72.81 F
New York, US
June 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਕੈਸ਼ਲੈੱਸ ਦਾਇਰੇ ’ਚ: ਡਾ. ਬਲਬੀਰ ਸਿੰਘ

ਚੰਡੀਗੜ੍ਹ-  ਪੰਜਾਬ ਵਿੱਚ ਹੁਣ ਮਾਨਸਿਕ ਰੋਗਾਂ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਲਈ ਆਪਣੀ ਜੇਬ ਢਿੱਲੀ ਨਹੀਂ ਕਰਨੀ ਪਵੇਗੀ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈੱਸ (ਨਕਦੀ ਰਹਿਤ) ਸਿਹਤ ਬੀਮਾ ਕਵਰੇਜ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਵਿੱਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰਨਾ ਹੈ।

ਸਿਹਤ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਇਸ ਯੋਜਨਾ ਵਿੱਚ ਸਿਰਫ਼ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ, ਸਗੋਂ ਸ਼ਾਈਜ਼ੋਫਰੇਨੀਆ (Schizophrenia), ਗੰਭੀਰ ਡਿਪ੍ਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ (Anxiety), ਮਾਨਸਿਕ ਤਣਾਅ ਅਤੇ ਨਸ਼ਾਖੋਰੀ (Substance-use disorders) ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋਕਨਵਲਸਿਵ ਥੈਰੇਪੀ (ECT), ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਟੀਮੂਲੇਸ਼ਨ (TMS) ਅਤੇ ਸਾਰੇ ਲੋੜੀਂਦੇ ਟੈਸਟ ਵੀ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ।

15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫ਼ਤ ਵਿੱਚ: ਵਿਸ਼ਵ ਸਿਹਤ ਸੰਗਠਨ (WHO) ਅਤੇ ਨੈਸ਼ਨਲ ਮੈਂਟਲ ਹੈਲਥ ਸਰਵੇ (ਨਿਮਹਾਂਸ, 2016) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਸਮਾਜਿਕ ਨਾਮੋਸ਼ੀ (ਸਟਿਗਮਾ), ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਕਮੀ ਕਾਰਨ ਇੱਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ।

ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬੀਮਾਰੀਆਂ ਪੂਰੀ ਤਰ੍ਹਾਂ ਇਲਾਜਯੋਗ ਹਨ। ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਵਿੱਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਨਾਲ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ।” ਉਨ੍ਹਾਂ ਦੱਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਵਿੱਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਲਈ ਰਾਖਵੀਆਂ ਹਨ, ਜਿਨ੍ਹਾਂ ਵਿੱਚ ਮਾਨਸਿਕ ਸਿਹਤ ਦੇ ਪੈਕੇਜ ਵੀ ਸ਼ਾਮਲ ਹਨ।

‘ਸੀਐਮ ਦੀ ਯੋਗਸ਼ਾਲਾ’ ਬਣੇਗੀ ਮਾਨਸਿਕ ਸਕੂਨ ਦਾ ਜ਼ਰੀਆ- ਰੋਜ਼ਾਨਾ ਦੀ ਭੱਜ-ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬੀਮਾਰੀਆਂ ਦੀ ਜੜ੍ਹ ਦੱਸਦਿਆਂ ਡਾ. ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ‘ਸੀਐਮ ਦੀ ਯੋਗਸ਼ਾਲਾ’ ਰਾਹੀਂ ਲੋਕਾਂ ਨੂੰ ਯੋਗ ਵੱਲ ਪ੍ਰੇਰਿਤ ਕਰ ਰਹੀ ਹੈ। ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਅਤੇ ਤੰਦਰੁਸਤ ਜੀਵਨ ਲਈ ਇੱਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਦਿਲ ਵੀ ਸਿਹਤਮੰਦ ਰਹੇਗਾ ਅਤੇ ਇਸੇ ਰਸਤੇ ਅਸੀਂ ‘ਰੰਗਲਾ ਤੇ ਸਿਹਤਮੰਦ ਪੰਜਾਬ’ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ (SHA) ਦੇ ਅੰਕੜਿਆਂ ਮੁਤਾਬਕ, ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਤਹਿਤ 55 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ।

18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ’ਤੇ: ਮਾਹਿਰਾਂ ਦੀ ਚਿੰਤਾ

ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਿਰ (ਕੰਸਲਟੈਂਟ ਸਾਈਕੈਟਰਿਸਟ) ਡਾ. ਗਗਨਦੀਪ ਸੇਖੋਂ ਨੇ ਦੱਸਿਆ ਕਿ ਹੁਣ ਸਮਾਜ ਵਿੱਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ ਅਤੇ ਲੋਕ ਇਸ ਨੂੰ ਆਮ ਬੀਮਾਰੀ ਵਾਂਗ ਦੇਖਣ ਲੱਗੇ ਹਨ। ਨੌਜਵਾਨ ਪੀੜ੍ਹੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾ. ਸੇਖੋਂ ਨੇ ਕਿਹਾ, “ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਵਿੱਚ ਸਭ ਤੋਂ ਵੱਧ ਆ ਰਹੇ ਹਨ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ ਅਤੇ ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਹਨ।” ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕ੍ਰੀਨਾਂ ਨਾਲ ਚਿਪਕੇ ਰਹਿਣਾ ਅਤੇ ਆਪਸੀ ਗੱਲਬਾਤ ਘਟਣ ਕਾਰਨ ਨੌਜਵਾਨ ਆਪਣੇ ਉਤਪਾਦਕ (Productive) ਸਾਲਾਂ ਵਿੱਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਹਨ, ਜਿਸ ਲਈ ਸਹੀ ਸਮੇਂ ’ਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ।

Related posts

ਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਹਲਫ਼ ਲਿਆ, ਟੀਵੀ ‘ਤੇ ਹੋਇਆ ਲਾਈਵ ਪ੍ਰਸਾਰਨ

On Punjab

ਚਿੜੀਆਂ ਹੋਈਆਂ ਬੇ-ਘਰ

Pritpal Kaur

ਰਾਜਾ ਰਘੂਵੰਸ਼ੀ ਦੀ ਪਤਨੀ ਤੇ ਦੂਜੇ ਮੁਲਜ਼ਮਾਂ ਨਾਲ Crime Scene ਦੀ ਮੁੜ-ਸਿਰਜਣਾ ਕਰੇਗੀ ਪੁਲੀਸ

On Punjab