਅਤੇ ਖੇਡ ਮਾਹੌਲ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੁਨੇਹਾ ਬਿਲਕੁਲ ਸਪੱਸ਼ਟ ਹੈ ਕਿ ਅੰਤਰਰਾਸ਼ਟਰੀ ਹਾਕੀ ਪੰਜਾਬ ਵਿੱਚ ਆ ਰਹੀ ਹੈ। ਪੰਜਾਬੀ ਇਸ ਨੂੰ ਘਰ ਬੈਠ ਕੇ ਨਹੀਂ ਦੇਖਣਗੇ, ਸਗੋਂ ਵੱਡੀ ਗਿਣਤੀ ਵਿੱਚ ਸਟੇਡੀਅਮਾਂ ਵਿੱਚ ਪਹੁੰਚਣਗੇ।”
ਮੁੱਖ ਮੰਤਰੀ ਨੇ ਕਿਹਾ ਕਿ ਉਦਘਾਟਨੀ ਸਮਾਰੋਹ ਅਤੇ ਲੀਗ ਪੜਾਅ 27 ਅਕਤੂਬਰ ਤੋਂ 2 ਨਵੰਬਰ ਤੱਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਬੇਸਬਰੀ ਨਾਲ ਉਡੀਕਿਆ ਜਾਣ ਵਾਲਾ ਭਾਰਤ-ਪਾਕਿਸਤਾਨ ਮੈਚ 1 ਨਵੰਬਰ ਨੂੰ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਟੂਰਨਾਮੈਂਟ ਦਾ ਅਗਲਾ ਪੜਾਅ ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੋਹਾਲੀ ਵਿੱਚ ਹੋਵੇਗਾ, ਜਿੱਥੇ 4 ਨਵੰਬਰ ਨੂੰ ਸੈਮੀਫਾਈਨਲ ਮੈਚ ਖੇਡੇ ਜਾਣਗੇ।
ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦੀ ਸਮਾਪਤੀ 5 ਨਵੰਬਰ ਨੂੰ ਮੋਹਾਲੀ ਵਿਖੇ ਸ਼ਾਨਦਾਰ ਫਾਈਨਲ ਅਤੇ ਸਮਾਪਤੀ ਸਮਾਰੋਹ ਨਾਲ ਹੋਵੇਗੀ। ਉਨ੍ਹਾਂ ਕਿਹਾ, “ਇਹ ਸ਼ਡਿਊਲ ਪੰਜਾਬ ਨੂੰ ਆਪਣੇ ਦੋ ਸਭ ਤੋਂ ਮਹੱਤਵਪੂਰਨ ਹਾਕੀ ਕੇਂਦਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦਾ ਹੈ—ਜਲੰਧਰ, ਜੋ ਕਿ ਦੋਆਬੇ ਦਾ ਉਦਯੋਗਿਕ ਅਤੇ ਖੇਡ ਦਿਲ ਹੈ, ਅਤੇ ਮੋਹਾਲੀ, ਜੋ ਕਿ ਪੰਜਾਬ ਦਾ ਆਧੁਨਿਕ ਖੇਡ ਕੇਂਦਰ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਇੱਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਕਿਹਾ, “ਪੰਜਾਬ ਦਾ ਖੇਡ ਇਨਕਲਾਬ ਜਾਰੀ ਰਹੇਗਾ। ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਇੱਕ ਅਗਾਂਹਵਧੂ ਵਿਜ਼ਨ ਦਾ ਹਿੱਸਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ 1,743 ਕਰੋੜ ਰੁਪਏ ਦਾ ਇਤਿਹਾਸਕ ਖੇਡ ਬਜਟ ਰੱਖਿਆ ਹੈ ਅਤੇ 3,148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 750 ਦਾ ਉਦਘਾਟਨ ਹੋ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ 6,000 ਆਧੁਨਿਕ ਜਿੰਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 500 ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਥਲੀਟਾਂ ਲਈ ਸਿੱਧੀ ਵਿੱਤੀ ਸਹਾਇਤਾ ਨੂੰ ਵੀ ਕਾਫ਼ੀ ਹੱਦ ਤੱਕ ਵਧਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜਦਕਿ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ 8 ਲੱਖ ਰੁਪਏ ਮਿਲਦੇ ਹਨ।”
ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ 2022 ਤੋਂ ਹੁਣ ਤੱਕ 40,000 ਤੋਂ ਵੱਧ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ, “ਓਲੰਪਿਕ ਤਮਗਾ ਜੇਤੂਆਂ ਲਈ ਸਾਡੀ ਸਰਕਾਰ ਦੀ ਨੀਤੀ ਬਿਲਕੁਲ ਸਪੱਸ਼ਟ ਹੈ। ਸੋਨ ਤਮਗਾ ਜੇਤੂ ਨੂੰ 3 ਕਰੋੜ ਰੁਪਏ, ਚਾਂਦੀ ਦਾ ਤਮਗਾ ਜੇਤੂ ਨੂੰ 2 ਕਰੋੜ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਂਦੇ ਹਨ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਇੱਕ ਅਥਲੀਟ ਦਾ ਸਤਿਕਾਰ ਕਰਨ, ਤਿਆਰੀ ਦੌਰਾਨ ਅਥਲੀਟ ਦਾ ਸਾਥ ਦੇਣ ਅਤੇ ਜਿੱਤ ਤੋਂ ਬਾਅਦ ਅਥਲੀਟ ਦਾ ਸਨਮਾਨ ਕਰਨ ਲਈ ਵਚਨਬੱਧ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਹਾਕੀ ਨੂੰ ਮੁੜ ਲੋਕਾਂ ਤੱਕ ਲੈ ਜਾਣਾ ਚਾਹੁੰਦਾ ਹੈ। “ਸਾਡੀ ਕੌਮੀ ਖੇਡ ਸਿਰਫ਼ ਸਟੇਡੀਅਮਾਂ ਵਿੱਚ ਹੀ ਨਹੀਂ, ਸਗੋਂ ਇਹ ਪਿੰਡਾਂ, ਸਕੂਲਾਂ, ਅਕੈਡਮੀਆਂ ਅਤੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ। ਸਾਡੀ ਸਰਕਾਰ ਚਾਹੁੰਦੀ ਹੈ ਕਿ ਹਰ ਬੱਚਾ ਖੇਡਾਂ ਨੂੰ ਕਰੀਅਰ ਦੇ ਵਿਕਲਪ ਵਜੋਂ ਲੈ ਕੇ ਚੱਲੇ ਅਤੇ ਗ਼ਰੀਬੀ ਜਾਂ ਮੌਕਿਆਂ ਦੀ ਘਾਟ ਹੁਨਰ ਪ੍ਰਦਰਸ਼ਨ ਵਿੱਚ ਰੁਕਾਵਟ ਨਾ ਬਣਨ। ਉਨ੍ਹਾਂ ਅੱਗੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਪੂਰੇ ਪੰਜਾਬ ਵਿੱਚ ਇੱਕ ਨਵੀਂ ਖੇਡ ਲਹਿਰ ਖੜ੍ਹੀ ਕਰਨ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਖੇਡ ਦੌਰੇ ‘ਤੇ ਆਉਣ ਵਾਲੀਆਂ ਟੀਮਾਂ ਪੰਜਾਬੀਆਂ ਦੀ ਪ੍ਰਾਹੁਣਚਾਰੀ ਦਾ ਬਿਹਤਰੀਨ ਅਨੁਭਵ ਕਰਨਗੀਆਂ। ਉਨ੍ਹਾਂ ਕਿਹਾ, “ਪੂਰੀ ਦੁਨੀਆ ਪੰਜਾਬ ਦੀ ਮਹਿਮਾਨ-ਨਿਵਾਜ਼ੀ ਦਾ ਗਵਾਹ ਬਣੇਗੀ: ਇੱਕ ਅਜਿਹੀ ਧਰਤੀ ਜਿੱਥੇ ਹਾਕੀ ਸਿਰਫ਼ ਖੇਡੀ ਨਹੀਂ ਜਾਂਦੀ, ਸਗੋਂ ਜਿਊਈਂ ਜਾਂਦੀ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਪੰਜਾਬ ਵੀ ਨਿਸ਼ਚਿਤ ਤੌਰ ‘ਤੇ ਉਨ੍ਹਾਂ ਵੱਕਾਰੀ ਟੂਰਨਾਮੈਂਟ ਦੇ ਮੈਚਾਂ ਦੀ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਕਰੇਗਾ। “ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸਫ਼ਲ ਆਯੋਜਨ ਉਸ ਦਾਅਵੇ ਨੂੰ ਮਜ਼ਬੂਤ ਕਰੇਗਾ। ਸਾਡੀ ਸਰਕਾਰ ਸਿਰਫ਼ ਦੋ ਸਟੇਡੀਅਮ ਹੀ ਨਹੀਂ ਤਿਆਰ ਕਰ ਰਹੀ, ਸਗੋਂ ਖੇਡ ਜਗਤ ਲਈ ਸੁਨੇਹਾ ਤਿਆਰ ਕਰ ਰਹੀ ਹੈ। ਪੰਜਾਬ ਸਵਾਗਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ”ਸਾਡੇ ਕੋਲ ਸਭ ਤੋਂ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਬੁਨਿਆਦੀ ਢਾਂਚਾ, ਪ੍ਰਤਿਭਾ, ਜਨੂੰਨ ਅਤੇ ਖੇਡ ਸੱਭਿਆਚਾਰ ਮੌਜੂਦ ਹੈ।”
ਮੁੱਖ ਮੰਤਰੀ ਨੇ ਕਿਹਾ, “ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026, ਹਾਕੀ ਦੇ ਨਾਲ-ਨਾਲ ਪੰਜਾਬ ਤੇ ਦੇਸ਼ ਦੀ ਖੇਡ ਭਾਵਨਾ ਦਾ ਜਸ਼ਨ ਹੋਵੇਗੀ।”
ਮੁੱਖ ਮੰਤਰੀ ਨੇ ਹਰੇਕ ਪੰਜਾਬੀ, ਹਰੇਕ ਭਾਰਤੀ ਅਤੇ ਹਰ ਹਾਕੀ ਪ੍ਰੇਮੀ ਨੂੰ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣਨ ਅਤੇ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਨੂੰ ਏਸ਼ੀਆ ਦੀ ਹਾਕੀ ਰਾਜਧਾਨੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਸਾਡੀ ਸਰਕਾਰ ਇਸ ਸਮਾਗਮ ਨੂੰ ਵੱਡੀ ਪੱਧਰ ‘ਤੇ ਸਫ਼ਲ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਾਕੀ ਸਟਿਕਸ ਭਿੜਨਗੀਆਂ, ਗੋਲਾਂ ਦੀ ਗੂੰਜ ਪਵੇਗੀ ਅਤੇ ਇਸ ਵਿਸ਼ਾਲ ਖੇਡ ਮਹਾਂਕੁੰਭ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਏਗਾ।”  ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਡਾਇਰੈਕਟਰ ਜਨਰਲ ਕਮਾਂਡਰ ਆਰ.ਕੇ. ਸ਼੍ਰੀਵਾਸਤਵ, ਕਾਰਜਕਾਰੀ ਬੋਰਡ ਮੈਂਬਰ ਆਰ.ਪੀ. ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹੋਰ ਹਾਜ਼ਰ ਸਨ।

Related posts

ਕੋਵਿਡ-19 ਬਾਰੇ ਵੱਡਾ ਖੁਲਾਸਾ: ਪਿਛਲੇ ਸਾਲ ਹੀ ਇਟਲੀ ਪਹੁੰਚ ਗਿਆ ਸੀ ਕੋਰੋਨਾ!

On Punjab

ਚੀਨ ਨੂੰ ਹਰਾਉਣ ਲਈ ਅਮਰੀਕਾ, ਯੂਰਪ ਨੂੰ ਭਾਰਤ ਵਰਗੇ ਦੇਸ਼ਾਂ ਦੀ ਲੋੜ : ਅਮਰੀਕੀ ਸੈਨੇਟਰ

On Punjab

ਨਸਲੀ ਦੰਗਿਆਂ ਦੌਰਾਨ ਅਮਰੀਕਾ ਦਾ ਵੱਡਾ ਫੈਸਲਾ

On Punjab