ਬੰਗਾਲ-ਪੱਛਮੀ ਬੰਗਾਲ ਵਿੱਚ ਸਿਆਸੀ ਤਾਕਤ ਦੇ ਵੱਡੇ ਇਮਤਿਹਾਨ ਵਜੋਂ ਦੇਖੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ ਹੋ ਗਿਆ। ਚੋਣ ਕਮਿਸ਼ਨ ਵੱਲੋਂ ਦੁਪਹਿਰ 5 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪੱਛਮੀ ਬੰਗਾਲ 89.93 ਫੀਸਦੀ ਦੀ ਸ਼ਾਨਦਾਰ ਵੋਟਿੰਗ ਦਰ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਤਾਮਿਲਨਾਡੂ ਵਿੱਚ 82.24 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੋਵਾਂ ਸੂਬਿਆਂ ਵਿੱਚ ਵੋਟਰ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈ ਰਹੇ ਹਨ। ਪੱਛਮੀ ਬੰਗਾਲ ਦੇ ਪਹਿਲੇ ਪੜਾਅ ਦੀਆਂ 152 ਸੀਟਾਂ ’ਤੇ ਹੋ ਰਹੀ ਵੋਟਿੰਗ ਵਿੱਚ ਪੱਛਮੀ ਮੇਦਨੀਪੁਰ 65.77 ਫੀਸਦੀ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਝਾਰਗ੍ਰਾਮ ਵਿੱਚ 65.31 ਫੀਸਦੀ ਅਤੇ ਬਾਂਕੁਰਾ ਵਿੱਚ 64.58 ਫੀਸਦੀ ਵੋਟਿੰਗ ਹੋਈ ਹੈ। ਮਾਲਦਾ ਵਿੱਚ ਸਭ ਤੋਂ ਘੱਟ 58.45 ਫੀਸਦੀ ਮਤਦਾਨ ਦਰਜ ਕੀਤਾ ਗਿਆ। ਪੱਛਮੀ ਬੰਗਾਲ ਅਤੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਨਤੀਜੇ ਵਜੋਂ ਸ਼ਾਮ 5 ਵਜੇ ਤੱਕ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ 89.93% ਵੋਟਿੰਗ ਨਾਲ ਸਭ ਤੋਂ ਅੱਗੇ ਰਿਹਾ, ਜਿੱਥੇ ਦਕਸ਼ਿਨ ਦੀਨਾਜਪੁਰ ਵਿੱਚ ਸਭ ਤੋਂ ਵੱਧ 93.12% ਅਤੇ ਕੂਚ ਬਿਹਾਰ, ਬੀਰਭੂਮ ਤੇ ਮੁਰਸ਼ਿਦਾਬਾਦ ਵਰਗੇ ਜ਼ਿਲ੍ਹਿਆਂ ਵਿੱਚ ਵੀ ਵੋਟਿੰਗ ਦਾ ਅੰਕੜਾ 90% ਤੋਂ ਪਾਰ ਕਰ ਗਿਆ।
ਦੂਜੇ ਪਾਸੇ, ਤਮਿਲਨਾਡੂ ਵਿੱਚ ਵੀ 82.24% ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਵਿੱਚ ਕਰੂਰ ਜ਼ਿਲ੍ਹਾ 89.32% ਵੋਟਿੰਗ ਨਾਲ ਮੋਹਰੀ ਰਿਹਾ ਅਤੇ ਚੇਨਈ ਵਰਗੇ ਸ਼ਹਿਰੀ ਖੇਤਰਾਂ ਵਿੱਚ ਵੀ 81.34% ਵੋਟਿੰਗ ਦਰਜ ਹੋਈ। ਇਸ ਦੇ ਨਾਲ ਹੀ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਵੋਟਿੰਗ ਦੀ ਰਫ਼ਤਾਰ ਸ਼ਾਮ ਤੱਕ ਵਧ ਗਈ, ਜਿੱਥੇ ਗੁਜਰਾਤ ਦੀ ਉਮਰੇਠ ਸੀਟ ‘ਤੇ 54.43% ਅਤੇ ਮਹਾਰਾਸ਼ਟਰ ਦੇ ਬਾਰਾਮਤੀ ਵਿੱਚ 52.44% ਵੋਟਿੰਗ ਹੋਈ। ਸ਼ਾਮ ਦੇ ਇਹ ਅੰਕੜੇ ਦਰਸਾਉਂਦੇ ਹਨ ਕਿ ਵੋਟਿੰਗ ਦੇ ਅੰਤਿਮ ਘੰਟਿਆਂ ਵਿੱਚ ਵੋਟਰਾਂ ਦੀ ਭਾਗੀਦਾਰੀ ਵਿੱਚ ਜ਼ਬਰਦਸਤ ਉਛਾਲ ਆਇਆ ਹੈ।
ਉੱਤਰੀ ਬੰਗਾਲ ਦੇ ਦਾਰਜੀਲਿੰਗ ਤੇ ਜਲਪਾਈਗੁੜੀ ਤੋਂ ਲੈ ਕੇ ਦੱਖਣ ਦੇ ਮੁਰਸ਼ਿਦਾਬਾਦ, ਨਾਦੀਆ ਅਤੇ ਹੁਗਲੀ ਵਰਗੇ ਜ਼ਿਲ੍ਹਿਆਂ ਵਿੱਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਦਿਖਾਈ ਦੇ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਇਸ ਪੜਾਅ ਵਿੱਚ ਕੁੱਲ 3.6 ਕਰੋੜ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ ਲਗਭਗ 1.75 ਕਰੋੜ ਮਹਿਲਾਵਾਂ ਅਤੇ 465 ਥਰਡ ਜੈਂਡਰ ਵੋਟਰ ਸ਼ਾਮਲ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਹਿਲਾ ਗੇੜ ਸੂਬੇ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗਾ, ਜਿੱਥੇ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿੱਚ ਹਨ, ਉੱਥੇ ਹੀ ਭਾਜਪਾ ਇਸ ਵਾਰ ਵੱਡਾ ਉਲਟਫੇਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ।
ਸੂਬੇ ਭਰ ਵਿੱਚ ਕੇਂਦਰੀ ਨੀਮ ਫੌਜੀ ਬਲਾਂ ਦੀਆਂ ਰਿਕਾਰਡ 2,450 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ ਢਾਈ ਲੱਖ ਜਵਾਨ ਸ਼ਾਮਲ ਹਨ। ਚੋਣ ਕਮਿਸ਼ਨ ਨੇ 8,000 ਤੋਂ ਵੱਧ ਪੋਲਿੰਗ ਸਟੇਸ਼ਨਾਂ ਨੂੰ ‘ਅਤਿ-ਸੰਵੇਦਨਸ਼ੀਲ’ ਐਲਾਨਿਆ ਹੈ। ਮਾਲਦਾ, ਮੁਰਸ਼ਿਦਾਬਾਦ, ਕੂਚ ਬਿਹਾਰ ਅਤੇ ਬੀਰਭੂਮ ਵਰਗੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ 2,193 ਤੋਂ ਵੱਧ ਤੁਰੰਤ ਕਾਰਵਾਈ ਟੀਮਾਂ (QRT) ਅਤੇ ਫਲਾਇੰਗ ਸਕੁਐਡ ਮੈਦਾਨ ਵਿੱਚ ਉਤਾਰੇ ਗਏ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ, ਪਰ ਸਿਆਸੀ ਸਰਗਰਮੀਆਂ ਕਾਰਨ ਪੂਰੇ ਬੰਗਾਲ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ।

