ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ 2021 ਦੇ ਕਤਲ ਮਾਮਲੇ ਵਿੱਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇਣ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ।
ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ (Justices Sanjay Karol and Prashant Kumar Mishra) ਦੇ ਬੈਂਚ ਨੇ ਐਫਆਈਆਰ ਵਿਚਲੇ ਦੋਸ਼ਾਂ ਦਾ ਨੋਟਿਸ ਲਿਆ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੌਮੀ ਰਾਜਧਾਨੀ ਨੂੰ ਦੇਸ਼ ਦੇ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਕਿੜਾਂ ਕੱਢਣ ਲਈ “ਅਪਰਾਧਿਕ ਖੇਡ ਦਾ ਮੈਦਾਨ” ਬਣਾਇਆ ਗਿਆ ਸੀ। ਸਿਖਰਲੀ ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਸਬੰਧਤ ਅਦਾਲਤ ਦੇ ਸਾਹਮਣੇ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸੁਸ਼ੀਲ ਕੁਮਾਰ ਅਤੇ ਹੋਰਾਂ ‘ਤੇ ਮਈ 2021 ਵਿੱਚ ਜ਼ਮੀਨ ਸਬੰਧੀ ਇੱਕ ਕਥਿਤ ਝਗੜੇ ਨੂੰ ਲੈ ਕੇ ਧਨਖੜ ‘ਤੇ ਜਾਨਲੇਵਾ ਹਮਲਾ ਕਰਨ ਅਤੇ ਉਸਦੇ ਦੋ ਦੋਸਤਾਂ ਨੂੰ ਜ਼ਖਮੀ ਕਰਨ ਦਾ ਦੋਸ਼ ਹੈ।
ਬੈਂਚ ਨੇ ਕਿਹਾ, “ਬਿਨਾਂ ਸ਼ੱਕ ਮੁਲਜ਼ਮ (ਸੁਸ਼ੀਲ ਕੁਮਾਰ) ਇੱਕ ਮਸ਼ਹੂਰ ਪਹਿਲਵਾਨ ਅਤੇ ਇੱਕ ਓਲੰਪੀਅਨ ਹੈ, ਜਿਸ ਨੇ ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਇਸ ਵਿੱਚ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਉਸਦਾ ਸਮਾਜਿਕ ਪ੍ਰਭਾਵ ਹੈ।” ਬੈਂਚ ਨੇ ਨਾਲ ਹੀ ਕਿਹਾ ਕਿ ਗਵਾਹਾਂ ‘ਤੇ ਉਸ ਦੇ “ਦਬਦਬਾ ਵਾਲੇ ਪ੍ਰਭਾਵ” ਜਾਂ ਮੁਕੱਦਮੇ ਦੀ ਕਾਰਵਾਈ ਵਿੱਚ ਦੇਰੀ ਕਰਵਾ ਸਕਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।