ਮਾਲਦਾ- ਦੇਸ਼ ਨੂੰ ਪਹਿਲੀ ਵੰਦੇ ਮਾਤਰਮ ਸਲੀਪਰ ਰੇਲ ਗੱਡੀ ਮਿਲ ਗਈ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝੰਡੀ ਦਿਖਾਈ। ਇਹ ਰੇਲ ਗੱਡੀ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫਰ ਤੈਅ ਕਰੇਗੀ। ਇਹ ਰੇਲ ਗੱਡੀ ਪੱਛਮੀ ਬੰਗਾਲ ਦੇ ਹਾਵੜਾ ਤੋਂ ਗੁਹਾਟੀ ਦੇ ਕਾਮਾਖਿਆ ਵਿਚਲੀ 958 ਕਿਲੋਮੀਟਰ ਦੀ ਦੂਰੀ 14 ਘੰਟਿਆਂ ਵਿਚ ਤੈਅ ਕਰੇਗੀ। ਇਸ ਰੇਲ ਗੱਡੀ ਵਿਚ 1128 ਯਾਤਰੀ ਯਾਤਰਾ ਕਰ ਸਕਦੇ ਹਨ। ਇਸ ਰੇਲ ਗੱਡੀ ਦੇ 16 ਡੱਬੇ ਹਨ ਜਿਨ੍ਹਾਂ ਵਿਚੋਂ 11 ਏਸੀ 3 ਟੀਅਰ, ਚਾਰ ਏਸੀ 2 ਟੀਅਰ ਤੇ ਇਕ ਫਸਟ ਏਸੀ ਡੱਬਾ ਹੋਵੇਗਾ। ਇਸ ਸਲੀਪਰ ਰੇਲ ਗੱਡੀ ਦਾ ਥਰਡ ਏਸੀ ਦਾ ਕਿਰਾਇਆ 2300 ਰੁਪਏ ਰੱਖਿਆ ਗਿਆ ਹੈ। ਸੈਕਿੰਡ ਏਸੀ ਦਾ ਕਿਰਾਇਆ 3000 ਤੇ ਫਸਟ ਏਸੀ ਦਾ ਕਿਰਾਇਆ 3600 ਰੁਪਏ ਹੋਵੇਗਾ।
ਇਸ ਰੇਲ ਗੱਡੀ ਨੂੰ ਰਵਾਨਾ ਕਰਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਗੱਡੀ ਦੇ ਅੰਦਰ ਬੱਚਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਇਹ ਰੇਲ ਗੱਡੀ ਆਧੁਨਿਕ ਭਾਰਤ ਦੀਆਂ ਵੱਧਦੀਆਂ ਆਵਾਜਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ। ਇਸ ਰੇਲ ਗੱਡੀ ਵਿਚ ਐਡਵਾਂਸਡ ਸੇਫਟੀ ਫੀਚਰਜ਼ ਹੋਣਗੇ। ਇਸ ਮੌਕੇ ਰੇਲ ਮੰਤਰੀ ਨੇ ਦੱਸਿਆ ਕਿ ਗੁਹਾਟੀ-ਹਾਵੜਾ ਰੂਟ ’ਤੇ ਹਵਾਈ ਕਿਰਾਇਆ ਆਮ ਤੌਰ ’ਤੇ ਛੇ ਤੋਂ ਅੱਠ ਹਜ਼ਾਰ ਦੇ ਦਰਮਿਆਨ ਹੁੰਦਾ ਹੈ ਪਰ ਵੰਦੇ ਮਾਤਰਮ ਸਲੀਪਰ ਵਿਚ ਯਾਤਰੀ ਸਿਰਫ 2300 ਰੁਪਏ ਵਿਚ ਸਫਰ ਤੈਅ ਕਰ ਕੇ ਆਪਣੀ ਮੰਜ਼ਿਲ ’ਤੇ ਪੁੱਜ ਸਕਣਗੇ।

