PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨਰੇਗਾ ਰੁਜ਼ਗਾਰ ਦੇ ਅੰਕੜਿਆਂ ਨੇ ਖੋਲ੍ਹੀ ਪੋਲ: ਪੰਜਾਬ ਤੇ ਭਾਜਪਾ ਸ਼ਾਸਿਤ ਸੂਬੇ 100 ਦਿਨ ਦਾ ਕੰਮ ਦੇਣ ’ਚ ਪਿੱਛੇ !

ਨਾਭਾ- ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੋਧ ਵਿਚਾਲੇ ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਨੇ ਵੱਖ-ਵੱਖ ਸੂਬਿਆਂ ਦੇ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਹਨ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਮਨਰੇਗਾ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ, ਭਾਜਪਾ ਅਤੇ ਆਮ ਆਦਮੀ ਪਾਰਟੀ ਸ਼ਾਸਿਤ ਸੂਬੇ 100 ਦਿਨ ਦਾ ਰੁਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ  ਹਨ। ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪ੍ਰਤੀ ਪਿੰਡ ਔਸਤਨ ਸਿਰਫ਼ 1 ਪਰਿਵਾਰ ਨੂੰ ਹੀ 100 ਦਿਨ ਦਾ ਕੰਮ ਮਿਲਿਆ ਹੈ, ਜਦੋਂਕਿ ਹਰਿਆਣਾ ਦੀ ਹਾਲਤ ਇਸ ਤੋਂ ਵੀ ਮਾੜੀ ਹੈ ਉਨ੍ਹਾਂ ਮੁਤਾਬਕ ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਉਤਰਾਂਚਲ, ਬਿਹਾਰ, ਉੱਤਰ ਪ੍ਰਦੇਸ਼ ਵਿੱਚ ਮਨਰੇਗਾ ਤਹਿਤ ਪ੍ਰਤੀ ਪਿੰਡ 100 ਦਿਨ ਦਾ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਸਭ ਤੋਂ ਘੱਟ ਹੈ। ਜਦੋਂ ਕਿ ਕੇਰੇਲਾ, ਹਿਮਾਚਲ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਝਾਰਖੰਡ ਵਰਗੇ ਸੂਬਿਆਂ ’ਚ ਇਹ ਔਸਤ ਹੋਰਾਂ ਨਾਲੋਂ ਬਹੁਤ ਬਿਹਤਰ ਹੈ। ਜੇਕਰ ਇੱਕ ਸੂਬੇ ਵਿੱਚ ਜਿੰਨੇ ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ, ਉਸ ਗਿਣਤੀ ਨੂੰ ਸੂਬੇ ਦੀਆਂ ਕੁੱਲ ਪੰਚਾਇਤਾਂ ਨਾਲ ਤਕਸੀਮ ਕਰਕੇ ਚਾਰ ਸਾਲ ਦੀ ਔਸਤ ਕੱਢੀ ਜਾਵੇ ਤਾਂ ਪੰਜਾਬ ਨੇ ਔਸਤ ਇੱਕ ਪਿੰਡ ਵਿੱਚ 1 ਪਰਿਵਾਰ ਨੂੰ, ਹਰਿਆਣਾ ਨੇ ਇੱਕ ਤੋਂ ਵੀ ਘੱਟ, ਗੁਜਰਾਤ ਨੇ 2, ਉਤਰਾਂਚਲ ਨੇ 3, ਬਿਹਾਰ ਨੇ 4, ਮੱਧ ਪ੍ਰਦੇਸ਼ ਨੇ 5 ਅਤੇ ਉੱਤਰ ਪ੍ਰਦੇਸ਼ ਨੇ 10 ਪਰਿਵਾਰਾਂ ਨੂੰ ਹੀ 100 ਦਿਨ ਦਾ ਰੁਜ਼ਗਾਰ ਦਿੱਤਾ ਹੈ। ਜਦੋਕਿ ਝਾਰਖੰਡ ਨੇ ਔਸਤ ਹਰ ਪਿੰਡ ’ਚ 20, ਹਿਮਾਚਲ ਪ੍ਰਦੇਸ਼ ਤੇ ਤਾਮਿਲਨਾਡੂ ਨੇ 23, ਆਂਧਰਾ ਪ੍ਰਦੇਸ਼ ਨੇ 36, ਪੱਛਮੀ ਬੰਗਾਲ ਨੇ 141, ਤੇ ਕੇਰੇਲਾ ਨੇ 545 ਪਰਿਵਾਰਾਂ ਨੂੰ 100 ਦਿਨ ਦਾ ਰੁਜ਼ਗਾਰ ਦਿੱਤਾ।

ਜਥੇਬੰਦੀ ਦੇ ਮੁੱਖ ਸਲਾਹਕਾਰ ਗੁਰਮੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਨਵਾਂ ਵੀ.ਬੀ.ਜੀ.ਰਾਮ.ਜੀ ਕਾਨੂੰਨ ਲਿਆਉਣਾ ਅਸਲ ਵਿੱਚ ਇਸ ਸਕੀਮ ਦਾ ਘਾਣ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਕਾਨੂੰਨ ਤਹਿਤ ਕੇਂਦਰ ਲਈ ਕਿਸੇ ਵੀ ਸੂਬੇ ਦੀਆਂ ਗ੍ਰਾਂਟਾਂ ਬੰਦ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ, ਜਿਸ ਕਾਰਨ ਅਦਾਲਤਾਂ ਵੀ ਮਦਦ ਨਹੀਂ ਕਰ ਸਕਣਗੀਆਂ। ਪੱਛਮੀ ਬੰਗਾਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਕੇਂਦਰ ਨੇ ਉੱਥੇ ਤਿੰਨ ਸਾਲਾਂ ਤੋਂ ਫੰਡ ਰੋਕੇ ਹੋਏ ਹਨ। ਫ਼ਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਦੇ ਇਨ੍ਹਾਂ ਫ਼ੈਸਲਿਆਂ ਖ਼ਿਲਾਫ਼ 26 ਜਨਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Related posts

Good Friday 2021 : ਈਸਾਈ ਭਾਈਚਾਰੇ ’ਚ ਕ੍ਰਿਸਮਸ ਦੀ ਤਰ੍ਹਾਂ ਗੁੱਡ ਫ੍ਰਾਈਡੇ ਦਾ ਵੀ ਵੱਡਾ ਮਹੱਤਵ

On Punjab

ਬੱਬੂ ਮਾਨ ਦੀ ਸਾਦਗੀ ਜਿੱਤੇਗੀ ਦਿਲ, ਦੇਖੋ ਪਿੰਡ ‘ਚ ਕਿਵੇਂ ਸਾਦਾ ਜੀਵਨ ਜਿਉਂਦਾ ਬੇਈਮਾਨ, ਦੇਖੋ ਇਹ ਵੀਡੀਓ

On Punjab

World Longest Beard : ਸਰਵਨ ਸਿੰਘ ਨੇ ਤੋੜਿਆ ਆਪਣਾ ਹੀ ਰਿਕਾਰਡ, ਦੂਜੀ ਵਾਰ ਮਿਲਿਆ ਸਭ ਤੋਂ ਲੰਬੀ ਦਾੜ੍ਹੀ ਦਾ ਖ਼ਿਤਾਬ

On Punjab