67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬਵਿੱਚ 50 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50 ਬੈੱਡਾਂ ਵਾਲੇ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕਰਦਿਆਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰਕੇ ਹਸਪਤਾਲ ਵਿੱਚੋਂ ਦਵਾਈਆਂ ਮਿਲਣ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਉਨ੍ਹਾਂ ਸਟੈਮ ਲੈਬ ਸਕੂਲ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੇਡ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ। ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਮੁੱਖ ਮੰਤਰੀ ਦੇ ਨੇੜੇ ਨਹੀਂ ਢੁਕਣ ਦਿੱਤਾ ਗਿਆ। ਹਸਪਤਾਲ ਦੇ ਉਦਘਾਟਨ ਉਪਰੰਤ ਪਿੰਡ ਸਲਾਹਪਰ ਦੇ ਰਿਜ਼ੋਰਟ ਵਿੱਚ ਵਰਕਰਾਂ ਤੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ, ਸਸਤੀ ਤੇ ਉੱਚ ਮਿਆਰੀ ਸੇਵਾ ਦੇਣ ਲਈ ਵਚਨਬੱਧ ਹੈ। ਸ੍ਰੀ ਮਾਨ ਨੇ ਕਿਹਾ ਕਿ ਇਹ ਹਸਪਤਾਲ ਸਿਰਫ ਇਲਾਜ ਦੀ ਥਾਂ ਨਹੀਂ ਸਗੋਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਐਮਰਜੈਂਸੀ, ਮਾਤਾ-ਬੱਚਾ ਕੇਅਰ, ਲੈਬ, ਐਕਸਰੇਅ, ਓਪੀਡੀ, ਅਤੇ ਛੋਟੇ ਅਪਰੇਸ਼ਨਾਂ ਦੀਆਂ ਸਹੂਲਤਾਂ ਹੋਣਗੀਆਂ।

ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਤੇ ਤਨਜ਼ ਕੱਸਦਿਆਂ ਕਿਹਾ ਕਿ ਅਕਾਲੀ ਦਲ ਦੇ ਪਹਿਲਾਂ ਹੀ ਦੋ ਤਿੰਨ ਟੋਟੇ ਹੋ ਚੁੱਕੇ ਹਨ ਅਤੇ ਇੱਕ ਦੋ ਆਉਣ ਵਾਲੇ ਦਿਨਾਂ ਵਿਚ ਹੋ ਜਾਣਗੇ, ਜਦੋਂ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਅੱਠ ਤੋਂ 10 ਆਗੂ ਦੌੜ ਵਿੱਚ ਹਨ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਹਮੇਸ਼ਾ ਇਹ ਆਖਦੇ ਹਨ ਕਿ ਉਹ ਪੰਜਾਬ ਵਿੱਚ ਜਿਸ ਪਾਸੇ ਵੀ ਜਾਂਦੇ ਹਨ ਸਾਰੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ ਪ੍ਰੰਤੂ ਉਹ ਬਰਗਾੜੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਭੁੱਲ ਗਏ ਹਨ ਕਿ ਇਹ ਕੰਮ ਵੀ ਉਨ੍ਹਾਂ ਨੇ ਹੀ ਕਰਵਾਏ ਹਨ। ਮੁੱਖ ਮੰਤਰੀ ਨੇ ਕਾਂਗਰਸ ਤੇ ਭਾਜਪਾ ਆਗੂਆਂ ਦੀ ਬਿਕਰਮ ਸਿੰਘ ਮਜੀਠੀਆ ਦੇ ਗ੍ਰਿਫਤਾਰੀ ਸਮੇਂ ਦਰਸਾਈ ਏਕਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਇਹ ਸਾਰੇ ਆਗੂ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਰਹੇ ਹਨ ਅਤੇ ਜਦੋਂ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਾਬੂ ਕਰ ਲਿਆ ਤਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਵਨੀਤ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਨੇ ਇਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਇਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦਾ ਰਾਜਭਾਗ ਵੇਖ ਲਿਆ ਹੈ ਅਤੇ ਇਨ੍ਹਾਂ ਨਕਾਰੇ ਹੋਏ ਆਗੂਆਂ ਨੂੰ ਸੂਬੇ ਦੇ ਲੋਕ ਮੁੜ ਮੂੰਹ ਨਹੀਂ ਲਾਉਣਗੇ।

ਨਵੀਨੀਕਰਨ ਦਾ ਆਨਲਾਈਨ ਉਦਘਾਟਨ ਕਰਨ ’ਤੇ ਸ਼ਹਿਰ ਵਾਸੀ ਨਿਰਾਸ਼-  ਮੋਰਿੰਡਾ (ਸੰਜੀਵ ਤੇਜਪਾਲ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮੋਰਿੰਡਾ ਦੇ ਸਥਾਨਕ ਹਸਪਤਾਲ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਲਈ ਨਾ ਆਉਣ ਕਾਰਨ ਸ਼ਹਿਰ ਵਾਸੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਸਮੇਂ ਦੀ ਘਾਟ ਕਾਰਨ ਇਹ ਉਦਘਾਟਨ ਆਨਲਾਈਨ ਕੀਤਾ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਲਕਾ ਵਿਧਾਇਕ, ਹਸਪਤਾਲ ਪ੍ਰਬੰਧਨ ਤੇ ਵੱਖ-ਵੱਖ ਵਿਭਾਗਾਂ ਵੱਲੋਂ ਮੁੱਖ ਮੰਤਰੀ ਦੇ ਆਉਣ ਸਬੰਧੀ ਵੱਡੇ ਪੱਧਰ ’ਤੇ ਤਿਆਰੀਆਂ ਤੇ ਪ੍ਰਚਾਰ ਕੀਤਾ ਗਿਆ ਸੀ। ਨਗਰ ਕੌਂਸਲ ਵੱਲੋਂ ਵੀ ਸ਼ਹਿਰ ਦੇ ਕਈ ਹਿੱਸਿਆਂ ਦੀ ਸਫਾਈ ਕਰਵਾਉਣ ਦੀ ਬਜਾਏ ਹਸਪਤਾਲ, ਚੁੰਨੀ ਬਾਈਪਾਸ ਅਤੇ ਬੱਸ ਅੱਡੇ ਤੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਹਸਪਤਾਲ ਦੇ ਮੁੱਖ ਗੇਟ ਸਾਹਮਣੇ ਖੱਡਿਆਂ ਵਿੱਚੋਂ ਪਾਣੀ ਵੀ ਵਾਟਰ ਟੈਂਕਰਾਂ ਰਾਹੀਂ ਕੱਢਿਆ ਗਿਆ ਸੀ। ਹਸਪਤਾਲ ਪ੍ਰਬੰਧਨ ਵੱਲੋਂ ਨੀਂਹ ਪੱਥਰ ਵੀ ਲਗਾ ਦਿੱਤਾ ਗਿਆ ਸੀ ਜਿਸ ਨੂੰ ਪਰਦੇ ਨਾਲ ਢੱਕਿਆ ਗਿਆ ਸੀ ਤਾਂ ਕਿ ਮੁੱਖ ਮੰਤਰੀ ਵੱਲੋਂ ਇਸ ਦਾ ਉਦਘਾਟਨ ਕੀਤਾ ਜਾ ਸਕੇ। ਹਸਪਤਾਲ ਦੀ ਟੁੱਟੀ ਕੰਧ ਦਾ ਪਲੱਸਤਰ ਕਰਕੇ ਰੰਗ-ਰੋਗਨ ਵੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਉਦਘਾਟਨ ਲਈ ਮੋਰਿੰਡਾ ਨਾ ਪਹੁੰਚੇ ਅਤੇ ਕੇਵਲ ਆਨਲਾਈਨ ਹੀ ਕੰਮ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਹਸਪਤਾਲ ਦੇ ਐਸਐਮਓ ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਉਦਘਾਟਨ ਹੋਣ ਤੋਂ ਬਾਅਦ ਭਲਕ ਤੋਂ ਨਵੀਨੀਕਰਨ ਦਾ ਕੰਮ ਬਕਾਇਦਾ ਸ਼ੁਰੂ ਕਰ ਦਿੱਤਾ ਜਾਵੇਗਾ।

Related posts

Corona in Delhi: ਦਿੱਲੀ ‘ਚ ਕੋਰੋਨਾ ਨੇ ਬਿਗਾੜੇ ਹਾਲਾਤ, ਹੁਣ ਅਮਿਤ ਸ਼ਾਹ ਨੇ ਦਿੱਤੇ ਅਹਿਮ ਆਦੇਸ਼, ਇੱਥੇ ਪੜ੍ਹੋ

On Punjab

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਮੁਕਾਬਲਾ, ਸੁਰੱਖਿਆ ਬਲਾਂ ਵੱਲੋਂ ਦੋ ਅੱਤਵਾਦੀ ਢੇਰ, ਇਕ ਭਾਰਤੀ ਜਵਾਨ ਜ਼ਖ਼ਮੀ

On Punjab

Delhi violence: ਨਾਲੇ ’ਚੋਂ ਮਿਲੀਆਂ 2 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ 35 ਹੋਈ

On Punjab