59.23 F
New York, US
May 16, 2024
PreetNama
ਖੇਡ-ਜਗਤ/Sports News

ਭਾਰਤ ਮਾਂ ਦਾ ਅਨਮੋਲ ਹੀਰਾ ਉਡਣਾ ਸਿੱਖ ਮਿਲਖਾ ਸਿੰਘ

ਸਿਰੜ, ਦਿ੍ਰੜ ਇਰਾਦਾ, ਸਖ਼ਤ ਮਿਹਨਤ ਸਫਲਤਾ ਦੀ ਨਿਸ਼ਾਨੀ ਹਨ। ਜੇ ਦੁਖਦਾਈ ਘੜੀਆਂ ਨਿਰਾਸ਼ਾ ਪੈਦਾ ਕਰਦੀਆਂ ਹਨ ਤਾਂ ਜਿਉਂਣ ਦੀ ਇੱਛਾ ਸ਼ਕਤੀ ਸੁੱਖ ਦੀਆਂ ਘੜੀਆਂ ਵੀ ਲਿਆਉਂਦੀ ਹੈ। ਜਿਸ ਉੱਪਰ ਛੋਟੀ ਉਮਰੇ ਦੁੱਖਾਂ ਦਾ ਪਹਾੜ ਲੱਦਿਆ ਗਿਆ ਸੀ, ਮਿਹਨਤ ਨੇ ਉਸ ਦੀ ਜ਼ਿੰਦਗੀ ’ਚ ਸੁੱਖਾਂ ਦਾ ਉਜਾਲਾ ਕੀਤਾ। ਇਸ ਮਹਾਨ ਅਥਲੀਟ ਨੂੰ ਦੁਨੀਆ ‘ਉੱਡਣਾ ਸਿੱਖ’ ਮਿਲਖਾ ਸਿੰਘ ਦੇ ਨਾਂ ਨਾਲ ਜਾਣਦੀ ਹੈ। ਮਿਲਖਾ ਸਿੰਘ ਨੇ 80 ਅੰਤਰਰਾਸ਼ਟਰੀ ਦੌੜਾਂ ਵਿੱਚੋਂ 77 ਦੌੜਾਂ ਜਿੱਤੀਆਂ। ਉਸ ਨੇ 400 ਮੀਟਰ ਦੌੜ ’ਚ ਨਵਂੇ ਕੀਰਤੀਮਾਨ ਸਥਾਪਤ ਕੀਤੇ। ਪਾਕਿਸਤਾਨ ਨੇ ਉਸ ਨੂੰ ‘ਫਲਾਇੰਗ ਸਿੱਖ’ ਦੇ ਖ਼ਿਤਾਬ ਨਾਲ ਨਿਵਾਜਿਆ।
ਬਾਗ਼-ਪਰਿਵਾਰ
ਮਿਲਖਾ ਸਿੰਘ ਦਾ ਜਨਮ ਮਾਤਾ ਚਾਵਲੀ ਕੌਰ ਤੇ ਪਿਤਾ ਸੰਪੂਰਨ ਸਿੰਘ ਦੇ ਘਰ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜ਼ਿਲ੍ਹਾ ਮੁਜੱਫ਼ਰਗੜ੍ਹ (ਪਾਕਿਸਤਾਨ) ਵਿਖੇ 20 ਨਵੰਬਰ 1932 ਨੂੰ ਹੋਇਆ। ਉਨ੍ਹਾਂ ਦੇ ਭੈਣਾਂ-ਭਰਾਵਾਂ ਦੀ ਗਿਣਤੀ 8 ਸੀ। ਅਮੀਰ, ਦੌਲਤ ਤੇ ਮੱਖਣ ਵੱਡੇ ਭਰਾ ਸਨ, ਮੱਖਣੀ, ਹੁੰਦੀ ਤੇ ਈਸ਼ਰ ਵੱਡੀਆਂ ਭੈਣਾਂ ਸਨ ਜਦਕਿ ਗੋਬਿੰਦ ਸਭ ਤੋਂ ਛੋਟਾ ਭਰਾ ਸੀ। ਪਿਤਾ ਸੰਪੂਰਨ ਸਿੰਘ ਕਿਸਾਨ ਸਨ।
ਹਾਲਾਤ ਨੇ ਬਣਾਇਆ ਦੌੜਾਕ
ਮਿਲਖਾ ਸਿੰਘ ਨੂੰ ਨਾਲ ਦੇ ਪਿੰਡ ਮਾਸਟਰ ਮੌਲਵੀ ਗ਼ੁਲਾਮ ਮੁਹੰਮਦ ਕੋਲ ਪੜ੍ਹਨੇ ਪਾਇਆ ਗਿਆ। ਪੰਜਵੀਂ ਜਮਾਤ ਤੋਂ ਬਾਅਦ ਮਿਲਖਾ ਸਿੰਘ ਨੂੰ ਕੋਟ ਅੱਦੂ ਦੇ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਇਆ ਗਿਆ, ਜੋ ਗੋਬਿੰਦਪੁਰਾ ਤੋਂ 7 ਮੀਲ ਦੂਰ ਸੀ। ਘਰ ਤੋਂ ਸਕੂਲ ਤਕ ਲਗਪਗ ਦੋ ਘੰਟੇ ਲੱਗ ਜਾਂਦੇ ਸਨ। ਸਿਆਲਾਂ ’ਚ ਠੰਢ ਨਾਲ ਹੱਥ-ਪੈਰ ਸੁੰਨ ਹੋ ਜਾਂਦੇ ਤੇ ਕਈ ਵਾਰ ਧੁੰਦ ਨਾਲ ਡੰਡੀ ਹੀ ਭੁੱਲ ਜਾਂਦੇ ਅਤੇ ਗਰਮੀਆਂ ’ਚ ਜਦ ਸੂਰਜ ਅੱਗ ਵਰ੍ਹਾਉਂਦਾ ਤਾਂ ਧੱੁਪ ਤੋਂ ਬਚਣ ਲਈ ਇਕ ਦਰੱਖ਼ਤ ਤੋਂ ਭੱਜ ਕੇ ਦੂਜੇ ਦਰੱਖ਼ਤ ਹੇਠ ਜਾਣਾ, ਪੈਰਾਂ ਦੀਆਂ ਤਲੀਆਂ ’ਤੇ ਛਾਲੇ ਪੈ ਜਾਣੇ। ਅਸਲ ਵਿਚ ਇਹੀ ਮਿਲਖਾ ਸਿੰਘ ਦੀਆਂ ਦੌੜਾਂ ਦਾ ਆਰੰਭ ਸੀ।
ਇਕ ਭਿਆਨਕ ਸਫ਼ਰ
ਮਿਲਖਾ ਸਿੰਘ ਲਈ ਸਭ ਤੋਂ ਵੱਧ ਭਿਆਨਕ ਸਮਾਂ 15 ਅਗਸਤ 1947 ਦਾ ਸੀ, ਜਦੋਂ ਦੇਸ਼ ਦੀ ਵੰਡ ਹੋਈ। ਉਨ੍ਹਾਂ ਦੇ ਪਿੰਡ ਦੇ 1500 ਵਿਆਕਤੀ ਮਾਰੇ ਗਏ, ਜਿਨ੍ਹਾਂ ’ਚ ਉਨ੍ਹਾਂ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਜੀਅ ਸਨ। ਉਸ ਸਮੇਂ ਦਮ ਤੋੜ ਰਹੇ ਮਿਲਖਾ ਸਿੰਘ ਦੇ ਪਿਤਾ ਦੇ ਮੂੰਹੋਂ ਨਿਕਲੀਆਂ ਆਵਾਜ਼ਾਂ ‘ਭਾਗ ਮਿਲਖਾ ਭਾਗ’ ਅੱਜ ਵੀ ਉਨ੍ਹਾਂ ਦੇ ਕੰਨਾਂ ’ਚ ਗੂੰਜਦੀਆਂ ਹਨ। ਕਦੇ ਦੌੜਦਾ, ਕਦੇ ਤੁਰਦਾ, ਲੁਕਦਾ-ਛਿਪਦਾ, ਜ਼ਿੰਦਗੀ ਨੂੰ ਬਚਾਉਂਦਾ ਮਿਲਖਾ ਸਿੰਘ ਮਸਾਂ ਹੀ ਸਟੇਸਨ ’ਤੇ ਪੁੱਜਾ ਤੇ ਲਹੂ ਨਾਲ ਲੱਥਪੱਥ ਮੁਲਤਾਨ ਜਾਣ ਵਾਲੀ ਰੇਲ ਗੱਡੀ ’ਤੇ ਚੜ੍ਹਿਆ। ਮੁਲਤਾਨ ਵੀ ਜਦ ਸੁਰੱਖਿਅਤ ਨਾ ਰਿਹਾ ਤਾਂ ਸਰਕਾਰੀ ਹੁਕਮ ਆ ਗਿਆ ਕਿ ਹਿੰਦੂ-ਸਿੱਖ ਫ਼ੌਜੀਆਂ ਦੇ ਪਰਿਵਾਰਾਂ ਨੂੰ ਫੌਰਨ ਭਾਰਤ ਭੇਜਿਆ ਜਾਵੇ। ਮਿਲਖਾ ਸਿੰਘ ਦਾ ਭਰਾ ਮੱਖਣ ਸਿੰਘ ਫ਼ੌਜ ’ਚ ਸੀ। ਹੋਰਨਾਂ ਪਰਿਵਾਰਾਂ ਨਾਲ ਮਿਲਖਾ ਸਿੰਘ, ਉਨ੍ਹਾਂ ਦੇ ਭਰਾ ਮੱਖਣ ਸਿੰਘ ਦੀ ਪਤਨੀ ਜੀਤ ਵੀ ਫ਼ੌਜੀ ਟਰੱਕ ’ਚ ਬੈਠ ਕੇ ਹੁਸੈਨੀਵਾਲਾ ਫਿਰੋਜ਼ਪੁਰ ਸਰਹੱਦ ਵੱਲ ਚੱਲ ਪਏ। ਇਹ ਬੜਾ ਭਿਆਨਕ ਸਫ਼ਰ ਸੀ।
ਫ਼ੌਜ ਦੀ ਨੌਕਰੀ
1952 ਵਿਚ ਮਿਲਖਾ ਸਿੰਘ ਫ਼ੌਜ ’ਚ ਭਰਤੀ ਹੋ ਗਿਆ। ਤਨਖ਼ਾਹ 39 ਰੁਪਏ ਮਹੀਨਾ ਸੀ। 1953 ’ਚ ਜਦ ਫ਼ੌਜ ’ਚ ਛੇ ਮੀਲ ਦੀ ਦੌੜ ਲਗਵਾਈ ਗਈ ਤਾਂ ਮਿਲਖਾ ਸਿੰਘ ਛੇਵੀਂ ਥਾਂ ’ਤੇ ਆਇਆ। ਇਹ ਦੌੜ ਹਰ ਰੋਜ਼ ਲਗਵਾਈ ਜਾਂਦੀ ਸੀ। ਛੇ ਹਫ਼ਤੇ ਬਾਅਦ ਕਰਾਸ-ਕੰਟਰੀ ਦੌੜ ’ਚ ਮਿਲਖਾ ਸਿੰਘ ਦੂਜੇ ਨੰਬਰ ’ਤੇ ਆਇਆ। ਉਸ ਨੇ ਪਹਿਲੀ ਵਾਰ 400 ਮੀਟਰ ਦੌੜ 63 ਸਕਿੰਟਾਂ ’ਚ ਪੂਰੀ ਕੀਤੀ। ਰੋਜ਼ ਅਭਿਆਸ ਨਾਲ ਇਹ ਸਮਾਂ ਘਟ ਕੇ ਇਕ ਮਿੰਟ ਤੋਂ ਵੀ ਹੇਠਾਂ ਆ ਗਿਆ। ਮਿਲਖਾ ਸਿੰਘ ਦਾ ਰਗਰੂਟੀ ਸਮੇਂ ਸਾਰਾ ਦਿਨ ਪਰੇਡ ’ਚ ਲੰਘ ਜਾਂਦਾ ਤੇ ਰਾਤ ਨੰੂ ਉਹ ਖਾਣਾ ਆਪਣੀ ਬੈਰਕ ’ਚ ਲੁਕੋ ਦਿੰਦਾ। ਜਦ ਸਾਰੇ ਸਾਥੀ ਸੌਂ ਰਹੇ ਹੁੰਦੇ ਤਾਂ ਉਹ ਚੁਪ-ਚਾਪ ਮੈਦਾਨ ’ਚ ਜਾ ਕੇ ਅਭਿਆਸ ਕਰਦਾ। ਮੈਦਾਨ ’ਚ ਪੰਜ-ਛੇ ਚੱਕਰ ਪੂਰੇ ਕਰ ਕੇ ਉਹ ਬੈਰਕ ’ਚ ਆਉਂਦਾ, ਨਹਾਉਂਦਾ ਤੇ ਰਾਤ ਦੀ ਰੋਟੀ ਖਾਂਦਾ।
ਕੀਰਤੀਮਾਨ
ਉੱਡਣੇ ਸਿੱਖ ਨੂੰ ਜ਼ਿੰਦਗੀ ਦੀਆਂ ਦੋ ਘਟਨਾਵਾਂ ਹਮੇਸ਼ਾ ਦਿਲਗੀਰ ਕਰੀ ਰੱਖਦੀਆਂ ਹਨ – ਦੇਸ਼ ਦੀ ਵੰਡ ਦੌਰਾਨ ਪਰਿਵਾਰ ਦਾ ਕਤਲੇਆਮ ਤੇ ਰੋਮ ’ਚ ਆਪਣੀ ਹਾਰ। ਰਿਟਾਇਰ ਹੋਣ ਤੋਂ ਬਾਅਦ ਮਿਲਖਾ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਅਥਲੀਟ ਉਸ ਦਾ 45.6 ਸਕਿੰਟ ਦਾ ਓਲੰਪਿਕ ਰਿਕਾਰਡ ਤੋੜੇਗਾ, ਉਹ ਉਸ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਵੇਗਾ।
ਵਿਆਹ ਤੇ ਪਰਿਵਾਰਕ ਜੀਵਨ
ਮਿਲਖਾ ਸਿੰਘ ਦਾ ਵਿਆਹ 4 ਮਈ 1963 ਨੂੰ ਨਿੰਮੀ ਨਾਲ ਹੋਇਆ। ਉਸ ਸਮੇਂ ਮਿਲਖਾ ਸਿੰਘ ਖੇਡ ਮਹਿਕਮੇ ਦਾ ਡਿਪਟੀ ਡਾਇਰੈਕਟਰ ਤੇ ਨਿੰਮੀ ਸਹਾਇਕ ਡਾਇਰੈਕਟਰ ਦੇ ਆਹੁਦੇ ’ਤੇ ਸੀ। ਇਨ੍ਹਾਂ ਦਾ ਵਿਚੋਲਾ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ। ਨਿੰਮੀ ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਕਪਤਾਨ ਸੀ। ਇਨ੍ਹਾਂ ਦਾ ਮੇਲ ਪਹਿਲੀ ਵਾਰ 1956 ਨੂੰ ਕੋਲੰਬੋ ਵਿਖੇ ਹੋਇਆ। ਉਨ੍ਹਾਂ ਦੀਆਂ ਧੀਆਂ ਅਲੀਜ਼ਾ ਤੇ ਮੋਨਾ ਵਧੀਆ ਤੈਰਾਕ ਰਹੀਆਂ ਹਨ, ਸੋਨੀਆ ਕਮਾਲ ਦੀ ਟੈਨਿਸ ਖਿਡਾਰਨ ਰਹੀ ਹੈ ਤੇ ਬੇਟਾ ਜੀਵ ਮਿਲਖਾ ਸਿੰਘ ਚੰਗਾ ਦੌੜਾਕ ਤੇ ਸਕੂਲ ਦੀ ਕਿ੍ਰਕੇਟ ਟੀਮ ਦਾ ਜਿੱਥੇ ਕਪਤਾਨ ਰਿਹਾ ਹੈ ਉੱਥੇ ਗੌਲਫ਼ ਦਾ ਕੌਮਾਂਤਰੀ ਖਿਡਾਰੀ ਹੈ। ਜੀਵ ਨੂੰ ਸੰਨ 1999 ਵਿਚ ਅਰਜੁਨ ਐਵਾਰਡ ਤੇ 2007 ਵਿਚ ਪਦਮਸ਼੍ਰੀ ਮਿਲਿਆ।
ਉੱਡਣਾ ਸਿੱਖ ਮਿਲਖਾ ਸਿੰਘ ਆਪਣੇ ਪਰਿਵਾਰ ਸਮੇਤ ਪੋਤੇ, ਦੋਹਤੇ-ਦੋਤੀਆਂ ਵਾਲਾ ਖ਼ੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ’ਚ ‘ਮਿਲਖਾ ਸਿੰਘ ਚੈਰੀਟੇਬਲ ਟਰੱਸਟ’ ਖੋਲ੍ਹਿਆ ਹੋਇਆ ਹੈ ਅਤੇ ਲੋੜਵੰਦਾਂ, ਗ਼ਰੀਬਾਂ ਤੇ ਖ਼ਾਸ ਕਰਕੇ ਗ਼ਰੀਬ ਖਿਡਾਰੀਆਂ ਨੰੂ ਮਾਨਵੀ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਅਸੀਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।

Related posts

ਹਰਮਨਪ੍ਰੀਤ ਦੀ ਬੱਲੇ-ਬੱਲੇ! ਆਈਸੀਸੀ ਟੀ-20 ਮਹਿਲਾ ਟੀਮ ਦੀ ਬਣੀ ਕਪਤਾਨ

On Punjab

IndVsEng: ਇੰਗਲੈਂਡ ਨੇ ਟਾਸ ਜਿੱਤ ਚੁਣੀ ਬੱਲੇਬਾਜ਼ੀ, ਭਾਰਤ ਨੂੰ ਕਰਨਾ ਪਏਗਾ ਚੇਜ਼

On Punjab

ਰੂਸ-ਅਮਰੀਕਾ ਵਿਚਾਲੇ ਵਧਿਆ ਤਣਾਅ, ਡਰੋਨ ਘਟਨਾ ਤੋਂ ਬਾਅਦ ਅਮਰੀਕਾ ਦੀ ਚੇਤਾਵਨੀ, ਜਾਣੋ ਕੀ ਕਿਹਾ…

On Punjab