ਬਿਹਾਰ- ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸਥਿਤ ਸ਼ੀਤਲਾ ਮੰਦਰ ਵਿੱਚ ਮੰਗਲਵਾਰ ਨੂੰ ਇੱਕ ਧਾਰਮਿਕ ਸਮਾਗਮ ਦੌਰਾਨ ਘੱਟੋ-ਘੱਟ ਅੱਠ ਔਰਤਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ ਇਹ ਦੁਖਾਂਤ ਉਸ ਸਮੇਂ ਵਾਪਰਿਆ ਜਦੋਂ ਪੂਜਾ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ, ਜਿਸ ਕਾਰਨ ਪੈਦਾ ਹੋਈ ਜ਼ਿਆਦਾ ਭੀੜ ਨੇ ਭਗਦੜ ਮਚਾ ਦਿੱਤੀ ਅਤੇ ਇਸ ਵਿੱਚ ਕਈ ਲੋਕ ਕੁਚਲੇ ਗਏ ਹਨ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਨਾਲੰਦਾ ਦੇ ਸ਼ੀਤਲਾ ਮਾਤਾ ਮੰਦਰ ਵਿੱਚ ਭਗਦੜ ਕਾਰਨ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਸਹਿਯੋਗ ਦਾ ਭਰੋਸਾ ਦਿੱਤਾ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜ਼ਖਮੀਆਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲਿਖਿਆ, “ਨਾਲੰਦਾ ਦੇ ਮਾਤਾ ਸ਼ੀਤਲਾ ਮੰਦਰ ਵਿੱਚ ਵਾਪਰੀ ਭਗਦੜ ਦੀ ਦੁਖਦਾਈ ਘਟਨਾ ਬੇਹੱਦ ਦਿਲ ਕੰਬਾਊ ਹੈ। ਮੈਂ ਇਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਅਤੇ ਜ਼ਖਮੀ ਹੋਏ ਸਾਰੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸਰਕਾਰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਅਤੇ ਰਾਹਤ ਪ੍ਰਦਾਨ ਕਰ ਰਹੀ ਹੈ। ਜ਼ਖਮੀਆਂ ਦੇ ਯੋਗ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਦੇਵੇ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।” ਫਿਲਹਾਲ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸ-ਪਾਸ ਦੇ ਇਲਾਕੇ ‘ਚ ਮੇਲੇ ‘ਚ ਲਗਾਈਆਂ ਗਈਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇੱਕ ਸ਼ਰਧਾਲੂ ਰੀਨਾ ਰਾਏ ਨੇ ਦੱਸਿਆ, “ਇੱਥੇ ਇੱਕ ਨਿਸ਼ਚਿਤ ਕਤਾਰ ਹੈ, ਪਰ ਕੋਈ ਵੀ ਲਾਈਨ ਵਿੱਚ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਸੀ, ਜਿਸ ਕਾਰਨ ਭਗਦੜ ਮੱਚ ਗਈ। ਇਹ ਮੇਲਾ ਹਰ ਮੰਗਲਵਾਰ ਨੂੰ ਲੱਗਦਾ ਹੈ। ਇਹ ਘਟਨਾ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦੀ ਹੈ।”

