ਸ਼ਾਹਬਾਦ ਮਾਰਕੰਡਾ- ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਪ੍ਰਸ਼ਾਸਨ ਦੀ ਮਦਦ ਨਾਲ ਕੁਰੂਕਸ਼ੇਤਰ ਵਿਚ ਦੋ ਥਾਵਾਂ ’ਤੇ ਲਗਪਗ 4.5 ਏਕੜ ਵਿਚ ਬਣ ਰਹੀਆਂ ਗੈਰਕਾਨੂੰਨੀ ਕਲੋਨੀਆਂ ਨੂੰ ਢਾਹ ਦਿੱਤਾ। ਜ਼ਿਲ੍ਹਾ ਟਾਊਨ ਪਲਾਨਰ ਵਿਕਰਮ ਕੁਮਾਰ ਨੇ ਕਿਹਾ ਕਿ ਪਿੰਡ ਦਰਾ ਖੁਰਦ ਵਿਚ ਕਰੀਬ 2.5 ਏਕੜ ਤੇ ਪਿੰਡ ਮਲਿਕ ਪੁਰ ਵਿਚ 2 ਏਕੜ ਜ਼ਮੀਨ ਵਿਚ ਬਣ ਰਹੀਆਂ ਦੋ ਗੈਰ ਕਾਨੂੰਨੀ ਕਲੋਨੀਆਂ ਵਿਚ ਪ੍ਰਸ਼ਾਸ਼ਨ ਦੀ ਮਦਦ ਨਾਲ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਪੁਲੀਸ ਫੋਰਸ ਦੀ ਮਦਦ ਨਾਲ ਗੈਰਕਾਨੂੰਨੀ ਕਲੋਨੀਆਂ ਦੀਆਂ ਸੜਕਾਂ, ਸੀਵਰੇਜ, ਮੈਨਹੋਲ ਤੇ ਗੇਟਾਂ ਦੀ ਗੈਰਕਾਨੂੰਨੀ ਉਸਾਰੀ ਨੂੰ ਪੀਲੇ ਪੰਜੇ ਦੀ ਮਦਦ ਨਾਲ ਢਾਹ ਦਿੱਤਾ ਗਿਆ। ਸ੍ਰੀ ਵਿਕਰਮ ਨੇ ਦੱਸਿਆ ਕਿ ਵਿਭਾਗ ਨੇ ਐੱਚਡੀਆਰ ਐਕਟ 1975 ਤਹਿਤ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਉਨ੍ਹਾਂ ਨੂੰ ਲੋੜੀਦੀਂ ਇਜਾਜ਼ਤ ਲੈਣ ਦੇ ਹੁਕਮ ਦਿੱਤੇ ਸਨ ਪਰ ਜ਼ਮੀਨ ਮਾਲਕਾਂ ਤੇ ਡੀਲਰਾਂ ਨੇ ਨਾ ਤਾਂ ਉਸਾਰੀ ਨੂੰ ਰੋਕਿਆ ਤੇ ਨਾ ਹੀ ਲੋੜੀਂਦੀ ਇਜਾਜ਼ਤ ਲਈ ਜਿਸ ਤੇ ਵਿਭਾਗ ਨੇ ਗੈਰਕਾਨੂੰਨੀ ਕਲੋਨੀਆਂ ਵਿਚ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਸਤੇ ਪਲਾਟਾਂ ਦੇ ਚੱਕਰ ਤੇ ਡੀਲਰਾਂ ਦੇ ਬਹਿਕਾਵੇ ਵਿਚ ਆ ਕੇ ਪਲਾਟ ਨਾ ਖਰੀਦਣ ਤੇ ਨਾ ਹੀ ਅਜਿਹੀ ਥਾਂ ’ਤੇ ਨਿਰਮਾਣ ਕਰਨ। ਇੰਨਾ ਹੀ ਨਹੀਂ ਜ਼ਮੀਨ ਖਰੀਦਣ ਤੋਂ ਪਹਿਲਾਂ ਕਲੋਨੀ ਪਾਸ ਹੋਣ ਬਾਰੇ ਪਤਾ ਕਰ ਲੈਣ।