ਚੰਡੀਗੜ੍ਹ- ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਸਾਲ 2026-27 ਲਈ ਬਣਾਈ ਜਾਣ ਵਾਲੀ ਨਵੀਂ ਆਬਕਾਰੀ ਨਿਤੀ ਲਈ ਸ਼ਹਿਰ ਦੇ ਸ਼ਰਾਬ ਕਾਰੋਬਾਰੀ ਅਤੇ ਹੋਰਨਾਂ ਸਨਅਤਕਾਰੀਆਂ ਨਾਲ ਮੀਟਿੰਗ ਕੀਤੀ ਗਈ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਸ਼ਰਾਬ ਕਾਰੋਬਾਰੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਰੀਲਾਂ ਬਣਾ ਕੇ ਘੱਟ ਦਰਾਂ ’ਤੇ ਸ਼ਰਾਬ ਦੀ ਵਿਕਰੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹਾ ਪ੍ਰਚਾਰ ਗ਼ੈਰ-ਕਾਨੂੰਨੀ ਹੈ ਅਤੇ ਸੋਸ਼ਲ ਮੀਡੀਆ ’ਤੇ ਸ਼ਰਾਬ ਦਾ ਇਸ ਢੰਗ ਨਾਲ ਪ੍ਰਚਾਰ ਕਰਨ ਵਾਲੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸ਼ਰਾਬ ਕਾਰੋਬਾਰੀਆਂ ਨਾਲ ਨਵੇਂ ਲੇਬਲਾਂ ਦੇ ਲਾਇਸੈਂਸ ਦੀਆਂ ਅਰਜ਼ੀਆਂ ਦੇ ਨਿਪਟਾਰੇ ਵਿੱਚ ਹੋ ਰਹੀਆਂ ਦੇਰੀਆਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਨਵੇਂ ਲੇਬਲਾਂ ਨਾਲ ਸਬੰਧਤ ਲਾਇਸੈਂਸਾਂ ਦਾ ਨਿਪਟਾਰਾ ਇਕ ਹਫ਼ਤੇ ਵਿੱਚ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ਰਾਬ ਕਾਰੋਬਾਰੀਆਂ ਨੇ ਘੱਟ ਅਲਕੋਹਲ ਸਮੱਗਰੀ ਵਾਲੇ ਪਦਾਰਥ ਵਿਸ਼ੇਸ਼ ਕਰਕੇ ਬੀਅਰ ਨੂੰ ਪ੍ਰਫੁੱਲਤ ਕਰਨ ਬਾਰੇ ਆਪਣੇ ਸੁਝਾਅ ਪੇਸ਼ ਕੀਤੇ। ਬੀਅਰ ਦੀ ਵਿਕਰੀ ਲਈ ਘੱਟ ਲਾਗਤ ਵਾਲੇ ਲਾਇਸੈਂਸ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ। ਸ਼ਰਾਬ ਕਾਰੋਬਾਰੀਆਂ ਨੇ ਸ਼ਹਿਰ ਵਿੱਚ ਅਸਥਾਈ ਸ਼ੈੱਡਾਂ ਨੂੰ ਸ਼ਰਾਬ ਦੇ ਠੇਕਿਆਂ ਦੇ ਰੂਪ ਵਿੱਚ ਵਰਤਣ ਦਾ ਸੁਝਾਅ ਦਿੱਤਾ, ਜਿਸ ਨਾਲ ਸ਼ਰਾਬ ਕਾਰੋਬਾਰੀਆਂ ’ਤੇ ਹਰ ਮਹੀਨੇ ਕਿਰਾਏ ਵਜੋਂ ਪੈਣ ਵਾਲੇ ਬੋਝ ਵਿੱਚ ਕਟੌਤੀ ਹੋਵੇਗੀ। ਆਬਕਾਰੀ ਕਮਿਸ਼ਨਰ ਨੇ ਸਾਰੇ ਕਾਰੋਬਾਰੀਆਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਆਬਕਾਰੀ ਨੀਤੀ ਬਣਾਉਣ ਦਾ ਭਰੋਸਾ ਦਿੱਤਾ।

