29.19 F
New York, US
December 28, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਮੰਤਰੀ ਦੇ ਬੋਰਡਾਂ ਦੇ ਹੇਠਾਂ ਲੱਗੀ ਵਿਰੋਧ ਜਤਾਉਂਦੀ ਫਲੈਕਸ !

ਨਾਭਾ- ਪੰਜਾਬ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਬੋਰਡ ਲਗਾਉਣ ਦਾ ਮਾਮਲਾ ਗਰਮਾ ਗਿਆ ਹੈ। ਨਾਭਾ-ਮਲੇਰਕੋਟਲਾ ਸੜਕ ਤੋਂ ਟੋਡਰਵਾਲ ਨੂੰ ਜਾਂਦੀ ਸੜਕ ‘ਤੇ ਲੱਗੇ ਸਰਕਾਰੀ ਬੋਰਡ ਦੇ ਹੇਠਾਂ ਮਨਰੇਗਾ ਮਜ਼ਦੂਰ ਆਗੂ ਕੁਲਵਿੰਦਰ ਕੌਰ ਨੇ ਆਪਣੀ ਫਲੈਕਸ ਲਗਾ ਕੇ ਸਰਕਾਰ ਦੀ ਇਸ ਮੁਹਿੰਮ ਦੀ ਨਿੰਦਾ ਕੀਤੀ ਹੈ। ਮਨਰੇਗਾ ਮਜ਼ਦੂਰ ਆਗੂ ਕੁਲਵਿੰਦਰ ਕੌਰ ਨੇ ਬੋਰਡ ਦੇ ਹੇਠਾਂ ਆਪਣੀ ਫਲੈਕਸ ਲਗਾ ਕੇ ਲਿਖਿਆ ਕਿ ਇਸ ਥਾਂ ਮੁੱਖ ਮੰਤਰੀ ਦੇ ਨਾਮ ਦੀ ਬਜਾਏ ਸੜਕ ਦੇ ਵੇਰਵਿਆਂ ਵਾਲਾ ਬੋਰਡ ਹੋਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੜਕ ਦੀ ਲੰਬਾਈ, ਚੌੜਾਈ, ਕੁੱਲ ਖਰਚਾ ਅਤੇ ਠੇਕੇਦਾਰ ਦੀ ਜ਼ਿੰਮੇਵਾਰੀ ਕਿੰਨੀ ਹੈ। ਕੁਲਵਿੰਦਰ ਕੌਰ ਮੁਤਾਬਕ, ਸੜਕਾਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣਦੀਆਂ ਹਨ, ਇਹ ਕਿਸੇ ਰਾਜੇ ਵੱਲੋਂ ਦਿੱਤਾ ਦਾਨ ਨਹੀਂ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਵੀ ਆਪਣੇ ਸਮਰਥਕਾਂ ਸਮੇਤ ਇਨ੍ਹਾਂ ਬੋਰਡਾਂ ਕੋਲ ਪਹੁੰਚ ਕੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ ਆਪਣਾ ਨਾਮ ਚਮਕਾਉਣ ’ਤੇ ਖਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 400 ਮੀਟਰ ਦੀ ਛੋਟੀ ਸੜਕ ’ਤੇ ਵੀ ਮਹਿੰਗੇ ਬੋਰਡ ਲਾਏ ਜਾ ਰਹੇ ਹਨ, ਜਦਕਿ ਸੜਕਾਂ ਬਣਨ ਤੋਂ ਤੁਰੰਤ ਬਾਅਦ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਬੋਰਡ 6500 ਰੁਪਏ ਦੇ ਖਰਚੇ ਨਾਲ ਇੱਕ ਪਾਸੇ ਨਾਮ ਲਿਖ ਕੇ ਲਗਾਏ ਜਾ ਰਹੇ ਸਨ, ਪਰ ਹੁਣ ਨਵੇਂ ਹੁਕਮਾਂ ਮੁਤਾਬਕ ਇਹ ਬੋਰਡ ਦੋਵੇਂ ਪਾਸੇ (Double-sided) ਕੀਤੇ ਜਾਣਗੇ, ਜਿਸ ਨਾਲ ਸਰਕਾਰੀ ਖ਼ਜ਼ਾਨੇ ’ਤੇ ਬੋਝ ਹੋਰ ਵਧੇਗਾ।

ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਵਿਕਾਸ ਧਵਨ ਨੇ ਸਪੱਸ਼ਟ ਕੀਤਾ ਕਿ ਇਹ ਬੋਰਡ ਸਰਕਾਰੀ ਹੁਕਮਾਂ ਅਨੁਸਾਰ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਲਈ ਪ੍ਰੋਜੈਕਟ ਦੇ ਵੇਰਵਿਆਂ ਵਾਲੇ ਬੋਰਡ ਲਗਾਉਣ ਦਾ ਕੋਈ ਨਿਯਮ ਨਹੀਂ ਹੈ, ਅਜਿਹਾ ਸਿਰਫ਼ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿੱਚ ਹੁੰਦਾ ਸੀ। ਉਨ੍ਹਾਂ ਬੋਰਡਾਂ ਨੂੰ ਦੂਹਰਾ ਕੀਤੇ ਜਾਣ ਦੀ ਪੁਸ਼ਟੀ ਵੀ ਕੀਤੀ।

Related posts

ਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗ

On Punjab

ਦੁਨੀਆ ‘ਚ ਸਭ ਤੋਂ ਵੱਧ ਪ੍ਰਵਾਸੀ ਭਾਰਤ ਦੇ

On Punjab

ਬ੍ਰਿਟੇਨ : ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ, ਰੱਖਿਆ ਮੰਤਰੀ ਨੇ ਅਖ਼ਬਾਰ ਦੀ ਰਿਪੋਰਟ ਨੂੰ ਦੱਸਿਆ ਫਰਜ਼ੀ

On Punjab