ਚੰਡੀਗਡ਼੍ਹ- ਪੰਜਾਬ ਵਿਧਾਨ ਸਭਾ ਨੇ ਅੱਜ ਵਿੱਤੀ ਵਰ੍ਹੇ 2026-27 ਦੇ ਪੰਜਾਬ ਬਜਟ ਨੂੰ ਚਾਰ ਘੰਟੇ ਲੰਮੀ ਬਹਿਸ ਮਗਰੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਦਨ ’ਚ ਬਜਟ ’ਤੇ ਬਹਿਸ ਦੌਰਾਨ ਹੋਈ ਚਰਚਾ ’ਤੇ ਸਿਆਸੀ ਰੰਗ ਚੜ੍ਹਿਆ ਰਿਹਾ ਜਦੋਂ ਕਿ ਸੂਬੇ ਦੀ ਵਿੱਤੀ ਸਿਹਤ ਬਾਰੇ ਬਹਿਸ ਦੀ ਕਮੀ ਰੜਕੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 8 ਮਾਰਚ ਨੂੰ ਸਦਨ ਵਿੱਚ ਪੇਸ਼ ਕੀਤੇ 2,60,437 ਕਰੋੜ ਰੁਪਏ ਦੇ ਬਜਟ ’ਤੇ ਬਹਿਸ ਮੌਕੇ ਅੱਜ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਦੇ ਵਿਧਾਇਕ ਗ਼ੈਰ-ਹਾਜ਼ਰ ਰਹੇ ਜਦੋਂ ਕਿ ਸਦਨ ਵਿੱਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਬਸਪਾ ਦੇ ਡਾ. ਨਛੱਤਰ ਪਾਲ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ’ਤੇ ਹੋਈ ਬਹਿਸ ਨੂੰ ਸਮੇਟਦਿਆਂ ਵਿਰੋਧੀ ਧਿਰ ਦੀ ਗ਼ੈਰ-ਮੌਜੂਦਗੀ ’ਤੇ ਸਵਾਲ ਉਠਾਏ। ਹੁਕਮਰਾਨ ਧਿਰ ਨੇ ਬਹਿਸ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਕੇਂਦਰੀ ਬਿੰਦੂ ਵਿੱਚ ਰੱਖਿਆ ਅਤੇ ਸਰਕਾਰੀ ਪ੍ਰਾਪਤੀਆਂ ’ਤੇ ਆਪਣੀ ਪਿੱਠ ਥਾਪੜੀ। ਬਹਿਸ ’ਚ ਹਾਕਮ ਧਿਰ ਦੇ ਵਿਧਾਇਕਾਂ ਨੇ ਵਾਰ-ਵਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਅੱਜ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ’ਚ ਪੰਜ ਗਾਰੰਟੀਆਂ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਹੁਣ ਉਹ ਨਵੀਂ ਸਿਆਸੀ ਲੜਾਈ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਉਹ ਗਾਰੰਟੀਆਂ ਨੂੰ ਅਮਲ ’ਚ ਲਿਆਉਣ ਮਗਰੋਂ ਹੁਣ ਅਗਲੇ ਚੋਣ ਮੈਨੀਫੈਸਟੋ ਦੀ ਤਿਆਰੀ ’ਚ ਲੱਗ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵੱਲੋਂ ਐਤਕੀਂ ਹਰਿਆਣਾ ਬਜਟ ’ਚ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਕੋਈ ਫ਼ੰਡ ਨਾ ਰੱਖਣਾ ਗੁਆਂਢੀ ਸੂਬੇ ਦੀ ਹਾਰ ਨੂੰ ਦਰਸਾਉਂਦਾ ਹੈ। ਮਾਨ ਨੇ ਕਾਂਗਰਸ ਨੂੰ ‘ਬਿਨਾਂ ਲਾੜੇ ਤੋਂ ਬਰਾਤ’ ਆਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅਗਲੀ ਚੋਣ ’ਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਉਤਰਨਾ ਚਾਹੁੰਦੀ ਹੈ ਕਿਉਂਕਿ ਕਾਂਗਰਸ ’ਚ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਡਾਇਨਾਸੌਰ ’ਤੇ ਬੈਠੇ ‘ਵੀਰ ਸੁਖਬੀਰ’ ਦੇ ਵੀਡੀਓ ਪਾ ਰਹੇ ਹਨ ਪ੍ਰੰਤੂ ਇਹ ਡਾਇਨਾਸੌਰ ਉਨ੍ਹਾਂ ਦੀ ਪਾਰਟੀ ਨੂੰ ਹੀ ਲੈ ਕੇ ਅਲੋਪ ਹੋ ਜਾਣਗੇ। ਉਨ੍ਹਾਂ ਕੇਂਦਰੀ ਜਲ ਸ਼ਕਤੀ ਮੰਤਰੀ ਵੱਲੋਂ ਸੰਸਦ ’ਚ ਪੇਸ਼ ਕੀਤੇ ਅੰਕੜੇ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ’ਚ 57 ਫ਼ੀਸਦੀ ਖੂਹਾਂ ਦਾ ਪਾਣੀ ਚਾਰ ਮੀਟਰ ਤੱਕ ਉੱਪਰ ਆ ਗਿਆ ਹੈ। ਬਜਟ ’ਤੇ ਬਹਿਸ ’ਚ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਲਾਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਡਾ. ਰਵਜੋਤ ਸਿੰਘ, ਡਾ. ਬਲਵੀਰ ਸਿੰਘ ਆਦਿ ਨੇ ਵੀ ਹਿੱਸਾ ਲਿਆ।
ਸੁਖਪਾਲ ਖਹਿਰਾ ਮਾਮਲੇ ’ਤੇ ਸਦਨ ’ਚ ਹੰਗਾਮਾ: ਪੰਜਾਬ ਵਿਧਾਨ ਸਭਾ ’ਚ ਸਿਫ਼ਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਔਰਤਾਂ ਬਾਰੇ ਪੋਸਟ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ’ਚ ਸਪੀਕਰ ਦਫ਼ਤਰ ’ਚ ਹੋਈ ਮੀਟਿੰਗ ਦੇ ਹਵਾਲੇ ਨਾਲ ਕਿਹਾ ਕਿ ਖਹਿਰਾ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਸਪੀਕਰ ਨੇ ਕਿਹਾ ਕਿ ਜਿੰਨਾ ਸਮਾਂ ਖਹਿਰਾ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਮਗਰੋਂ ਖਹਿਰਾ ਨੇ ਸਦਨ ’ਚ ਬੋਲਣਾ ਸ਼ੁਰੂ ਕਰ ਦਿੱਤਾ। ਖਹਿਰਾ ਨੇ ਜਦੋਂ ਮੁਆਫ਼ੀ ਨਾ ਮੰਗਣ ਦੀ ਗੱਲ ਕਹੀ ਤਾਂ ‘ਆਪ’ ਦੀਆਂ ਮਹਿਲਾ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਖਹਿਰਾ ਖ਼ਿਲਾਫ਼ ਨਾਅਰੇ ਮਾਰਦੀਆਂ ਹੋਈਆਂ ਸਪੀਕਰ ਦੀ ਕੁਰਸੀ ਨੇੜੇ ਪੁੱਜ ਗਈਆਂ। ਕਾਂਗਰਸੀ ਵਿਧਾਇਕ ਵੀ ਬਰਾਬਰ ਸਾਹਮਣੇ ਆ ਗਏ ਅਤੇ ਕੁਝ ਚਿਰ ਮਗਰੋਂ ਵਿਰੋਧੀ ਧਿਰ ਕਾਂਗਰਸ ਸਦਨ ’ਚੋਂ ਵਾਕਆਊਟ ਕਰ ਗਈ।
ਇਸ ਤੋਂ ਪਹਿਲਾਂ ਹੁਕਮਰਾਨ ਧਿਰ ਨੇ ਨਵੀਂ ਪੋਸਟ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ‘ਬੰਧੂਆ ਮਜ਼ਦੂਰ’ ਕਹਿਣ ਤੋਂ ਖਹਿਰਾ ਨੂੰ ਨਿਸ਼ਾਨੇ ’ਤੇ ਲਿਆ। ਤਣਾਅ ਦਾ ਮੁੱਢ ਉਦੋਂ ਬੱਝਿਆ ਜਦੋਂ ਵਿੱਤ ਮੰਤਰੀ ਚੀਮਾ ਨੂੰ ਵਿਰੋਧੀ ਧਿਰ ਤਰਫ਼ੋਂ ਟਿੱਪਣੀ ਆ ਗਈ। ਚੀਮਾ ਤਲਖ਼ੀ ’ਚ ਆ ਗਏ ਅਤੇ ਕੁੱਝ ਸਮੇਂ ਲਈ ਮਾਹੌਲ ਭਖ਼ ਗਿਆ। ਚੀਮਾ ਨੇ ਖਹਿਰਾ ਦੀ ਗਰੈਜੂਏਸ਼ਨ ਦੀ ਡਿਗਰੀ ’ਤੇ ਵੀ ਸੁਆਲ ਚੁੱਕੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤਣਾਅ ਵਧਦਾ ਦੇਖਦਿਆਂ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੇ ਮੁੜ ਜੁੜਨ ’ਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਖਹਿਰਾ ਨੂੰ ਬਰਖ਼ਾਸਤ ਕੀਤੇ ਬਿਨਾਂ ਸੈਸ਼ਨ ਨਹੀਂ ਚੱਲੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖਹਿਰਾ ਵੱਲੋਂ ਵਿੱਤ ਮੰਤਰੀ ਚੀਮਾ ਨੂੰ ‘ਬੰਧੂਆ ਮਜ਼ਦੂਰ’ ਕਹਿਣਾ ਅਪਰਾਧ ਹੈ। ਉਨ੍ਹਾਂ ਨੇ ਖਹਿਰਾ ਖ਼ਿਲਾਫ਼ ਐਕਸ਼ਨ ਦੀ ਮੰਗ ਕੀਤੀ।
ਵਿਰੋਧੀ ਧਿਰ ਨੂੰ ਨਿੰਦਾ ਮਤਾ ਲਿਆਉਣ ਦੀ ਇਜਾਜ਼ਤ ਨਹੀਂ ਮਿਲੀ- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਕਾਂਗਰਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਿੰਦਾ ਮਤਾ ਪੇਸ਼ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਖ਼ਿਲਾਫ਼ ਨਿੰਦਾ ਮਤਾ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਸਬੰਧੀ ਸਪੀਕਰ ਤੋਂ ਇਜਾਜ਼ਤ ਮੰਗੀ ਜੋ ਉਨ੍ਹਾਂ ਨੇ ਨਹੀਂ ਦਿੱਤੀ।

