42.8 F
New York, US
March 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਅਰ ਬਾਜ਼ਾਰ ਨੂੰ ਗੋਤਾ, ਨਿਵੇਸ਼ਕਾਂ ਦੇ 12.87 ਲੱਖ ਕਰੋੜ ਡੁੱਬੇ

ਮੁੰਬਈ- ਕੱਚੇ ਤੇਲ ਦੇ ਭਾਅ ਵਿੱਚ ਤੇਜ਼ੀ ਤੇ ਆਲਮੀ ਪੱਧਰ ’ਤੇ ਕਮਜ਼ੋਰ ਰੁਖ਼ ਕਰ ਕੇ ਵੀਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਵੱਡਾ ਨਿਘਾਰ ਆਇਆ। ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦਾ ਸੂਚਕ ਅੰਕ (ਸੈਂਸੈਕਸ) 2497 ਅੰਕ ਡਿੱਗ ਗਿਆ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਨੂੰ 775 ਅੰਕਾਂ ਦਾ ਗੋਤਾ ਲੱਗਾ। ਇਸ ਨਾਲ ਬਾਜ਼ਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਤੇਜ਼ੀ ’ਤੇ ਰੋਕ ਲੱਗ ਗਈ। ਸ਼ੇਅਰ ਬਾਜ਼ਾਰ ਡਿੱਗਣ ਨਾਲ ਨਿਵੇਸ਼ਕਾਂ ਨੂੰ ਇਕ ਦਿਨ ’ਚ 12.87 ਲੱਖ ਕਰੋੜ ਰੁਪਏ ਦਾ ਖੋਰਾ ਲੱਗਾ ਹੈ। ਪੱਛਮੀ ਏਸ਼ੀਆ ਸੰਕਟ ਮਗਰੋਂ ਨਿਵੇਸ਼ਕ ਹੁਣ ਤੱਕ 37 ਲੱਖ ਕਰੋੜ ਰੁਪਏ ਗੁਆ ਚੁੱਕੇ ਹਨ। ਪੱਛਮੀ ਏਸ਼ੀਆ ਵਿੱਚ ਤੇਲ ਤੇ ਗੈਸ ਪਲਾਂਟਾਂ ਉੱਤੇ ਹਮਲਿਆਂ ਨਾਲ ਕੱਚੇ ਤੇਲ ਦੇ ਭਾਅ ਨੇ ਸ਼ੂਟ ਵੱਟੀ ਹੈ। ਇਸ ਦੌਰਾਨ ਸੋਨੇ ਤੇ ਚਾਂਦੀ ਦੀ ਚਮਕ ਵੀ ਫਿੱਕੀ ਪੈ ਗਈ। ਸੋਨਾ 7000 ਰੁਪਏ ਡਿੱਗ ਕੇ 1,53,300 ਪ੍ਰਤੀ ਤੋਲੇ ਨੂੰ ਜਦੋਂਕਿ ਚਾਂਦੀ 17,800 ਰੁਪਏ ਟੁੱਟ ਕੇ 2.38 ਲੱਖ ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਈ।

ਤੀਹ ਕੰਪਨੀਆਂ ਦੇ ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 2,496.89 ਨੁਕਤੇ ਭਾਵ 3.26 ਫੀਸਦ ਦੇ ਗੋਤੇ ਨਾਲ 74,207.24 ਅੰਕਾਂ ’ਤੇ ਬੰਦ ਹੋਇਆ। ਜੂਨ 2024 ਮਗਰੋਂ ਸੈਂਸੈਕਸ ਵਿੱਚ ਇਹ ਇੱਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਹੈ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਹ 2,753.18 ਅੰਕ ਟੁੱਟ ਕੇ 73,950.95 ਅੰਕਾਂ ’ਤੇ ਵੀ ਆਇਆ। ਉੱਧਰ ਪੰਜਾਹ ਸ਼ੇਅਰਾਂ ’ਤੇ ਅਧਾਰਿਤ ਐੱਨ ਐੱਸ ਈ ਨਿਫਟੀ ਵੀ 775.65 ਅੰਕ ਭਾਵ 3.26 ਫੀਸਦ ਟੁੱਟ ਕੇ 23,002.15 ਅੰਕਾਂ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ਦੌਰਾਨ ਸੈਂਸੈਕਸ 2,140 ਅੰਕ ਚੜ੍ਹਿਆ ਸੀ ਜਦੋਂਕਿ ਨਿਫਟੀ ਵਿੱਚ 626 ਅੰਕਾਂ ਦੀ ਤੇਜ਼ੀ ਰਹੀ ਸੀ। ਸੈਂਸੈਕਸ ’ਚ ਸ਼ਾਮਲ ਕੰਪਨੀਆਂ ’ਚੋਂ ਇਟਰਨਲ, ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਐੱਚ ਡੀ ਐੱਫ ਸੀ ਬੈਂਕ, ਲਾਰਸਨ ਐਂਡ ਟੂਬਰੋ ਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਵਿੱਚ ਰਹੇ। ਐੱਚ ਡੀ ਐੱਫ ਸੀ ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ ਦੇ ਅਸਤੀਫੇ਼ ਮਗਰੋਂ ਬੈਂਕ ਦੇ ਸ਼ੇਅਰ 5.13 ਫੀਸਦ ਤੱਕ ਹੇਠਾਂ ਆ ਗਏ। ਆਲਮੀ ਤੇਲ ਮਾਣਕ ਬਰੈਂਟ ਕਰੂਡ ਦੀ ਕੀਮਤ 6.75 ਫੀਸਦ ਵਧ ਕੇ 114.8 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਈ।

ਐੱਲ ਪੀ ਜੀ ਬੁਕਿੰਗ ਲਗਪਗ ਆਮ ਵਾਂਗ, ਪਰ ਹਾਲਾਤ ਚਿੰਤਾਜਨਕ: ਘਰੇਲੂ ਐੱਲ ਪੀ ਜੀ ਰੀਫਿਲ ਦੀ ਬੁਕਿੰਗ ਹੌਲੀ-ਹੌਲੀ ਜੰਗ ਤੋਂ ਪਹਿਲਾਂ ਵਾਲੇ ਆਮ ਪੱਧਰ ’ਤੇ ਪਹੁੰਚ ਰਹੀ ਹੈ, ਜੋ ਸਥਿਤੀ ਦੇ ਸੁਧਰਨ ਦਾ ਸੰਕੇਤ ਹੈ; ਹਾਲਾਂਕਿ ਪੱਛਮੀ ਏਸ਼ੀਆ ਦੇ ਟਕਰਾਅ ਕਾਰਨ ਸਪਲਾਈ ਵਿੱਚ ਆਏ ਅੜਿੱਕਿਆਂ ਕਰ ਕੇ ਚਿੰਤਾਵਾਂ ਅਜੇ ਵੀ ਬਰਕਰਾਰ ਹਨ ਅਤੇ ਹੋਟਲਾਂ ਵਰਗੇ ਵਪਾਰਕ ਖ਼ਪਤਕਾਰਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਜਾਰੀ ਹਨ। ਵਪਾਰਕ ਐੱਲ ਪੀ ਜੀ ਸਿਲੰਡਰਾਂ ਦੀ ਕਿੱਲਤ ਨੇ ਨਾ ਸਿਰਫ਼ ਨਿੱਜੀ ਪ੍ਰਾਹੁਣਚਾਰੀ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਅਧੀਨ ਆਉਂਦੇ ਹੋਟਲਾਂ ’ਤੇ ਵੀ ਮਾੜਾ ਅਸਰ ਪਾਇਆ ਹੈ। ਬੀਤੀ 28 ਫਰਵਰੀ ਨੂੰ ਇਰਾਨ ’ਤੇ ਹੋਏ ਹਮਲਿਆਂ ਤੋਂ ਪਹਿਲਾਂ, 33 ਕਰੋੜ ਘਰੇਲੂ ਖ਼ਪਤਕਾਰ ਰੋਜ਼ਾਨਾ ਔਸਤ 55 ਲੱਖ ਸਿਲੰਡਰ ਬੁੱਕ ਕਰਦੇ ਸਨ। ਡਰ ਕੇ ਕੀਤੀ ਗਈ ਬੁਕਿੰਗ ਕਾਰਨ 13 ਮਾਰਚ ਨੂੰ ਇਹ ਅੰਕੜਾ ਵਧ ਕੇ 87.7 ਲੱਖ ਤੱਕ ਪਹੁੰਚ ਗਿਆ ਸੀ, ਜੋ ਕਿ ਹੁਣ 18 ਮਾਰਚ ਨੂੰ ਘਟ ਕੇ 56-57 ਲੱਖ ਰਹਿ ਗਿਆ ਹੈ। ਇਰਾਨ ਵੱਲੋਂ ਜਵਾਬੀ ਕਾਰਵਾਈ ਵਜੋਂ ਅਹਿਮ ਸਮੁੰਦਰੀ ਰਸਤੇ ਹਰਮੁਜ਼ ਜਲ ਮਾਰਗ ਨੂੰ ਬੰਦ ਕੀਤੇ ਜਾਣ ਕਰ ਕੇ ਭਾਰਤ ਦੀ ਲਗਪਗ 60 ਫ਼ੀਸਦ ਐੱਲ ਪੀ ਜੀ ਸਪਲਾਈ ਰੁਕ ਗਈ ਹੈ। ਪੈਟਰੋਲੀਅਮ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਲੋਕਾਂ ਵਿੱਚ ਡਰ ਘਟ ਰਿਹਾ ਹੈ। ਸਰਕਾਰ ਉਪਲਬਧ ਗੈਸ ਦੀ ਸਪਲਾਈ ਵਿੱਚ ਘਰੇਲੂ ਰਸੋਈਆਂ ਨੂੰ ਤਰਜੀਹ ਦੇ ਰਹੀ ਹੈ। ਹਾਲਾਂਕਿ, ਸਪਲਾਈ ਦੀ ਸਥਿਤੀ ਅਜੇ ਵੀ ਚਿੰਤਾਜਨਕ ਹੈ।

Related posts

America Covid19 Updates : ਅਮਰੀਕਾ ‘ਚ ਕੋਰੋਨਾ ਦਾ ਕਹਿਰ, ਜਨਵਰੀ ‘ਚ 35 ਲੱਖ ਤੋਂ ਵੱਧ ਬੱਚੇ ਹੋਏ ਕੋਰੋਨਾ ਪਾਜ਼ੀਟਿਵ

On Punjab

Nobel Peace Prize 2021: ਮਾਰੀਆ ਰੇਸਾ ਤੇ ਦਮਿੱਤਰੀ ਮੁਰਾਤੋਵ ਨੂੰ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ

On Punjab

ਬ੍ਰਿਟੇਨ ‘ਤੇ ਟੁੱਟਿਆ ਕੋਰੋਨਾ, ਇਕ ਹੀ ਦਿਨ ‘ਚ ਵਾਇਰਸ ਤੋਂ ਪ੍ਰਭਾਵਿਤ 563 ਲੋਕਾਂ ਦੀ ਮੌਤ

On Punjab