ਸ੍ਰੀ ਚਮਕੌਰ ਸਾਹਿਬ- ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਦੇ ਇਕ ਨੌਜਵਾਨ ਦੀ ਨਿਊਜ਼ੀਲੈਂਡ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦੀ ਪਛਾਣ 46 ਸਾਲਾ ਸੰਦੀਪ ਸਿੰਘ ਜੱਸੜਾਂ ਵਜੋਂ ਹੋਈ ਹੈ। ਉਹ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਜੱਸੜਾਂ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਵਾਪਰੇ ਸੜਕ ਹਾਦਸੇ ਨੇ ਉਸ ਦੀ ਜਾਨ ਲੈ ਲਈ। ਸੰਦੀਪ ਸਿੰਘ ਜੱਸੜਾਂ ਦੀ ਮੌਤ ਦੀ ਖ਼ਬਰ ਪਿੰਡ ਜੱਸੜਾਂ ਅਤੇ ਚਮਕੌਰ ਸਾਹਿਬ ਪੁੱਜੀ ਤਾਂ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ।
ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸੰਦੀਪ ਸਿੰਘ ਜੱਸੜਾਂ ਦੇ ਮਿੱਤਰ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਸੰਦੀਪ ਨੂੰ ਮਿਹਨਤੀ, ਸ਼ਾਂਤ ਸੁਭਾਅ ਅਤੇ ਮਿਲਣਸਾਰ ਨੌਜਵਾਨ ਵਜੋਂ ਯਾਦ ਕੀਤਾ ਜਾਂਦਾ ਰਿਹਾ ਹੈ, ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵਿਦੇਸ਼ ਗਿਆ ਸੀ। ਜ਼ਿਕਰਯੋਗ ਹੈ ਕਿ ਸੰਦੀਪ ਜੱਸੜਾਂ ਚਮਕੌਰ ਸਾਹਿਬ ਵਿਚ ਪਰਿਵਾਰ ਸਮੇਤ ਰਹਿੰਦਾ ਸੀ ਜੋ ਕਬੱਡੀ ਦਾ ਉਘਾ ਖਿਡਾਰੀ ਰਿਹਾ ਹੈ, ਜੋ ਦੋ ਕੁ ਸਾਲ ਪਹਿਲਾ ਹੀ ਰੋਜ਼ੀ ਰੋਟੀ ਲਈ ਨਿਊਜ਼ੀਲੈਂਡ ਗਿਆ ਸੀ ਅਤੇ ਉਹ ਆਪਣੇ ਦੋਸਤ ਅਮਨਦੀਪ ਸਿੰਘ ਮਾਂਗਟ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਨਵੰਬਰ ਮਹੀਨੇ ਵਿੱਚ ਚਮਕੌਰ ਸਾਹਿਬ ਆਇਆ ਸੀ ਅਤੇ ਵਿਆਹ ਤੋਂ ਬਾਅਦ 13 ਦਸੰਬਰ ਨੂੰ ਮੁੜ ਨਿਊਜ਼ੀਲੈਂਡ ਚਲਾ ਗਿਆ ਸੀ, ਜਿੱਥੇ ਬੀਤੇ ਦਿਨੀਂ ਹਾਦਸਾ ਵਾਪਰ ਗਿਆ।

