ਮਹਾਰਾਸ਼ਟਰ- ਮਹਾਰਾਸ਼ਟਰ ਨਗਰ ਨਿਗਮ ਚੋਣਾਂ ਦੇ ਨਤੀਜੇ ਬੀਤੇ ਦਿਨੀਂ ਆ ਗਏ ਸਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੇ ਕਈ ਥਾਈਂ ਹੂੰਝਾ ਫੇਰ ਦਿੱਤਾ ਹੈ ਪਰ ਭਾਜਪਾ ਦੀ ਮੁੱਖ ਨਜ਼ਰ ਮੁੰਬਈ ਨਗਰ ਨਿਗਮ ’ਤੇ ਹੈ ਤੇ ਭਾਜਪਾ ਨੂੰ ਮੁੰਬਈ ਵਿਚ ਮੇਅਰ ਬਣਾਉਣ ਲਈ 25 ਕੌਂਸਲਰ ਚਾਹੀਦੇ ਹਨ ਜਿਸ ਕਰ ਕੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਸਾਰੇ 29 ਕੌਂਸਲਰਾਂ ਨੂੰ ਅੱਜ ਤਾਜ ਹੋਟਲ ਵਿਚ ਭੇਜ ਦਿੱਤਾ ਗਿਆ ਹੈ। ਅੱਜ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਮੀਟਿੰਗ ਸੀ ਜਿਸ ਵਿਚ ਦੋਵੇਂ ਉਪ ਮੁੱਖ ਮੰਤਰੀ ਨਹੀਂ ਪੁੱਜੇ। ਇਹ ਚਰਚਾ ਚਲ ਰਹੀ ਹੈ ਕਿ ਦੋਵੇਂ ਉਪ ਮੁੱਖ ਮੰਤਰੀਆਂ ਨੂੰ ਆਸ ਅਨੁਸਾਰ ਨਤੀਜੇ ਨਹੀਂ ਮਿਲੇ। ਦੂਜੇ ਪਾਸੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਮੇਅਰ ਬਣਾਉਣ ਦੇ ਮਾਮਲੇ ਵਿਚ ਕੋਈ ਵਿਵਾਦ ਨਹੀਂ ਹੈ ਤੇ ਉਨ੍ਹਾਂ ਦੀ ਪਾਰਟੀ ਤੇ ਏਕਨਾਥ ਸ਼ਿੰਦੇ ਮਿਲ ਕੇ ਫੈਸਲਾ ਕਰਨਗੇ ਕਿ ਕਿਸ ਨੂੰ ਮੇਅਰ ਬਣਾਉਣਾ ਹੈ। ਮਹਾਰਾਸ਼ਟਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਵੱਡਾ ਆਧਾਰ ਬਣਾ ਲਿਆ ਹੈ ਤੇ ਭਾਜਪਾ 29 ਨਗਰ ਨਿਗਮਾਂ ਵਿਚੋਂ 17 ’ਤੇ ਇਕੱਲੇ ਹੀ ਕਾਬਜ਼ ਹੋ ਗਈ ਹੈ ਜਦਕਿ ਉਸ ਦੀ ਅਗਵਾਈ ਹੇਠਲੇ ਗਠਜੋੜ ਨੇ ਅੱਠ ਨਿਗਮਾਂ ਵਿਚ ਜਿੱਤ ਹਾਸਲ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਿੰਦੇ ਗਰੁੱਪ ਨੇ ਆਸ ਅਨੁਸਾਰ ਵੋਟਾਂ ਨਾ ਮਿਲਣ ਦੀ ਸਮੀਖਿਆ ਕਰਨ ਦੀ ਵੀ ਆਪਣੇ ਆਗੂਆਂ ਦੀ ਡਿਊਟੀ ਲਾ ਦਿੱਤੀ ਹੈ।
previous post

