42.8 F
New York, US
March 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੱਡੇ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਨਿਲਾਮੀ ਲਈ ਤਰੀਕਾਂ ਤੈਅ

ਚੰਡੀਗਡ਼੍ਹ- ਖੇਤੀ ਵਿਕਾਸ ਬੈਂਕਾਂ ਨੇ ਅੱਜ ਪੰਜਾਬ ਦੇ 113 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ 20 ਏਕੜ ਤੋਂ ਵੱਧ ਦੀ ਮਾਲਕੀ ਵਾਲੇ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਦੀਆਂ ਤਰੀਕਾਂ ਨਿਰਧਾਰਿਤ ਕੀਤੀਆਂ ਹਨ। ਐਤਕੀਂ ਵਿਸਾਖੀ ’ਤੇ ਪਿੰਡਾਂ ਦੀਆਂ ਸੱਥਾਂ ਵਿੱਚ ਡਿਫਾਲਟਰਾਂ ਦੇ ਕੰਧ ਪੋਸਟਰ ਲੱਗਣਗੇ। ਇਸ ਦੌਰਾਨ ਕਿਸਾਨ ਯੂਨੀਅਨਾਂ ਨੇ ਧਨਾਢ ਕਿਸਾਨਾਂ ਦੀ ਪਿੱਠ ਪੂਰਨ ਤੋਂ ਕਿਨਾਰਾ ਕਰ ਲਿਆ ਹੈ ਜਿਸ ਮਗਰੋਂ ਪੰਜਾਬ ਸਰਕਾਰ ਲਈ ਰਾਹ ਪੱਧਰਾ ਹੋ ਗਿਆ ਹੈ। ਖੇਤੀ ਵਿਕਾਸ ਬੈਂਕ ਬੰਗਾ ਨੇ ਇੱਕ ਕਿਸਾਨ ਦੀ ਜ਼ਮੀਨ ਨਿਲਾਮੀ ਲਈ 24 ਮਾਰਚ ਦੀ ਤਰੀਕ ਤੈਅ ਕੀਤੀ ਸੀ; ਹਾਲਾਂਕਿ ਸਮਾਜਿਕ ਡਰੋਂ ਇਹ ਵੱਡਾ ਕਿਸਾਨ ਅੱਜ ਬੈਂਕ ’ਚ 2.90 ਲੱਖ ਰੁਪਏ ਭਰ ਗਿਆ ਹੈ ਅਤੇ ਬਾਕੀ ਰਕਮ ਨਿਲਾਮੀ ਦੀ ਤਰੀਕ ਤੋਂ ਪਹਿਲਾਂ ਭਰਨ ਦਾ ਵਾਅਦਾ ਕਰ ਗਿਆ ਹੈ। ਖੇਤੀ ਵਿਕਾਸ ਬੈਂਕ ਸੁਲਤਾਨਪੁਰ ਲੋਧੀ ਨੇ ਤਿੰਨ ਵੱਡੇ ਕਿਸਾਨਾਂ ਦੀ ਜ਼ਮੀਨ ਵਿਸਾਖੀ ਵਾਲੇ ਦਿਨ ਨਿਲਾਮ ਕਰਨ ਦੀ ਤਰੀਕ ਰੱਖੀ ਹੈ।

ਬੈਂਕਾਂ ਦੇ ਅਧਿਕਾਰੀ ਸਬੰਧਤ ਪਿੰਡਾਂ ਦੇ ਗੁਰੂ ਘਰਾਂ ’ਚ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਨਿਲਾਮੀ ਦੀ ਮੁਨਿਆਦੀ ਕਰਾਉਣਗੇ। ਪਿੰਡਾਂ ’ਚ ਕੰਧ ਪੋਸਟਰ ਲਾਉਣ ਤੋਂ ਇਲਾਵਾ ਮੁਨਿਆਦੀ ਲਈ ਢੋਲ ਵੀ ਵਜਾਉਣਗੇ। ਖੇਤੀ ਵਿਕਾਸ ਬੈਂਕ ਜਲਾਲਾਬਾਦ ਵੱਲੋਂ 24 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ 30 ਅਪਰੈਲ ਤੋਂ ਲੈ ਕੇ 26 ਮਈ ਤੱਕ ਕਰਾਈ ਜਾਣੀ ਹੈ; ਅਬੋਹਰ ਬੈਂਕ ਨੇ ਅੱਠ ਕਿਸਾਨਾਂ ਦੀ ਜ਼ਮੀਨ ਨਿਲਾਮੀ 30 ਮਾਰਚ ਨੂੰ ਕਰਾਉਣੀ ਹੈ। ਖੇਤੀ ਵਿਕਾਸ ਬੈਂਕ ਮੁਕਤਸਰ ਦੇ 13 ਡਿਫਾਲਟਰਾਂ ਦੀ ਜ਼ਮੀਨ ਨਿਲਾਮੀ 10 ਅਪਰੈਲ ਤੋਂ 21 ਅਪਰੈਲ ਦਰਮਿਆਨ ਹੋਵੇਗੀ।

ਖੇਤੀ ਵਿਕਾਸ ਬੈਂਕ ਫ਼ਰੀਦਕੋਟ ਨੇ ਅੱਠ ਵੱਡੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ 7 ਅਪਰੈਲ ਤੋਂ 16 ਅਪਰੈਲ ਦੇ ਦਰਮਿਆਨ ਰੱਖੀ ਹੈ। ਖੇਤੀ ਵਿਕਾਸ ਬੈਂਕ ਚੋਹਲਾ ਸਾਹਿਬ ਤਰਫ਼ੋਂ 4 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ 21 ਅਪਰੈਲ ਨੂੰ ਕੀਤੀ ਜਾਵੇਗੀ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਤਰੀਕਾਂ ਤੈਅ ਹੋਣ ਮਗਰੋਂ ਹੁਣ ਡਿਫਾਲਟਰ ਕਿਸਾਨਾਂ ਨੂੰ ਜ਼ਮੀਨ ਨਿਲਾਮੀ ਦੀ ਸੂਚਨਾ ਭੇਜ ਰਹੇ ਹਨ ਅਤੇ ਉਸ ਮਗਰੋਂ ਪਿੰਡਾਂ ਦੇ ਗੁਰੂ ਘਰਾਂ ’ਚ ਮੁਨਿਆਦੀ ਕਰਾਈ ਜਾਵੇਗੀ। ਸੂਬੇ ਦੇ 89 ਖੇਤੀ ਵਿਕਾਸ ਬੈਂਕ ਸਰਗਰਮ ਹੋ ਗਏ ਹਨ।

46,200 ਡਿਫਾਲਟਰ ਕਿਸਾਨਾਂ ਵੱਲ 2650 ਕਰੋੜ ਬਕਾਇਆ- ਖੇਤੀ ਵਿਕਾਸ ਬੈਂਕਾਂ ਦੇ ਕੁੱਲ 46,200 ਡਿਫਾਲਟਰ ਕਿਸਾਨ ਹਨ ਜਿਨ੍ਹਾਂ ਵੱਲ 2650 ਕਰੋੜ ਰੁਪਏ ਖੜ੍ਹੇ ਹਨ। ਪ੍ਰਤੀ ਡਿਫਾਲਟਰ ਕਿਸਾਨ ਇਹ ਰਾਸ਼ੀ 5.72 ਲੱਖ ਰੁਪਏ ਬਣਦੀ ਹੈ। ਖੇਤੀ ਵਿਕਾਸ ਬੈਂਕ ਵੀ ਵਿੱਤੀ ਸੰਕਟ ਕਾਰਨ ਕਸੂਤੇ ਫਸੇ ਹੋਏ ਹਨ ਕਿਉਂਕਿ ਸੁਪਰੀਮ ਕੋਰਟ ਨੇ ਪੁਰਾਣੇ ਮੁਲਾਜ਼ਮਾਂ ਦੇ 500 ਕਰੋੜ ਦੇ ਬਕਾਏ ਤਾਰਨ ਦੇ ਹੁਕਮ ਦਿੱਤੇ ਹਨ। ਵਿੱਤੀ ਸੰਕਟ ਕਾਰਨ ਖੇਤੀ ਵਿਕਾਸ ਬੈਂਕਾਂ ਨੇ ਕਿਸਾਨਾਂ ਨੂੰ ਨਵੇਂ ਕਰਜ਼ੇ ਦੇਣੇ ਬੰਦ ਕੀਤੇ ਹੋਏ ਹਨ। ਪੰਜਾਬ ਸਰਕਾਰ ਨੇ ਵਸੂਲੀ ਲਈ ਵੱਡੇ ਕਿਸਾਨਾਂ ’ਤੇ ਸਖ਼ਤੀ ਸ਼ੁਰੂ ਕੀਤੀ ਹੈ।

Related posts

ਬਾਜਵਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪਾਰਟੀ ਫੰਡ ਘਪਲੇ ਦੀ ਜਾਂਚ ਮੰਗੀ

On Punjab

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਬਹਿਸ ਦੀ ਕੀ ਅਹਿਮੀਅਤ, ਜਾਣੋ ਇਸ ਦਾ ਇਤਿਹਾਸ

On Punjab

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab