51.28 F
New York, US
October 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਗਵਾਨ ਵਾਲਮੀਕਿ ਜੀ ਦਾ ਸੰਦੇਸ਼ ਸਮਾਜਿਕ ਬਰਾਬਰਤਾ ਅਤੇ ਸਨਮਾਨ ਦੀ ਨੀਂਹ

ਲੁਧਿਆਣਾ-  ਭਗਵਾਨ ਵਾਲਮੀਕਿ ਜੀ ਵੱਲੋਂ ਰਚੀ ਪਵਿੱਤਰ ਰਾਮਾਇਣ ਮਰਿਆਦਾ, ਸੱਚ, ਤਿਆਗ ਅਤੇ ਧਰਮ ਦਾ ਅਜਿਹਾ ਗ੍ਰੰਥ ਹੈ, ਜਿਸ ਨੇ ਹਜ਼ਾਰਾਂ ਸਾਲਾਂ ਤੋਂ ਸਮਾਜ ਨੂੰ ਦਿਸ਼ਾ ਦਿੱਤੀ ਹੈ, ਅਤੇ ਉਨ੍ਹਾਂ ਨੇ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਕੋਈ ਵੀ ਵਿਅਕਤੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਹਰ ਇਨਸਾਨ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ।
ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲੁਧਿਆਣਾ ਦੇ ਭਗਵਾਨ ਵਾਲਮੀਕਿ ਜੀ ਮੰਦਰ ਕਿਲ੍ਹਾ ਮੁਹੱਲਾ ਸ਼ਿਵਪੁਰੀ ਰੋਡ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਹ ਸਮਾਗਮ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਅਤੇ ਬਾਬਾ ਸਾਹਿਬ ਦਲਿਤ ਫੋਰਸ ਪੰਜਾਬ ਵਲੋਂ ਕਰਵਾਇਆ ਗਿਆ।‌
ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਮੁੱਚੀ ਸੰਗਤ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਸ. ਢਿੱਲੋਂ ਨੇ ਸ੍ਰੀ ਅਜੈਪਾਲ ਦਿਸ਼ਾਵਰ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਿਨ ਸਿਰਫ਼ ਇੱਕ ਮਹਾਪੁਰਸ਼ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਨ੍ਹਾਂ ਦੇ ਸੰਦੇਸ਼ ਨੂੰ ਜੀਵਨ ਵਿੱਚ ਉਤਾਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇਨਸਾਨ ਆਪਣੇ ਜਨਮ ਨਾਲ ਨਹੀਂ, ਆਪਣੇ ਕਰਮ ਨਾਲ ਮਹਾਨ ਬਣਦਾ ਹੈ। ਉਨ੍ਹਾਂ ਦਾ ਸੰਦੇਸ਼ ਹੀ ਅਸਲ ਸਮਾਜਿਕ ਨਿਆਂ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਸਾਂਝੀਵਾਲਤਾ ਦਾ ਪਾਠ ਸਦੀਆਂ ਪਹਿਲਾਂ ਪੜ੍ਹਾਇਆ ਗਿਆ ਅਤੇ ਇਸ ਧਰਤੀ ‘ਤੇ ਵਾਲਮੀਕਿ ਸਮਾਜ ਦਾ ਯੋਗਦਾਨ ਸਭ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਤਾਂ ਤੋਂ ਲੈ ਕੇ ਸ਼ਹਿਰਾਂ ਦੀ ਸਫ਼ਾਈ ਤੱਕ ਅਤੇ ਸਰਹੱਦ ਦੀ ਰਾਖੀ ਤੋਂ ਲੈ ਕੇ ਸਮਾਜ ਦੀ ਸੇਵਾ ਤੱਕ, ਵਾਲਮੀਕਿ ਸਮਾਜ ਨੇ ਹਰ ਮੋਰਚੇ ‘ਤੇ ਮਿਹਨਤ ਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਿਨ੍ਹਾਂ ਹੱਥਾਂ ਨੇ ਸਾਡੇ ਸ਼ਹਿਰਾਂ ਨੂੰ ਸਾਫ਼ ਰੱਖਿਆ, ਉਨ੍ਹਾਂ ਹੱਥਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ, ਅਹਿਸਾਨ ਨਹੀਂ।

ਭਾਜਪਾ ਦੇ ਸੰਕਲਪ “ਸਬਕਾ ਸਾਥ, ਸਬਕਾ ਵਿਕਾਸ” ਦਾ ਜ਼ਿਕਰ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਵਿਕਾਸ ਤਦ ਹੀ ਸੱਚਾ ਹੈ, ਜਦੋਂ ਉਸ ਦਾ ਲਾਭ ਸਮਾਜ ਦੀ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਸਨਮਾਨ-ਜਨਕ ਜੀਵਨ ਹਰ ਪਰਿਵਾਰ ਦਾ ਹੱਕ ਹੈ। ਜਦੋਂ ਤੱਕ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਨਹੀਂ ਪਹੁੰਚਦੀ, ਸਾਡਾ ਸੰਘਰਸ਼ ਜਾਰੀ ਰਹੇਗਾ।
ਸ. ਢਿੱਲੋਂ ਨੇ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਜੋੜਨ ਦਾ ਸੰਦੇਸ਼ ਦਿੱਤਾ ਸੀ, ਤੋੜਨ ਦਾ ਨਹੀਂ। ਉਨ੍ਹਾਂ ਸੰਗਤ ਨੂੰ ਪ੍ਰਣ ਕਰਨ ਦੀ ਅਪੀਲ ਕੀਤੀ ਕਿ ਭੇਦ-ਭਾਵ ਦੀਆਂ ਦੀਵਾਰਾਂ ਢਾਹ ਕੇ ਇੱਕ ਸਮਾਨ, ਸੁਰੱਖਿਅਤ ਅਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਨਸ਼ਿਆਂ ਨਾਲ ਬਰਬਾਦ ਹੋ ਰਿਹਾ ਹੈ।‌ ਸਾਡੀ ਜਵਾਨੀ ਹਰ ਰੋਜ਼ ਨਸ਼ੇ ਦੀ ਭੇਂਟ ਚੜ ਰਹੀ ਹੈ। ਸਾਡੀ ਨੌਜਵਾਨੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਉਹਨਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਵੀ ਕੀਤਾ ਗਿਆ। ਉਹਨਾਂ ਨਾਲ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਗੁਰਦੇਵ ਦੇਬੀ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਤੇ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।‌

Related posts

ਮਾਰਸ਼ਲ ਆਰਟ ਕੋਚ ਨੇ Thailand ਘੁੰਮਣ ਗਏ UK ਦੇ ਪੰਜਾਬੀ ਪਰਿਵਾਰ ‘ਤੇ ਕੀਤਾ ਹਮਲਾ, ਨੌਜਵਾਨ ਦੀ ਮੌਤ

On Punjab

ਪੰਜਾਬ ਸਰਕਾਰ ਨੂੰ ਝਟਕਾ, ਹਾਈ ਕੋਰਟ ਨੇ ਲੈਂਡ ਪੂਲਿੰਗ ਨੀਤੀ ’ਤੇ ਚਾਰ ਹਫ਼ਤੇ ਲਈ ਰੋਕ ਲਾਈ

On Punjab

ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਪੈਂਤਰਾ, ਅੰਤਰਰਾਸ਼ਟਰੀ ਅਦਾਲਤ ‘ਚ ਕੀਤੀ ਫਾਂਸੀ ਰੋਕਣ ਦੀ ਅਪੀਲ

On Punjab