ਕਰਤਾਰਪੁਰ- ਕਰਤਾਰਪੁਰ ਦੇ ਪਿੰਡ ਲਾਂਬੜਾ ਤੋਂ ਚਿੱਟੀ ਤੱਕ ਸੜਕ ਉੱਪਰ ਪ੍ਰੀਮਿਕਸ ਪਾਉਣ ਲਈ ਰੱਖੇ ਨੀਂਹ ਪੱਥਰ ਦੇ ਸਬੰਧ ਵਿੱਚ ਨਵੇਕਲੀ ਗੱਲ ਸਾਹਮਣੇ ਆਈ ਹੈ। ਸੜਕ ਤਾਂ ਇੱਕ ਹੈ ਪਰ ਮੁੱਖ ਮੰਤਰੀ ਦੀ ਰਹਿਨੁਮਾਈ ਅਤੇ ਵਿਧਾਇਕ ਦੇ ਨਾਂਅ ਹੇਠ 2 ਨੀਂਹ ਪੱਥਰ ਰੱਖੇ ਗਏ ਹਨ, ਜਿਸ ਬਾਰੇ ਹੁਣ ਰਾਜਨੀਤਿਕ ਹਲਕਿਆਂ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ।
ਲਾਂਬੜਾ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਸੜਕ ’ਤੇ ਪ੍ਰੀਮਿਕਸ ਨਾ ਪਾਉਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰ ਖੱਜਲ ਖੁਆਰ ਹੋ ਰਹੇ ਹਨ। ਇੱਥੇ ਬਣੀ ਸੜਕ ਦੀਆਂ ਸਾਈਡਾਂ ’ਤੇ ਘਾਹ, ਬੂਟੀ ਉੱਗਣ ਕਾਰਨ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਚਰਚਾ ਵਿੱਚ ਆਈ ਇਸ ਸੜਕ ’ਤੇ ਪ੍ਰੀਮਿਕਸ ਪਾਉਣ ਲਈ ਪਹਿਲਾਂ ਨੀਂਹ ਪੱਥਰ ਰਾਮਪੁਰ ਦੇ ਅੱਡੇ ’ਤੇ ਰੱਖਿਆ ਗਿਆ ਸੀ। ਪਰ ਕੁੱਝ ਦਿਨਾਂ ਬਾਅਦ ਇਸੇ ਸੜਕ ਉੱਪਰ ਪ੍ਰੀਮਿਕਸ ਪਾਉਣ ਲਈ ਦੂਜੀ ਵਾਰ ਲਲੀਆਂ ਖੁਰਦ ਦੇ ਗੇਟ ਅੱਗੇ ਨੀਂਹ ਪੱਥਰ ਰੱਖ ਦਿੱਤਾ ਗਿਆ। ਵਿਭਾਗ ਨੇ ਇੱਕੋ ਸੜਕ ਦੇ ਨੀਂਹ ਪੱਥਰ ਤਾਂ ਦੋ ਵਾਰ ਰੱਖ ਦਿੱਤੇ ਪਰ ਨੀਂਹ ਪੱਥਰ ਤੋਂ ਥੋੜੀ ਦੂਰੀ ’ਤੇ ਹੀ ਸੜਕ ਦੇ ਕੁੱਝ ਹਿੱਸੇ ’ਤੇ ਪ੍ਰੀਮਿਕਸ ਨਹੀਂ ਪਾਇਆ।
ਇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਾਰੇ ਲਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸੜਕ ਤੇ ਪ੍ਰੀਮਿਕਸ ਪਾਉਣ ਦਾ ਦੋ ਵਾਰੀ ਨੀਹ ਪੱਥਰ ਰੱਖ ਕੇ ਸਿਆਸੀ ਵਾਹ-ਵਾਹ ਖੱਟੀ ਜਾ ਰਹੀ ਹੈ।
ਉਧਰ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਵਿੱਚ ਬਣੀਆਂ ਸੜਕਾਂ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਪ੍ਰੀਮਿਕਸ ਪਾਉਣ ਲਈ ਇੱਕੋ ਸੜਕ ’ਤੇ ਦੋ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁੰਮਰਾਹ ਰਹੀ ਹੈ।

