ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ‘ਤੇ ਤੇਜ਼ੀ ਨਾਲ ਕੀਤੀਆਂ ਗਈਆਂ ਖੁਫੀਆ ਜਾਣਕਾਰੀ-ਆਧਾਰਿਤ ਕਾਰਵਾਈਆਂ ਦੀ ਇੱਕ ਲੜੀ ਵਿੱਚ ਬਾਰਡਰ ਸੁਰੱਖਿਆ ਬਲ (BSF) ਨੇ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ ਨਸ਼ਿਆਂ ਦੀ ਤਸਕਰੀ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਇਨ੍ਹਾਂ ਕਾਰਵਾਈਆਂ ਦੇ ਨਤੀਜੇ ਵਜੋਂ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਉੱਚ-ਪੱਧਰੀ ਡਰੋਨ ਅਤੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਗਏ। ਬੀ ਐੱਸ ਐੱਫ ਅਧਿਕਾਰੀਆਂ ਅਨੁਸਾਰ ਪਹਿਲੀ ਸਫਲਤਾ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਅੰਮ੍ਰਿਤਸਰ ਦੇ ਨਾਲ ਇੱਕ ਸਾਂਝੀ ਕਾਰਵਾਈ ਦੌਰਾਨ ਮਿਲੀ। ਖਾਸ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਬੀ ਐੱਸ ਐੱਫ ਦੇ ਜਵਾਨਾਂ ਨੇ ਭੱਲਾ ਕਲੋਨੀ ਨੇੜੇ ਇੱਕ ਤਸਕਰ ਨੂੰ ਰੋਕਿਆ ਅਤੇ 300 ਗ੍ਰਾਮ ਹੈਰੋਇਨ ਨਾਲ ਹੀ ਕਾਰਵਾਈ ਵਿੱਚ ਕਥਿਤ ਤੌਰ ‘ਤੇ ਵਰਤੀ ਗਈ ਇੱਕ ਕਾਰ ਬਰਾਮਦ ਕੀਤੀ। ਲਾਹੋਰੀਮਲ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਨੂੰ ਅਗਲੀ ਪੁੱਛਗਿੱਛ ਲਈ ਏ ਐੱਨ ਟੀ ਐੱਫ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇੱਕ ਵੱਖਰੀ ਘਟਨਾ ਵਿੱਚ ਬੀ ਐੱਸ ਐੱਫ ਦੇ ਜਵਾਨਾਂ ਨੇ ਹਰਦੋ ਰਤਨ ਪਿੰਡ ਨੇੜੇ ਖੇਤਾਂ ਵਿੱਚੋਂ ਇੱਕ ਡੀ ਜੇ ਆਈ ਮਾਵਿਕ 3 (DJI Mavic 3) ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬੀ ਐੱਸ ਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ, “ਇਹ ਬਰਾਮਦਗੀ ਤਕਨੀਕੀ ਜਾਂਚ ਉਪਾਵਾਂ ਤੋਂ ਬਾਅਦ ਹੋਈ ਜਿਸ ਨੇ ਹਵਾਈ ਘੁਸਪੈਠ ਦੀ ਕੋਸ਼ਿਸ਼ ਦੀ ਪਛਾਣ ਕੀਤੀ।” ਇੱਕ ਹੋਰ ਖੁਫੀਆ-ਅਧਾਰਿਤ ਕਾਰਵਾਈ ਵਿੱਚ ਰਾਏਪੁਰ ਕਲਾਂ ਪਿੰਡ ਨੇੜੇ ਖੇਤਾਂ ਵਿੱਚੋਂ ਇੱਕ ਡੀ ਜੇ ਆਈ ਮਾਵਿਕ 4 ਪ੍ਰੋ (DJI Mavic 4 Pro) ਡਰੋਨ ਅਤੇ 570 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਤਿੰਨੋਂ ਮਾਮਲਿਆਂ ਦੀ ਜਾਂਚ ਜਾਰੀ ਹੈ।

