PreetNama
ਖਬਰਾਂ/News

ਵਿਕਸਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਇਕਜੁੱਟ ਹੋਣ ਲੋਕ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਪਰਾਕ੍ਰਮ ਦਿਵਸ ਮੌਕੇ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਪਰਾਕ੍ਰਮ ਦਿਵਸ ਸਬੰਧੀ ਕੱਟਕ ਵਿੱਚ ਹੋਏ ਇਕ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰਦਿਆਂ ‘ਵਿਕਸਤ ਭਾਰਤ’ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਦੇਸ਼ ਨੂੰ ਕਮਜ਼ੋਰ ਕਰਨ ਤੇ ਏਕੇ ਨੂੰ ਤੋੜਨ ਵਾਲੀਆਂ ਤਾਕਤਾਂ ਤੋਂ ਬਚਣ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਮੋਦੀ ਨੇ ਉੱਥੇ ਮੌਜੂਦ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਸਰਕਾਰ ਨੇ ਸਾਲ 2021 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ 23 ਜਨਵਰੀ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਨੇਤਾਜੀ ਦੇ ਚਿੱਤਰ ’ਤੇ ਫੁੱਲ ਮਾਲਾ ਭੇਟ ਕੀਤੀ। ਪੁਰਾਣੇ ਸੰਸਦ ਭਵਨ ਨੂੰ ਹੁਣ ਸੰਵਿਧਾਨ ਸਦਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਕਈ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਾਜ਼ਰ ਸਨ।

ਮੋਦੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਅੱਜ ਪਰਾਕ੍ਰਮ ਦਿਵਸ ਮੌਕੇ ਮੈਂ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਹ ਬਹਾਦਰੀ ਤੇ ਧੀਰਜ ਦੇ ਪ੍ਰਤੀਕ ਹਨ। ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਨੂੰ ਪ੍ਰੇਰਿਤ ਕਰਦਾ ਹੈ ਅਤੇ ਅਸੀਂ ਉਸ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ, ਜਿਸ ਦਾ ਸੁਫ਼ਨਾ ਉਨ੍ਹਾਂ ਨੇ ਦੇਖਿਆ ਸੀ।’’

ਇਸੇ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ‘ਐਕਸ’ ਉੱਤੇ ਕਿਹਾ ਕਿ ਭਾਰਤ ਦੀ ਆਜ਼ਾਦੀ ਪ੍ਰਤੀ ਬੋਸ ਦਾ ਮਿਸਾਲੀ ਸਮਰਪਣ ਅਤੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਉਨ੍ਹਾਂ ਦੇ ਅਸਧਾਰਨ ਨਜ਼ਰੀਏ ਤੇ ਬਹਾਦਰੀ ਦੇ ਪ੍ਰਮਾਣ ਹਨ।

Related posts

ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਈ।

Pritpal Kaur

25 ਮਾਰਚ ਨੂੰ ਖੱਬੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਲੁਧਿਆਣਾ ਰੈਲੀ ਲਾਮਿਸਾਲ ਹੋਵੇਗੀ:-ਅਰਸ਼ੀ,ਗੋਲਡਨ

Pritpal Kaur

World Cup 2023 : ਭਾਰਤ-ਆਸਟ੍ਰੇਲੀਆ ਮੌਚ ਦੌਰਾਨ ਪੁੱਤਰ ਨੇ ਬੰਦ ਕਰ ਦਿੱਤਾ ਟੀਵੀ ਤਾਂ ਪਿਤਾ ਨੇ ਬੇਰਹਿਮੀ ਨਾਲ ਕੀਤੀ ਹੱਤਿਆ

On Punjab