32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਅਕਾਲ ਤਖ਼ਤ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਤਨਖਾਹੀਆ ਕਰਾਰ; ਜਾਣੋ ਕੀ ਤਨਖਾਹ ਲਾਈ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖਾਹ ਸੁਣਾਈ ਹੈ। ਬੈਂਸ ਵੱਲੋਂ ਸ੍ਰੀ ਅਕਾਲ ਤਖਤ ਦੇ ਸਨਮੁੱਖ ਖੜੇ ਹੋ ਕੇ ਆਪਣੇ ਗੁਨਾਹ ਕਬੂਲ ਕੀਤੇ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਤਨਖਾਹ ਸੁਣਾਈ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਬੀਤੇ ਦਿਨੀਂ ਸ੍ਰੀਨਗਰ ਵਿਚ ਕਰਵਾਏ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਅੱਜ ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਸਨ।

ਪੰਜ ਸਿੰਘ ਸਾਹਿਬਾਨ ਵੱਲੋਂ ਕੈਬਨਿਟ ਮੰਤਰੀ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ, ਜੋ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ, ਵਿਖੇ ਪੈਦਲ ਜਾਣਗੇ। ਇਸ ਰਸਤੇ ਵਿੱਚ ਆਉਂਦੇ ਬਾਜ਼ਾਰ ਅਤੇ ਗਲੀਆਂ ਦੀ ਸਫਾਈ ਅਤੇ ਹੋਰ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣਗੇ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕੋਠਾ ਸਾਹਿਬ ਵੱਲਾ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ 100 ਮੀਟਰ ਦੀ ਦੂਰੀ ਤੋਂ ਪੈਦਲ ਜਾਣਗੇ ਅਤੇ ਇਨ੍ਹਾਂ ਅਸਥਾਨਾਂ ’ਤੇ ਵੀ ਮੁਰੰਮਤ ਅਤੇ ਸਾਫ ਸਫਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਨੂੰ ਦਿੱਲੀ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਦਿਨ ਗੁਰੂ ਦੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਵਾਸਤੇ ਕਿਹਾ ਗਿਆ ਹੈ।

ਇੱਕ ਵੱਖਰੇ ਆਦੇਸ਼ ਰਾਹੀਂ ਪੰਜਾਬ ਸਰਕਾਰ ਨੂੰ ਵੀ ਆਖਿਆ ਗਿਆ ਹੈ ਕਿ ਉਹ ਸ਼ਤਾਬਦੀ ਸਮਾਗਮਾਂ ਦੌਰਾਨ ਸੈਮੀਨਾਰ, ਗੋਸ਼ਟੀਆਂ ਤੇ ਹੋਰ ਅਜਿਹੇ ਪ੍ਰੋਗਰਾਮ ਕਰਵਾ ਸਕਦੀ ਹੈ, ਪਰ ਇਨ੍ਹਾਂ ਲਈ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ। ਅਕਾਲ ਤਖ਼ਤ ਦੀ ਫ਼ਸੀਲ ਤੋਂ ਸਰਕਾਰ ਨੂੰ ਆਦੇਸ਼ ਦਿੱਤਾ ਗਿਆ ਕਿ ਧਾਰਮਿਕ ਸਮਾਗਮ, ਜਿਨ੍ਹਾਂ ਵਿੱਚ ਨਗਰ ਕੀਰਤਨ ਸਜਾਉਣੇ ਅਤੇ ਗੁਰਮਤਿ ਸਮਾਗਮ ਸ਼ਾਮਲ ਹਨ, ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਸਰਕਾਰ ਇਨ੍ਹਾਂ ਵਿੱਚ ਸਹਿਯੋਗ ਦੇਵੇ। ਸਿੰਘ ਸਾਹਿਬਾਨ ਨੇ ਸਿੱਖ ਸੰਸਥਾਵਾਂ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਸ਼ਤਾਬਦੀ ਸਮਾਗਮਾਂ ਵਿੱਚ ਸਰਕਾਰ ਦੇ ਪ੍ਰਤੀਨਿਧਾਂ ਨੂੰ ਪੂਰਨ ਮਾਣ ਸਨਮਾਨ ਦੇਣ।

ਇੱਕ ਹੋਰ ਫੈਸਲੇ ਤਹਿਤ ਜੰਮੂ ਤੋਂ ਆਏ ਤਿੰਨ ਸਿੱਖਾਂ ਰਣਜੀਤ ਸਿੰਘ, ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਤਨਖਾਹ ਲਾਈ ਗਈ ਹੈ। ਉਨ੍ਹਾਂ ਖਿਲਾਫ ਦੋਸ਼ ਹੈ ਕਿ ਉਨ੍ਹਾਂ ਨੇ ਸਿੱਖ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ ਵਿੱਚ ਸਮਾਗਮ ਕਰਵਾਇਆ ਹੈ।

ਕਾਬਿਲੇਗੌਰ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਤਲਬ ਕੀਤਾ ਗਿਆ ਸੀ। ਉਨ੍ਹਾਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਵੀ ਤਲਬ ਕੀਤਾ ਗਿਆ ਸੀ। ਅਕਾਲ ਤਖ਼ਤ ਸਕੱਤਰੇਤ ਵਿਚ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੋਲਾ ਤੇ ਹੋਰ ਸ਼ਾਮਲ ਸਨ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁੱਜਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਮੱਥਾ ਟੇਕਿਆ। ਉਨ੍ਹਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਤੇ ਦਾਹੜੇ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁੱਜਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਮੱਥਾ ਟੇਕਿਆ ਅਤੇ ਹੁਣ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਆਪਣਾ ਪੱਖ ਰੱਖਣ ਲਈ ਪੁੱਜੇ ਹਨ। ਉਨ੍ਹਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਤੇ ਦਾਹੜੇ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ। ਬੀਤੇ ਦਿਨ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਰਐਸਐਸ ਦੇ ਮੁਖੀ ਸਾਹਮਣੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਰਹੇ ਸਨ । ਇਸ ਤੋਂ ਇਲਾਵਾ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਸ਼੍ਰੋਮਣੀ ਕਮੇਟੀ ਕੋਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੀ ਕੀਤੀ ਗਈ ਮੰਗ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਪੱਤਰ ਅਗਲੇਰੀ ਕਾਰਵਾਈ ਵਾਸਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੱਲ ਭੇਜ ਦਿੱਤਾ ਗਿਆ ਸੀ।

ਅਕਾਲ ਤਖ਼ਤ ਦੇ ਫ਼ੈਸਲੇ ਦੀ ਇਨ ਬਿਨ ਪਾਲਣਾ ਕਰਾਂਗਾ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਜੋ ਵੀ ਆਦੇਸ਼ ਕੀਤੇ ਗਏ ਹਨ, ਉਹ ਇਨ ਬਿਨ ਉਨ੍ਹਾਂ ਦੀ ਪਾਲਣਾ ਕਰਨਗੇ। ਬੈਂਸ ਨੇ ਕਿਹਾ ਕਿ ਉਹ ਅਕਾਲ ਤਖ਼ਤ ਨੂੰ ਪੂਰਨ ਰੂਪ ਵਿੱਚ ਸਮਰਪਿਤ ਹਨ।

ਪੰਜ ਮੈਂਬਰੀ ਭਰਤੀ ਕਮੇਟੀ ਸਬੰਧੀ ਫੈਸਲਾ- ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸਭਾਵਾਂ, ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜੀਆਂ ਸ਼ਿਕਾਇਤਾਂ ਜਿਵੇਂ ਕਿ ‘ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ’ ਦਾ ਮਾਮਲਾ ਵਿਚਾਰਿਆ ਗਿਆ। ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ। ਇਸ ਸਬੰਧੀ ਹੁਣ ਤਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ, ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜ੍ਹਾ ਹੈ। ਜੇਕਰ 2 ਦਸੰਬਰ 2024 ਨੂੰ ਕੀਤੇ ਹੁਕਮਾਂ ਨੂੰ ਕੋਈ ਵੀ ਧਿਰ ਇਨ-ਬਿਨ ਨਹੀਂ ਮੰਨਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਆਪੋ-ਆਪਣੀ ਸਿਆਸਤ ਮੁਬਾਰਕ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਸੰਗਤ ਵਿੱਚ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾਣ। ਕਿਉਂਕਿ ਵੱਖੋ-ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ। ਅੱਜ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲੰਮੇ ਵਿਚਾਰ ਵਟਾਂਦਰੇ ਮਗਰੋਂ ਆਦੇਸ਼ ਕੀਤਾ ਗਿਆ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ। ਦੱਸਣ ਯੋਗ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੀ ਅਪੀਲ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ਪੱਤਰ ਅੱਗੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤਾ ਗਿਆ ਸੀ।

Related posts

ਪੁਲਾੜ ‘ਚ ਸਿਤਾਰਿਆਂ ਦੀ ਸੁਨਹਿਰੀ ਦੁਨੀਆ, ਨਾਸਾ ਦੇ ਹਬਲ ਟੈਲੀਸਕੋਪ ਤੋਂ ਲਿਆ ਸ਼ਾਨਦਾਰ ਵੀਡੀਓ

On Punjab

ਹਸਪਤਾਲ ’ਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ

On Punjab

ਅਮਰੀਕਾ ‘ਚ ਟੁੱਟਿਆ ਨਸਲੀ ਹਮਲਿਆਂ ਦਾ ਰਿਕਾਰਡ, ਸਿੱਖ ਵੀ ਹੋਏ ਸ਼ਿਕਾਰ

On Punjab