ਅਨੰਦਪੁਰ ਸਾਹਿਬ- ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ (Land Pooling Policy) ਬਾਰੇ ਆਪਣੇ ਇਤਰਾਜ਼ ਪ੍ਰਗਟ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਆਪਣੀ ਪੋਸਟ ਨੂੰ ਡਿਲੀਟ ਕਰ ਗਏ ਹਨ।
ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਲੰਘੇ ਕੱਲ੍ਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖਾਤਿਬ ਹੋ ਕੇ ਕਿਹਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਉਤੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈ ਕੇ ਹੀ ਅੱਗੇ ਵਧਿਆ ਜਾਵੇ। ਉਨ੍ਹਾਂ ਨੇ ਅਸਿੱਧੇ ਤਰੀਕੇ ਨਾਲ ਲੈਂਡ ਪੂਲਿੰਗ ਨੀਤੀ ’ਤੇ ਉਂਗਲ ਉਠਾਈ ਸੀ। ਇਸ ’ਤੇ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਕੰਗ ਦੀ ਇਸ ਟਵੀਟ ਨੂੰ ਰੀਟਵੀਟ ਕੀਤਾ, ਜਿਨ੍ਹਾਂ ਵਿੱਚ ਕਾਂਗਰਸ ਦੇ ਐਮਐੱਲਏ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ। ਹੁਣ ਜਦੋਂ ਕੰਗ ਨੇ ਆਪਣੀ ਪੋਸਟ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਮਿਟਾ ਦਿੱਤਾ ਹੈ, ਤਾਂ ਇਸ ਦੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ।
ਅਸਲ ਵਿਚ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰ ਕੇ ਕੰਗ ਨੂੰ ਆਪਣੀ ਪੋਸਟ ਡਿਲੀਟ ਕਰਨੀ ਪਈ, ਇਸ ਦਾ ਹਾਲੇ ਭੇਤ ਬਣਿਆ ਹੋਇਆ ਹੈ।
ਖਹਿਰਾ ਨੇ ਟਵੀਟ ਡਿਲੀਟ ਕੀਤੇ ਜਾਣ ਦੀ ਕੀਤੀ ਨਿਖੇਧੀ- ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਕੰਗ ਵੱਲੋ ਟਵੀਟ ਨੂੰ ਡਿਲੀਟ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ, “ਸ਼ਰਮਨਾਕ ਹੈ ਕਿ ਮਲਵਿੰਦਰ ਸਿੰਘ ਕੰਗ ਨੇ ਆਪਣੇ ਦਿੱਲੀ ਦੇ ਆਕਾਵਾਂ ਜਿਵੇਂ ਕਿ ਅਰਵਿੰਦ ਕੇਜਰੀਵਾਲ ਆਦਿ ਦੇ ਦਬਾਅ ਹੇਠ ਲੈਂਡ ਪੂਲਿੰਗ ਬਾਰੇ ਟਵੀਟ ਡਿਲੀਟ ਕਰ ਦਿੱਤਾ! ਇਸੇ ਲਈ ਮੈਂ ਆਪ ਦੇ ਆਗੂਆਂ ਨੂੰ ਨਕਲੀ ਇਨਕਲਾਬੀ ਅਤੇ ਬੰਧੂਆ ਮਜ਼ਦੂਰ ਕਹਿੰਦਾ ਹਾਂ!”
ਭਾਜਪਾ ਆਗੂ ਨੇ ਕੰਗ ’ਤੇ ਕੀਤਾ ਤਨਜ਼- ਇਸ ਦੌਰਾਨ ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਬਆਵਾਲ ਨੇ ਅੱਜ ਟਵੀਟ ਕਰ ਕੇ ਮਾਲਵਿੰਦਰ ਸਿੰਘ ਕੰਗ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਆਪਣੀ X ਪੋਸਟ ਵਿਚ ਕਿਹਾ ਹੈ, “ਕੰਗ ਸਾਹਬ ਮੈਂ ਤਾਂ ਸੋਚ ਰਿਹਾ ਸੀ ਕਿ ਤੁਹਾਡੀ ਤਾਰੀਫ਼ ਕਰਾਂ, ਪਰ ਤੁਸੀਂ ਤਾਂ ਪਹਿਲਾਂ ਹੀ ਭੱਜ ਗਏ! ਰਾਤ ਲੋਕ ਕਹਿ ਰਹੇ ਸੀ ਕੀ ਕੰਗ ਮਰਦ ਬੰਦਾ, ਜੱਟ ਜਾਗ ਗਿਆ ਪਰ ਸਵੇਰੇ _______ ? ਕੰਗ ਜੀ ਬਸ ਇਹ ਦੱਸ ਦੇਣਾ ਇਹ ਪੋਸਟ ਡਿਲੀਟ ਕਰਨ ਦਾ ਫ਼ੋਨ ਦਿੱਲੀ ਤੋਂ ਆਇਆ ਕਿ ਚੰਡੀਗੜ੍ਹ ਤੋਂ!”