ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਪਾਕਿਸਤਾਨ ਨੂੰ ਜ਼ਬਰਦਸਤ ਝਾੜ ਪਾਈ ਹੈ ਅਤੇ ਉਸ ਨੂੰ ਮਕਬੂਜ਼ਾ ਕਸ਼ਮੀਰ ਤੋਂ ਆਪਣਾ ਨਾਜਾਇਜ਼ ਕਬਜ਼ਾ ਹਟਾਉਣ ਲਈ ਕਿਹਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਮੁਹਈਆ ਕਰਵਾਏ ਗਏ ਮੰਚ ਦੀ ਦੁਰਵਰਤੋਂ ਉਸ ਵਿਰੁੱਧ ਝੂਠ ਤੇ ਭਰਮਾਊ ਪ੍ਰਚਾਰ ਲਈ ਕੀਤੀ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਮਿਸ਼ਨ ’ਚ ਕਾਊਂਸਲਰ ਡਾ. ਕਾਜਲ ਭੱਟ ਨੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੇਰ ਰਾਤ ਕਿਹਾ, ‘ਮੈਂ ਭਾਰਤ ਦੀ ਸਥਿਤੀ ਬਾਰੇ ਸਪੱਸ਼ਟ ਕਰਨਾ ਚਾਹਾਂਗੀ, ਸੰਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਹਿੱਸਾ ਹਨ ਤੇ ਰਹਿਣਗੇ। ਇਸ ਵਿਚ ਉਹ ਖੇਤਰ ਵੀ ਆਉਂਦੇ ਹਨ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ’ਚ ਹਨ। ਅਸੀਂ ਪਾਕਿਸਤਾਨ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਖੇਤਰਾਂ ਨੂੰ ਤੁਰੰਤ ਖ਼ਾਲੀ ਕਰੇ।
ਯੂਐੱਨਐੱਸਸੀ ’ਚ ਆਪਣੀ ਗੱਲ ਰੱਖਣ ਤੋਂ ਪਹਿਲਾਂ ਡਾ. ਭੱਟ ਨੇ ਕਿਹਾ, ‘ਮੈਂ ਅੱਜ ਪਹਿਲਾਂ ਪਾਕਿਸਤਾਨ ਦੇ ਨੁਮਾਇੰਦੇ ਵੱਲੋਂ ਕੀਤੀਆਂ ਗਈਆਂ ਕੁਝ ਘਟੀਆ ਟਿੱਪਣੀਆਂ ਦਾ ਜਵਾਬ ਦੇਣ ਲਈ ਇਕ ਵਾਰ ਮੁੜ ਇਸ ਮੰਚ ’ਤੇ ਆਉਣ ਲਈ ਮਜਬੂਰ ਹਾਂ।’ ਦੱਸਣਾ ਬਣਦਾ ਹੈ ਕਿ ਯੂਐੱਨਐੱਸਸੀ ਦੀ ਮੀਟਿੰਗ ’ਚ ਪਾਕਿਸਤਾਨ ਦੇ ਨੁਮਾਇੰਦੇ ਮੁਨੀਰ ਅਕਰਮ ਨੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ’ਤੇ ਖੁੱਲ੍ਹੀ ਬਹਿਸ ਦੌਰਾਨ ਜੰਮੂ-ਕਸ਼ਮੀਰ ਦਾ ਮੁੱਦਾ ਉਠਾਇਆ ਸੀ।
ਪਾਕਿਸਤਾਨ ਕੌਮਾਂਤਰੀ ਮੰਚ ਦੀ ਦੁਰਵਰਤੋਂ ਕਰਨ ਦਾ ਆਦੀ
ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਡਾ. ਭੱਟ ਨੇ ਕਿਹਾ, ‘ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਮੁਹਈਆ ਕਰਵਾਏ ਗਏ ਮੰਚ ਦੀ ਦੁਰਵਰਤੋਂ ਭਾਰਤ ਵਿਰੁੱਧ ਭਰਮਾਊ ਪ੍ਰਚਾਰ ਕਰਨ ਲਈ ਕੀਤੀ ਹੈ। ਪਾਕਿਸਤਾਨ ਦੇ ਨੁਮਾਇੰਦੇ ਨੇ ਆਪਣੇ ਦੇਸ਼ ਦੀ ਬਦਹਾਲ ਸਥਿਤੀ ਤੋਂ ਦੁਨੀਆ ਦਾ ਧਿਆਨ ਲਾਂਭੇ ਕਰਨ ਇਹ ਬੇਕਾਰ ਯਤਨ ਕੀਤਾ ਹੈ. ਜਿੱਥੇ ਅੱਤਵਾਦੀ ਖੁੱਲ੍ਹੇਆਮ ਆਮ ਲੋਕਾਂ, ਖ਼ਾਸਕਰ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੁੱਲ੍ਹੇਆਮ ਖੇਡਦੇ ਹਨ।
ਸਭ ਤੋਂ ਜ਼ਿਆਦਾ ਪਾਬੰਦੀਸ਼ੁਦਾ ਅੱਤਵਾਦੀ ਪਾਕਿਸਤਾਨ ’ਚ
ਡਾ. ਭੱਟ ਨੇ ਕਿਹਾ ਕਿ ਮੈਂਬਰ ਦੇਸ਼ ਚੰਗੀ ਤਰ੍ਹਾਂ ਜਾਣੂ ਹਨ ਕਿ ਪਾਕਿਸਤਾਨ ਦੀ ਅੱਤਵਾਦੀਆਂ ਨੂੰ ਪਾਲਣ-ਪੋਸਣ ਤੇ ਸਮਰਥਨ ਦੇਣ ਦੀ ਸਥਾਪਤ ਨੀਤੀ ਤੇ ਇਤਿਹਾਸ ਰਿਹਾ ਹੈ। ਪਾਕਿਸਤਾਨ ’ਚ ਅੱਤਵਾਦੀ ਖੁੱਲ੍ਹੇਆਮ ਘੁੰਮਦੇ ਹਨ। ਪਾਕਿਸਤਾਨ ਅੱਤਵਾਦੀਆਂ ਨੂੰ ਸਿਖਲਾਈ ਦੇਣ ਦੇ ਨਾਲ ਹੀ ਹਥਿਆਰ ਤੇ ਪੈਸਾ ਵੀ ਮੁਹਈਆ ਕਰਵਾਉਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਸਭ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਕਲੰਕਿਤ ਰਿਕਾਰਡ ਹੈ।
ਸਾਰੇ ਗੁਆਂਢੀਆਂ ਨਾਲ ਆਮ ਸਬੰਧਾਂ ਲਈ ਵਚਨਬੱਧ ਹਾਂ
ਭੱਟ ਨੇ ਕਿਹਾ ਕਿ ਭਾਰਤ ਪਾਕਿਸਤਾਨ ਸਮੇਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਆਮ ਵਾਂਗ ਸਬੰਧ ਚਾਹੁੰਦਾ ਹੈ। ਜੇ ਕੋਈ ਮਸਲਾ ਹੈ ਤਾਂ ਭਾਰਤ ਉਸ ਨੂੰ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਮੁਤਾਬਕ ਦੁਵੱਲੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਲਈ ਵਚਨਬੱਧ ਹੈ ਪਰ ਸਾਰਥਕ ਗੱਲਬਾਤ ਅੱਤਵਾਦ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਹੀ ਹੋ ਸਕਦੀ ਹੈ ਅਤੇ ਅਜਿਹਾ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ।