ਮਾਨਸਾ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ‘ਦ ਕਿੱਲੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ ਹੁਣ 21 ਅਗਸਤ ਨੂੰ ਹੋਵੇਗੀ। ਕੋਰਟ ਵਿਚ ਬੀਬੀਸੀ ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ’ਤੇ ਬੀਬੀਸੀ ਧਿਰ ਨੇ ਮੁੱਖ ਦਾਅਵੇ ਦਾ ਜਵਾਬ ਅਤੇ ਅੰਤਰਿਮ ਰੋਕ ਲਈ ਲਾਈ ਦਰਖ਼ਾਸਤ ਦਾ ਜਵਾਬ ਅਦਾਲਤ ਵਿਚ ਦਾਖਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਸੇ ਧਿਰ ਵਲੋਂ ਜਵਾਬ ਤੋਂ ਵੀ ਪਹਿਲਾਂ ਕੇਸ ਨੂੰ ਰੱਦ ਕਰਨ ਲਈ ਸੀਪੀਸੀ ਦੇ ਆਰਡਰ-07 ਰੂਲ 11 ਅਧੀਨ ਇਕ ਦਰਖਾਸਤ ਦਾਇਰ ਕੀਤੀ ਗਈ ਸੀ, ਜਿਸ ਦਾ ਜਵਾਬ ਮੁੱਦਈ ਧਿਰ ਨੇ ਦਿੱਤਾ ਜਾਣਾ ਸੀ, ਪਰ ਹੁਣ ਤੱਕ ਨਹੀਂ ਦਿੱਤਾ ਗਿਆ।
ਵਕੀਲ ਬਲਵੰਤ ਭਾਟੀਆ ਅਤੇ ਗੁਰਦਾਸ ਸਿੰਘ ਮਾਨ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਫੌਰੀ ਤੌਰ ’ਤੇ ਰੋਕ ਲਗਾਉਣ ਦਾ ਮਾਮਲਾ ਮੁੱਦਈ ਧਿਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਜਦੋਂ ਕਿ ਮੁਦੱਈ ਧਿਰ ਹੀ ਮਾਮਲੇ ਨੂੰ ਲਟਕਾਉਣ ’ਤੇ ਮਨਸ਼ਾ ਹੋਵੇ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਮੁਦੱਈ ਧਿਰ ਵਿਰੋਧੀ ਧਿਰ ਨੂੰ ਹੈਰਾਨ ਪ੍ਰੇਸ਼ਾਨ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਗਲੀ ਤਾਰੀਖ ’ਤੇ ਵੀ ਜਵਾਬ ਦਾਖਲ ਨਾ ਹੋਇਆ ਤਾਂ ਉਹ ਅਦਾਲਤ ਨੂੰ ਮਾਮਲਾ ਰੱਦ ਕਰਨ ਲਈ ਦਰਖਾਸਤ ਕਰਨਗੇ।