ਚੰਡੀਗੜ੍ਹ: ਪੰਜਾਬ ਦੀ ਸਿਆਸਤ ਅਤੇ ਮਨੋਰੰਜਨ ਜਗਤ ਉਸ ਸਮੇਂ ਗਰਮਾ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਸੋਸ਼ਲ ਮੀਡੀਆ ‘ਤੇ ਆਹਮੋ-ਸਾਹਮਣੇ ਹੋ ਗਏ। ਇਹ ਵਿਵਾਦ ਮਜੀਠੀਆ ਦੀ ਇੱਕ ਪੋਸਟ ਤੋਂ ਸ਼ੁਰੂ ਹੋਇਆ, ਜਿਸ ਵਿੱਚ ਉਨ੍ਹਾਂ ਨੇ “ਸਭ ਫੜੇ ਜਾਣਗੇ” ਲਿਖਦਿਆਂ ਕਈ ਗੰਭੀਰ ਇਲਜ਼ਾਮ ਲਗਾਏ।
ਮਜੀਠੀਆ ਦੇ ਇਲਜ਼ਾਮ- ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰੀਬੀ ਕੁਝ ਲੋਕ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਬੰਟੀ ਬੈਂਸ ਦਾ ਨਾਮ ਲੈਂਦਿਆਂ ਸ਼ੱਕ ਜਤਾਇਆ ਕਿ ਉਹ ਵੀ ਵਿਦੇਸ਼ ਜਾ ਸਕਦੇ ਹਨ। ਮਜੀਠੀਆ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਹਵਾਲਾ ਅਤੇ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ ਅਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ‘ਲੁੱਕ-ਆਊਟ ਸਰਕੂਲਰ’ ਜਾਰੀ ਕੀਤਾ ਜਾਵੇ।
ਬੰਟੀ ਬੈਂਸ ਦਾ ਕਰਾਰਾ ਜਵਾਬ- ਇਨ੍ਹਾਂ ਇਲਜ਼ਾਮਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬੰਟੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 20 ਸਾਲਾਂ ਤੋਂ ਮਿਹਨਤ ਕਰਕੇ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਹੈ। ਉਨ੍ਹਾਂ ਮਜੀਠੀਆ ਨੂੰ ਸਲਾਹ ਦਿੱਤੀ ਕਿ “ਮੇਰਾ ਨਾਮ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ।” ਬੈਂਸ ਨੇ ਕਿਹਾ: ਬੈਂਸ ਨੇ ਅੱਗੇ ਲਿਖਿਆ ਕਿ ਮਜੀਠੀਆ ਆਪਣੀ ਸਿਆਸੀ ਹੋਂਦ ਬਚਾਉਣ ਲਈ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਮਜੀਠੀਆ ਦੀ ‘ਅਸਲੀਅਤ’ ਸਾਹਮਣੇ ਲਿਆਉਣ ਲਈ ਇੱਕ ਵੈੱਬ ਸੀਰੀਜ਼ ਬਣਾਉਣਗੇ, ਕਿਉਂਕਿ ਉਨ੍ਹਾਂ ਦੀ ਕਹਾਣੀ ਇੱਕ ਗਾਣੇ ਜਾਂ ਫ਼ਿਲਮ ਵਿੱਚ ਨਹੀਂ ਸਮਾ ਸਕਦੀ।
ਸਿੱਧੂ ਮੂਸੇਵਾਲਾ ਦਾ ਵੀ ਹੋਇਆ ਜ਼ਿਕਰ- ਇਸ ਬਹਿਸ ਦੌਰਾਨ ਮਜੀਠੀਆ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਅਤੇ ਉਨ੍ਹਾਂ ਦੀ ਸ਼ੋਹਰਤ ਦਾ ਫਾਇਦਾ ਉਠਾਉਣ ਵਾਲਿਆਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਵੇਲੇ ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਸਮਰਥਕ ਆਪਸ ਵਿੱਚ ਭਿੜ ਰਹੇ ਹਨ ਅਤੇ ਇਹ ਮਾਮਲਾ ਪੰਜਾਬ ਦੇ ਸਿਆਸੀ ਤੇ ਕਲਾਤਮਕ ਹਲਕਿਆਂ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ।

