ਮੁੰਬਈ- ਮਹਾਰਾਸ਼ਟਰ ਦੇ ਮੰਤਰੀ ਸੰਜੇ ਸ਼ਿਰਸਾਟ (Maharashtra minister Sanjay Shirsat) ਦੀ ਸ਼ੁੱਕਰਵਾਰ ਨੂੰ ਇੱਕ ਕਮਰੇ ਵਿੱਚ ਬੈਠੇ ਹੋਏ ਤੇ ਇੱਕ ਅੰਸ਼ਕ ਤੌਰ ‘ਤੇ ਖੁੱਲ੍ਹੇ ਬੈਗ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਹੈ। ਸ਼ਿਵ ਸੈਨਾ ਮੰਤਰੀ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਇਹ ਬੈਗ ਨਦੀ ਨਾਲ ਭਰਿਆ ਹੋਇਆ ਸੀ, ਸਗੋਂ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਬੈਗ ਵਿਚ ਸਿਰਫ਼ ਕੱਪੜੇ ਸਨ।
ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ (Shiv Sena (UBT) MP Sanjay Raut) ਨੇ X ‘ਤੇ ਇਹ ਵੀਡੀਓ ਪੋਸਟ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union home minister Amit Shah) ਨੂੰ ਇਸ ਮਾਮਲੇ ਵਿਚ ਧਿਆਨ ਦੇਣਾ ਚਾਹੀਦਾ ਹੈ।
ਰਾਊਤ ਨੇ ਐਕਸ ‘ਤੇ ਪਾਈ ਪੋਸਟ ਵਿਚ ਮਰਾਠੀ ਭਾਸ਼ਾ ਵਿਚ ਲਿਖਿਆ ਹੈ: ‘‘ਮੈਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ‘ਤੇ ਤਰਸ ਆਉਂਦਾ ਹੈ! ਉਹ ਹੋਰ ਕਿੰਨੀ ਵਾਰ ਬੈਠ ਕੇ ਆਪਣੀ ਸਾਖ ਨੂੰ ਤਾਰ-ਤਾਰ ਹੁੰਦਿਆਂ ਦੇਖਦੇ ਰਹਿਣਗੇ? ਬੇਵਸੀ ਦਾ ਇੱਕ ਹੋਰ ਨਾਂ ਹੈ: ਫੜਨਵੀਸ!’’
ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਰਸਾਟ ਨੇ ਕਿਹਾ, “ਵੀਡੀਓ ਵਿੱਚ ਦਿਖਾਈ ਦੇ ਰਹੀ ਥਾਂ ਮੇਰਾ ਘਰ ਹੈ। ਮੈਂ ਆਪਣੇ ਬੈੱਡਰੂਮ ਵਿੱਚ ਬੈਠਾ ਹਾਂ। ਮੇਰਾ ਪਾਲਤੂ ਕੁੱਤਾ ਅਤੇ ਇੱਕ ਬੈਗ ਵੀ ਦਿਖਾਈ ਦੇ ਰਿਹਾ ਹੈ। ਇਸਦਾ ਮਤਲਬ ਹੈ ਕਿ ਮੈਂ ਹੁਣੇ ਯਾਤਰਾ ਤੋਂ ਵਾਪਸ ਆਇਆ ਹਾਂ ਅਤੇ ਆਪਣੇ ਕੱਪੜੇ ਉਤਾਰੇ ਹਨ। ਜੇ ਮੈਨੂੰ ਪੈਸਿਆਂ ਦਾ ਇੰਨਾ ਵੱਡਾ ਬੈਗ ਰੱਖਣਾ ਪਵੇ, ਤਾਂ ਕੀ ਅਲਮਾਰੀਆਂ ਦੀ ਘਾਟ ਹੈ?’’
ਸ਼ਿਰਸਾਟ ਨੇ ਕਿਹਾ, “ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਕੱਪੜਿਆਂ ਦੇ ਬੈਗ ਵਿੱਚ ਵੀ (ਕਰੰਸੀ) ਨੋਟ ਦਿਖਾਈ ਦਿੰਦੇ ਹਨ।” ਉਨ੍ਹਾਂ ਕਿਹਾ, “ਜੇ ਪੈਸੇ ਹੁੰਦੇ, ਤਾਂ ਮੈਂ ਇਸ ਨੂੰ ਅਲਮਾਰੀ ਵਿੱਚ ਰੱਖਦਾ।”
ਇਹ ਵੀਡੀਓ ਉਸ ਰਿਪੋਰਟ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਿਰਸਾਟ ਨੂੰ ਆਮਦਨ ਕਰ ਵਿਭਾਗ (Income Tax Department) ਵੱਲੋਂ ਆਪਣੀ ਐਲਾਨੀਆ ਜਾਇਦਾਦ ਵਿੱਚ ਅਹਿਮ ਵਾਧੇ ਕਾਰਨ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ 2019 ਵਿੱਚ 3.3 ਕਰੋੜ ਰੁਪਏ ਤੋਂ ਵੱਧ ਕੇ 2024 ਵਿੱਚ 35 ਕਰੋੜ ਰੁਪਏ ਹੋ ਗਈ ਹੈ।
ਆਈਟੀ ਵਿਭਾਗ ਨੇ 2019 ਅਤੇ 2024 ਦੀਆਂ ਵਿਧਾਨ ਸਭਾ ਚੋਣਾਂ ਵਿਚਕਾਰ ਉਸਦੀ ਦੌਲਤ ਵਿੱਚ ਇਸ ਭਾਰੀ ਵਾਧੇ ਲਈ ਸਪੱਸ਼ਟੀਕਰਨ ਮੰਗਿਆ ਹੈ। ਸ਼ਿਰਸਾਟ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਉਸਨੇ ਨੋਟਿਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ।