PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਾਉਣੀ ਸੀਜ਼ਨ 2026-27 ਲਈ ‘ਪੰਜਾਬ ਕਸਟਮ ਮਿਲਿੰਗ ਪਾਲਿਸੀ’, ‘ਅਨਾਜ ਢੋਆ-ਢੁਆਈ ਨੀਤੀ 2027’ ਅਤੇ ‘ਅਨਾਜ ਲੇਬਰ ਤੇ ਕਾਰਟੇਜ ਨੀਤੀ 2027’ ਨੂੰ ਹਰੀ ਝੰਡੀ

ਚੰਡੀਗੜ੍ਹ-  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਆਗਾਮੀ ਸਾਉਣੀ ਮੰਡੀਕਰਨ ਸੀਜ਼ਨ (ਕੇ.ਐਮ.ਐਸ.) 2026-27 ਦੌਰਾਨ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਅਤੇ ਢੋਆ-ਢੁਆਈ ਨੂੰ ਯਕੀਨੀ ਬਣਾਉਣ ਲਈ ਤਿੰਨ ਅਹਿਮ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਲੋਕ ਸੇਵਾ ਕਮਿਸ਼ਨ (ਗਰੁੱਪ ‘ਏ’) ਸੇਵਾ ਨਿਯਮ, 2012 ਵਿੱਚ ਸੋਧ, ਸਬ-ਡਵੀਜ਼ਨਲ ਹਸਪਤਾਲ, ਚਮਕੌਰ ਸਾਹਿਬ ਵਿਖੇ 33 ਅਸਾਮੀਆਂ ਸੁਰਜੀਤ ਕਰਨ, ਸਿਹਤ ਸੰਭਾਲ ਖੇਤਰ ਵਿੱਚ 138 ਨਵੀਆਂ ਅਸਾਮੀਆਂ ਦੀ ਸਿਰਜਣਾ ਅਤੇ 80 ਖਾਲੀ ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਪੰਜਾਬ ਕਸਟਮ ਮਿਲਿੰਗ, ਅਨਾਜ ਢੋਆ-ਢੁਆਈ ਅਤੇ ਲੇਬਰ ਤੇ ਕਾਰਟੇਜ ਨੀਤੀਆਂ ਨੂੰ ਪ੍ਰਵਾਨਗੀ- ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਆਗਾਮੀ ਸਾਉਣੀ ਮੰਡੀਕਰਨ ਸੀਜ਼ਨ 2026-27 ਦੌਰਾਨ ਝੋਨੇ ਦੀ ਸੁਚਾਰੂ ਅਤੇ ਮੁਸ਼ਕਲ ਰਹਿਤ ਖ਼ਰੀਦ ਯਕੀਨੀ ਬਣਾਉਣ ਲਈ ਕੈਬਨਿਟ ਨੇ ‘ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਖਰੀਫ 2026-27’, ‘ਪੰਜਾਬ ਫੂਡਗ੍ਰੇਨਜ਼ ਟ੍ਰਾਂਸਪੋਰਟੇਸ਼ਨ ਪਾਲਿਸੀ 2027’ ਅਤੇ ‘ਪੰਜਾਬ ਫੂਡਗ੍ਰੇਨਜ਼ ਲੇਬਰ ਐਂਡ ਕਾਰਟੇਜ ਪਾਲਿਸੀ 2027’ ਨੂੰ ਸਹਿਮਤੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਆਗਾਮੀ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਦੇ ਇੱਕ-ਇੱਕ ਦਾਣੇ ਦੀ ਚੁਕਾਈ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਕੈਬਨਿਟ ਨੇ ਝੋਨੇ ਦੇ ਆਗਾਮੀ ਖ਼ਰੀਦ ਸੀਜ਼ਨ ਦੌਰਾਨ ਪੈਦਾ ਹੋਣ ਵਾਲੀਆਂ ਸੰਭਾਵੀ ਪ੍ਰਸ਼ਾਸਕੀ ਲੋੜਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਤੀਆਂ ਦੇ ਕਿਸੇ ਵੀ ਉਪਬੰਧ ਵਿੱਚ ਸੋਧ ਕਰਨ ਦਾ ਅਧਿਕਾਰ ਵੀ ਦਿੱਤਾ।
ਪੰਜਾਬ ਲੋਕ ਸੇਵਾ ਕਮਿਸ਼ਨ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਕੈਬਨਿਟ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਗਰੁੱਪ ‘ਏ’) ਸੇਵਾ ਨਿਯਮ, 2012 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਵਜੋਂ ਤਰੱਕੀ ਲਈ ਉਪਬੰਧ ਸ਼ਾਮਲ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਸਬ-ਡਵੀਜ਼ਨਲ ਹਸਪਤਾਲ, ਚਮਕੌਰ ਸਾਹਿਬ ਵਿਖੇ 33 ਅਸਾਮੀਆਂ ਬਹਾਲ ਕਰਨ ਦੀ ਮਨਜ਼ੂਰੀ- ਚਮਕੌਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਬਨਿਟ ਨੇ ਸਬ-ਡਵੀਜ਼ਨਲ ਹਸਪਤਾਲ, ਚਮਕੌਰ ਸਾਹਿਬ ਵਿਖੇ ਨਵੀਆਂ ਸਿਰਜੀਆਂ ਗਈਆਂ 33 ਅਸਾਮੀਆਂ ਨੂੰ ਸੁਰਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬ-ਡਵੀਜ਼ਨਲ ਹਸਪਤਾਲ ਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਅੱਪਗ੍ਰੇਡ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਵਿੱਚ ਮੈਡੀਕਲ ਅਫ਼ਸਰ (ਮੈਡੀਸਨ), ਮੈਡੀਕਲ ਅਫ਼ਸਰ (ਆਰਥੋਪੈਡਿਕਸ), ਮੈਡੀਕਲ ਅਫ਼ਸਰ (ਐਨੇਸਥੀਸੀਆ), ਮੈਡੀਕਲ ਅਫ਼ਸਰ (ਪੈਥਾਲੋਜੀ), ਮੈਡੀਕਲ ਅਫ਼ਸਰ (ਅੱਖਾਂ ਦੇ ਮਾਹਿਰ), ਮੈਡੀਕਲ ਅਫ਼ਸਰ (ਰੇਡੀਓਲੋਜੀ), ਐਮ.ਬੀ.ਬੀ.ਐਸ. ਜਨਰਲ, ਨਰਸਿੰਗ ਸਿਸਟਰ, ਸੀਨੀਅਰ ਸਹਾਇਕ/ਅਕਾਊਂਟੈਂਟ, ਸਟਾਫ਼ ਨਰਸ, ਓ.ਟੀ.ਏ., ਡਰਾਈਵਰ ਅਤੇ ਕਲਰਕ ਆਦਿ ਸ਼ਾਮਲ ਹਨ।
ਕੈਬਨਿਟ ਵੱਲੋਂ 138 ਅਸਾਮੀਆਂ ਦੀ ਸਿਰਜਣਾ ਅਤੇ 80 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ- ਕੈਬਨਿਟ ਨੇ ਸਿਵਲ ਸਰਜਨ ਦਫ਼ਤਰ, ਮਾਲੇਰਕੋਟਲਾ ਲਈ ਵੱਖ-ਵੱਖ ਕੇਡਰਾਂ ਦੀਆਂ 19 ਨਵੀਆਂ ਅਸਾਮੀਆਂ ਦੀ ਸਿਰਜਣਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਜ਼ਿਲ੍ਹੇ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਇੱਕ ਹੋਰ ਫੈਸਲੇ ਵਿੱਚ ਕੈਬਨਿਟ ਨੇ ਲੋਕਾਂ ਨੂੰ ਵਿਆਪਕ ਅਤੇ ਵਧੇਰੇ ਉੱਨਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਬ-ਡਵੀਜ਼ਨਲ ਹਸਪਤਾਲ, ਧੂਰੀ ਅਤੇ ਉੱਥੇ ਨਵੇਂ ਬਣੇ ਐਮ.ਸੀ.ਐਚ. ਸੈਂਟਰ ਵਿਖੇ ਵੱਖ-ਵੱਖ ਕੇਡਰਾਂ ਦੀਆਂ 119 ਨਵੀਆਂ ਅਸਾਮੀਆਂ ਦੀ ਸਿਰਜਣਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਮੈਡੀਕਲ ਅਫ਼ਸਰ (ਡੈਂਟਲ) ਦੀਆਂ 80 ਖਾਲੀ ਅਸਾਮੀਆਂ ਨੂੰ ਭਰਨ ਲਈ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 53 ਅਸਾਮੀਆਂ ਨੂੰ ਖਾਲੀ ਹੋਏ ਇੱਕ ਸਾਲ ਤੋਂ ਵੱਧ, ਜਦਕਿ 27 ਅਸਾਮੀਆਂ ਨੂੰ ਇੱਕ ਸਾਲ ਤੋਂ ਘੱਟ ਸਮਾਂ ਹੋ ਗਿਆ ਹੈ।

Related posts

ਅਮਰੀਕਾ ’ਚ ਸਿੱਖ ਡਰਾਈਵਰ ’ਤੇ ਜਾਨਲੇਵਾ ਹਮਲਾ, ਪੱਗ ਉਤਾਰੀ, ਅਪਲੋਡ ਵੀਡੀਓ ਨਾਲ ਸਾਹਮਣੇ ਆਇਆ ਘਿਰਣਾ ਅਪਰਾਧ ਦਾ ਮਾਮਲਾ

On Punjab

ਕੋਰੋਨਾ ਦੇ ਕਹਿਰ ‘ਚ ਸਰਕਾਰ ਦੇ ਨਵੇਂ ਹੁਕਮ, 31 ਦਸੰਬਰ ਤੱਕ ਕਰਨਾ ਪਵੇਗਾ Work from home

On Punjab

ਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੱਚੀ ਹਲਚਲ

On Punjab