ਨਵੀਂ ਦਿੱਲੀ- –ਇੱਥੋਂ ਦੇ ਸਿਵਲ ਹਸਪਤਾਲ ਦੇ ਟਰੌਮਾ ਵਾਰਡ ਵਿਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਤਿੰਨੋਂ ਮਰੀਜ਼ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ, ਜਿਨ੍ਹਾਂ ਵਿਚੋਂ ਇਕ ਨੂੰ ਸੱਪ ਨੇ ਡੱਸਿਆ ਸੀ ਤੇ ਇਕ ਟੀਬੀ ਦਾ ਮਰੀਜ਼ ਸੀ ਤੇ ਇਕ ਨਸ਼ੇ ਦੀ ਓਵਰਡੋਜ਼ ਕਾਰਨ ਭਰਤੀ ਸੀ।ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਨੁਕਸ ਕਾਰਨ ਹੋਇਆ ਤੇ ਇਸ ਨੁਕਸ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ ਅਤੇ ਆਕਸੀਜਨ ਸਪਲਾਈ ਬਹਾਲ ਕਰ ਦਿੱਤੀ ਗਈ ਪਰ ਮਰੀਜ਼ਾਂ ਦੀ ਬਾਅਦ ਵਿੱਚ ਮੌਤ ਹੋ ਗਈ ਕਿਉਂਕਿ ਉਨ੍ਹਾਂ ਦੀ ਹਾਲਤ ਪਹਿਲਾਂ ਹੀ ਗੰਭੀਰ ਸੀ।
ਐਸਐਮਓ ਡਾ. ਵਿਨੈ ਆਨੰਦ ਨੇ ਕਿਹਾ ਕਿ ਮਰੀਜ਼ਾਂ ਨੂੰ ਸਪਲਾਈ ਕੀਤੀ ਜਾ ਰਹੀ ਆਕਸੀਜਨ ਦਾ ਦਬਾਅ ਬਹੁਤ ਘੱਟ ਗਿਆ ਸੀ ਪਰ ਨੁਕਸ ਨੂੰ ਠੀਕ ਕਰ ਦਿੱਤਾ ਗਿਆ ਹੈ। ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ ਬੱਧਨ ਨੇ ਕਿਹਾ ਕਿ ਆਕਸੀਜਨ ਪਲਾਂਟ ਵਿੱਚ ਤਕਨੀਕੀ ਨੁਕਸ ਕਾਰਨ ਆਕਸੀਜਨ ਦੀ ਸਪਲਾਈ ਬੰਦ ਹੋ ਗਈ। ਇਸ ਵਿਚ ਤੇਲ ਲੀਕ ਹੋਣ ਕਾਰਨ ਨੁਕਸ ਪੈ ਗਿਆ ਸੀ ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਆਕਸੀਜਨ ਸਪਲਾਈ ਬੰਦ ਹੋਣ ਤੋਂ ਬਾਅਦ ਅਲਾਰਮ ਵੱਜਦਾ ਹੈ ਪਰ ਡਿਊਟੀ ’ਤੇ ਮੌਜੂਦ ਡਾਕਟਰ ਨੇ ਧਿਆਨ ਨਹੀਂ ਦਿੱਤਾ।