ਪਟਿਆਲਾ- ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਜੇ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਉਦਯੋਗਿਕ ਖੇਤਰ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਦਿੱਤੀ ਜਾਵੇਗੀ। ਨਵਾਂ ਵਿਭਾਗ ਕਾਇਮ ਕਰ ਕੇ ਆਈ ਟੀ ਅਤੇ ਏ ਆਈ ਸਹੂਲਤਾਂ ਸਣੇ ਬਿਲਡਰਾਂ ਨੂੰ ਜਲਦੀ ਕਲੀਅੰਰਸ ਦਿੱਤੇ ਜਾਣਗੇ। ਸ੍ਰੀ ਬਾਦਲ ਨੇ ਸਮਾਣਾ ’ਚ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਹੇਠ ਹੋਈ ਇਕੱਤਰਤਾ ’ਚ ਵੀ ਸ਼ਿਰਕਤ ਕੀਤੀ|
ਸ੍ਰੀ ਬਾਦਲ ਅਕਾਲੀ ਦਲ ਉਦਯੋਗ ਵਿੰਗ ਦੇ ਪ੍ਰਧਾਨ ਐੱਨ ਕੇ ਸ਼ਰਮਾ ਸਣੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ 10 ਤੋਂ 12 ਰੁਪਏ ਪ੍ਰਤੀ ਯੂਨਿਟ ਦੀਆਂ ਮਹਿੰਗੀਆਂ ਦਰਾਂ ਕਾਰਨ ਪੰਜਾਬ ਵਿੱਚ ਉਦਯੋਗਾਂ ਵਾਸਤੇ ਕੰਮ ਕਰਨਾ ਔਖਾ ਹੋ ਗਿਆ ਹੈ| ਇਨ੍ਹਾਂ ਦਰਾਂ ਵਿੱਚ ਕਟੌਤੀ ਕਰਨ ਦੇ ਨਾਲ-ਨਾਲ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਪਤੀਆਂ ਨੂੰ ਆਪਣੇ ਸੋਲਰ ਪਲਾਂਟ ਲਾ ਕੇ ਬਿਜਲੀ ਦਰਾਂ ਵਿੱਚ ਕਮੀ ਲਿਆਉਣ ਦੀ ਸਹੂਲਤ ਦੇਵੇਗੀ|
ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਨਿਵੇਸ਼ ਪੰਜਾਬ ਵਿਭਾਗ ਰਾਹੀਂ ਨਵੇਂ ਨਿਵੇਸ਼ ਦੀਆਂ ਤਜਵੀਜ਼ਾਂ ਨੂੰ ਤਰਜੀਹ ਦੇ ਆਧਾਰ ’ਤੇ ਪਾਸ ਕੀਤਾ ਜਾਵੇਗਾ ਅਤੇ ਅਗਲੀ ਅਕਾਲੀ ਦਲ ਦੀ ਸਰਕਾਰ ਵੇਲੇ ਇੱਕ ਉਸਾਰੀ ਪੰਜਾਬ ਵਿਭਾਗ ਦੀ ਸਿਰਜਣਾ ਕੀਤੀ ਜਾਵੇਗੀ| ਇਹ ਵਿਭਾਗ ਸਾਰੇ ਬਿਲਡਰਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਲੈ ਕੇ ਦੇਣ ਵਾਸਤੇ ਜ਼ਿੰਮੇਵਾਰ ਹੋਵੇਗਾ| ਸੀ ਐੱਲ ਯੂ ਚਾਰਜਿਜ਼ ਵਿੱਚ ਕਟੌਤੀ ਕੀਤੀ ਜਾਵੇਗੀ। ਸਾਰੀਆਂ ਨਾਜਾਇਜ਼ ਕਲੋਨੀਆਂ ਵਾਸਤੇ ਇਕਮੁਸ਼ਤ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇਗੀ| ਇਸ ਦੌਰਾਨ ਵਪਾਰੀਆਂ ਤੇ ਉਦਯੋਗਪਤੀਆਂ ਨੇ ਸੁਖਬੀਰ ਨਾਲ ਸੁਆਲ-ਜਵਾਬ ਵੀ ਕੀਤੇ| ਇਸ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਸਣੇ ਹੋਰ ਆਗੂ ਵੀ ਮੌਜੂਦ ਸਨ|

