PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਤੋਂ ਹੋਵੇਗੀ ਆਰੰਭ; 23 ਮਈ ਨੂੰ ਖੁੱਲ੍ਹਣਗੇ ਕਪਾਟ

ਉੱਤਰਾਖੰਡ-  ਉੱਤਰਾਖੰਡ ਵਿਖੇ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 2026 ਦੀ ਸਾਲਾਨਾ ਯਾਤਰਾ 20 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਆਰੰਭ ਹੋਵੇਗੀ, ਜਦੋਂ ਕਿ ਗੁਰਦੁਆਰਾ ਸਾਹਿਬ ਦੇ ਕਪਾਟ ਸੰਗਤ ਵਾਸਤੇ 23 ਮਈ ਨੂੰ ਖ਼ਾਲਸਾਈ ਰਵਾਇਤਾਂ ਮੁਤਾਬਕ ਖੋਲ੍ਹੇ ਜਾਣਗੇ। ਭਾਰਤੀ ਫ਼ੌਜ ਵੱਲੋਂ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਅਤੇ ਰਸਤਿਆਂ ਵਿੱਚੋਂ ਬਰਫ਼ ਹਟਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਹ ਯਾਤਰਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਹਿਲੇ ਜੱਥੇ ਦੇ ਰੂਪ ਵਿੱਚ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗੀ। ਇਸ ਸਬੰਧ ਵਿੱਚ ਟਰੱਸਟ ਵੱਲੋਂ ਗੁਰਦੁਆਰਾ ਰਿਸ਼ੀਕੇਸ਼ ਵਿਖੇ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ), ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ (ਰਾਜਪਾਲ) ਤਰਨਜੀਤ ਸਿੰਘ ਸੰਧੂ ਤੇ ਹੋਰ ਮੰਤਰੀ, ਪਤਵੰਤੇ, ਸੰਤ ਸਮਾਜ ਦੇ ਨੁਮਾਇੰਦੇ ਅਤੇ ਸ਼ਰਧਾਲੂ ਸ਼ਾਮਲ ਹੋਣਗੇ। ਇਹ ਸਮਾਗਮ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਅਤੇ ਇਸ ਮੌਕੇ ਟਰੱਸਟ ਵੱਲੋਂ ਸਿੱਖ ਵਿਰਾਸਤ ਬਾਰੇ ਦੋ ਕਿਤਾਬਾਂ ਰਸਮੀ ਤੌਰ ‘ਤੇ ਜਾਰੀ ਕੀਤੀਆਂ ਜਾਣਗੀਆਂ। ਇਹ ਕਿਤਾਬਾਂ ਸ਼ਰਧਾਲੂਆਂ ਦੇ ਅਧਿਆਤਮਿਕ ਅਤੇ ਇਤਿਹਾਸਕ ਗਿਆਨ ਨੂੰ ਵਧਾਉਣ ਦੇ ਉਦੇਸ਼ ਨਾਲ ਤਿਆਰ ਕੀਤੀਆਂ ਗਈਆਂ ਹਨ।

ਸਮਾਗਮ ਦੌਰਾਨ ਸਿੱਖ ਭਾਈਚਾਰੇ ਦੇ 8 ਸਾਲਾ ਏ ਆਈ (AI) ਪ੍ਰਤਿਭਾਸ਼ਾਲੀ ਮਾਸਟਰ ਰਣਵੀਰ ਸਿੰਘ ਸਚਦੇਵਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਪਲ ਦੇ ਸੀ ਈ ਓ ਟਿਮ ਕੁੱਕ ਅਤੇ ਗੂਗਲ ਦੇ ਸੀ ਈ ਓ ਸੁੰਦਰ ਪਿਚਾਈ ਸਮੇਤ ਕਈ ਵਿਸ਼ਵ ਪ੍ਰਸਿੱਧ ਹਸਤੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ। ਇਸ ਦੇ ਨਾਲ ਹੀ, ਇੱਕ ਨਵੇਂ ਅਜਾਇਬ ਘਰ (ਮਿਊਜ਼ੀਅਮ) “ਦਾਸਤਾਨ-ਏ-ਸਿੱਖੀ” ਦਾ ਉਦਘਾਟਨ ਵੀ ਕੀਤਾ ਜਾਵੇਗਾ। ਸਿੱਖ ਇਤਿਹਾਸ, ਵਿਰਾਸਤ ਅਤੇ ਗੁਰੂ ਪਰੰਪਰਾ ਨਾਲ ਸਬੰਧਤ ਇਹ ਅਜਾਇਬ ਘਰ ਸ਼ਰਧਾਲੂਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗਾ।

ਗੁਰਦੁਆਰਾ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸ਼ਰਧਾਲੂਆਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਤੇ ਉੱਥੇ ਜਾਣ ਵਾਲੇ ਰਸਤਿਆਂ ਸਮੇਤ ਗਲੇਸ਼ੀਅਰ ਦੇ ਕੋਲ ਜੰਮੀ ਹੋਈ ਬਰਫ਼ ਨੂੰ ਹੁਣ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਬਰਫ਼ ਹਟਾਉਣ ਦੀ ਇਹ ਸੇਵਾ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।

Related posts

ਰਾਮ ਰਹੀਮ ਦਾ ਜੇਲ੍ਹ ‘ਚੋਂ ਵੱਡਾ ਐਲਾਨ, ਹਨਪ੍ਰੀਤ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਚਿੱਠੀ

On Punjab

ਦਰਬਾਰ ਸਾਹਿਬ ਮਾਮਲੇ ਦੀ ਗ੍ਰਹਿ ਮੰਤਰੀ ਰੰਧਾਵਾ ਨੇ ਪੁਲਿਸ ਕਮਿਸ਼ਨਰ ਤੋਂ ਮੰਗੀ ਰਿਪੋਰਟ, ਬੋਲੇ- ਪੰਜਾਬ ‘ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼

On Punjab

ਪੁਲਿਸ ਅੜਿੱਕੇ ਆਇਆ ਚੋਰਾਂ ਦਾ ਬਾਪ! ਹੁਣ ਤੱਕ 100 ਕਾਰਾਂ ਉਡਾਈਆਂ

On Punjab