ਅੰਮ੍ਰਿਤਸਰ- ਇੱਥੇ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਲੋੜੀਂਦੇ ਮੁਲਜ਼ਮ ਨੂੰ ਪੁਲੀਸ ਨੇ ਸੰਖੇਪ ਮੁਕਾਬਲੇ ਮਗਰੋਂ ਗ੍ਰਿਫਤਾਰ ਕੀਤਾ ਹੈ। ਉਹ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ। ਪੁਲੀਸ ਉਸ ਨੂੰ ਅੱਜ ਹਥਿਆਰ ਬਰਾਮਦ ਕਰਨ ਵਾਸਤੇ ਲੈ ਕੇ ਗਈ ਸੀ। ਜ਼ਖ਼ਮੀ ਹੋਣ ਮਗਰੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਉਰਫ ਰੋਨੀ ਵਾਸੀ ਨਰਾਇਣਗੜ੍ਹ ਛੇਹਰਟਾ ਵੱਜੋਂ ਹੋਈ ਹੈ। ਜੋ ਇਸ ਵੇਲੇ ਪਿੰਡ ਘਨੂਪੁਰ ਕਾਲੇ ਵਿਖੇ ਰਹਿ ਰਿਹਾ ਹੈ। ਪੁਲੀਸ ਨੇ ਉਸ ਕੋਲੋਂ ਇੱਕ ਪਿਸਤੌਲ ਅਤੇ ਇੱਕ ਐਸਯੂਵੀ ਕਾਰ ਬਰਾਮਦ ਕੀਤੀ ਹੈ। ਇਹ ਵਿਅਕਤੀ ਲਗਭਗ 25 ਸਾਲਾਂ ਦਾ ਹੈ ਤੇ ਬਾਰਵੀਂ ਪਾਸ ਹੈ। ਇਹ ਇਸ ਵੇਲੇ ਡਿਲੀਵਰੀ ਬੁਆਏ ਵਿੱਚੋਂ ਕੰਮ ਕਰ ਰਿਹਾ ਸੀ।
ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਹਰਟਾ ਦੇ ਖੇਤਰ ਵਿੱਚ 22 ਦਸੰਬਰ ਨੂੰ ਗੋਲੀ ਚਲਾਉਣ ਦੀ ਇੱਕ ਘਟਨਾ ਵਾਪਰੀ ਸੀ। ਇਸ ਸੰਬੰਧ ਵਿੱਚ ਸ਼ਿਕਾਇਤ ਕਰਤਾ ਜਸਪਾਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਸਮਝੌਤੇ ਦੇ ਮਾਮਲੇ ਵਿੱਚ ਪਿਛਲੀ ਰੰਜਿਸ਼ ਤਹਿਤ ਅੰਮ੍ਰਿਤਪਾਲ ਸਿੰਘ ਰੋਨੀ ਅਤੇ ਉਸਦੇ ਇੱਕ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਵੱਲੋਂ ਜਾਨੋ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਸਨ। ਇੱਕ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਸੀ।
ਇਸ ਸਬੰਧ ਵਿੱਚ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਅੰਮ੍ਰਿਤ ਪਾਲ ਸਿੰਘ ਰੋਨੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਵੱਲੋਂ ਕੀਤੇ ਗਏ ਖੁਲਾਸੇ ਤੇ ਪੁਲੀਸ ਉਸਨੂੰ ਹਥਿਆਰ ਬਰਾਮਦਗੀ ਵਾਸਤੇ ਮੜੀਆਂ ਰੋਡ ਕੂੜਾ ਡੰਪਿੰਗ ਦੇ ਨੇੜੇ ਲੈ ਕੇ ਗਈ ਸੀ। ਜਿੱਥੇ ਮੁਲਜ਼ਮ ਨੇ ਪਿਸਤੌਲ ਦੇ ਨਾਲ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਜਵਾਬ ਵਿੱਚ ਪੁਲੀਸ ਪਾਰਟੀ ਨੂੰ ਬਚਾਉਣ ਵਾਸਤੇ ਏਐੱਸਆਈ ਤਲਵਿੰਦਰ ਸਿੰਘ ਨੇ ਸਵੈ ਰੱਖਿਆ ਵੱਜੋਂ ਮੁਲਜ਼ਮ ’ਤੇ ਗੋਲੀ ਚਲਾਈ, ਜੋ ਉਸ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਗ੍ਰਿਫਤਾਰ ਕਰਨ ਮਗਰੋਂ ਮੁਢਲੀ ਸਹਾਇਤਾ ਦਿੱਤੀ ਗਈ ਹੈ ਅਤੇ ਇਲਾਜ ਵਾਸਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਇਸ ਸੰਬੰਧ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਹੈ ਅਤੇ ਉਸ ਦੇ ਦੂਜੇ ਸਾਥੀ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।

