PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬ੍ਰਿਟੇਨ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ: ਪੜ੍ਹਾਈ ਤੋਂ ਲੈ ਕੇ ਪੱਕੀ ਜੌਬ ਤੱਕ ਮਿਲੇਗਾ ਪੂਰਾ ਸਾਥ

ਲੰਡਨ-  ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਇੱਕ ਪ੍ਰਮੁੱਖ ਸੰਸਥਾ ਅਤੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ, ਰੁਜ਼ਗਾਰ ਦੇ ਮੌਕਿਆਂ, ਅੰਤਰਰਾਸ਼ਟਰੀ ਸਿੱਖਿਆ ਅਤੇ ਨੀਤੀਗਤ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਕੀਤਾ ਹੈ। ‘ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨਾਈ ਯੂਨੀਅਨ’ (NISAU) ਯੂਕੇ ਨੇ ਦੱਸਿਆ ਕਿ ‘ਲੰਡਨ ਮੈਟ’ ਦੇ ਨਾਂ ਨਾਲ ਜਾਣੀ ਜਾਂਦੀ ਇਸ ਯੂਨੀਵਰਸਿਟੀ ਨਾਲ ਪਿਛਲੇ ਹਫ਼ਤੇ ਹਾਊਸ ਆਫ਼ ਲਾਰਡਜ਼ ਦੇ ਕੰਪਲੈਕਸ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ।

ਸੰਸਥਾ ਅਨੁਸਾਰ, ਇਸ ਭਾਈਵਾਲੀ ਤਹਿਤ ਦੋਵਾਂ ਦੇਸ਼ਾਂ ਦੇ ਅਕਾਦਮਿਕ ਅਦਾਰਿਆਂ, ਰੁਜ਼ਗਾਰਦਾਤਿਆਂ (ਨਿਯੋਜਕਾਂ) ਅਤੇ ਨੀਤੀ ਘਾੜਿਆਂ ਨੂੰ ਇੱਕ ਮੰਚ ’ਤੇ ਲਿਆਉਣ ਵਾਲੇ ‘ਟ੍ਰਿਪਲ ਹੈਲਿਕਸ ਮਾਡਲ’ ’ਤੇ ਕੰਮ ਕੀਤਾ ਜਾਵੇਗਾ। ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋਫੈਸਰ ਜੂਲੀ ਹੌਲ ਨੇ ਕਿਹਾ, “ਲੰਡਨ ਮੈਟ ਵਿੱਚ ਸਾਡਾ ਉਦੇਸ਼ ਹਮੇਸ਼ਾ ਸਪੱਸ਼ਟ ਰਿਹਾ ਹੈ। ਅਸੀਂ ਸਿੱਖਿਆ ਦੇ ਜ਼ਰੀਏ ਲੋਕਾਂ ਦੇ ਜੀਵਨ ਵਿੱਚ  ਹਾਂਪੱਖੀ ਬਦਲਾਅ ਲਿਆਉਣਾ ਚਾਹੁੰਦੇ ਹਾਂ।”ਉਨ੍ਹਾਂ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਸਾਡੇ ਭਾਈਚਾਰੇ, ਦ੍ਰਿਸ਼ਟੀਕੋਣ ਅਤੇ ਭਾਈਵਾਲੀਆਂ ਵਿੱਚ ਵੀ ਇਹ ਵਿਭਿੰਨਤਾ ਝਲਕੇ। ਮਿਲ ਕੇ ਕੰਮ ਕਰਨ ਨਾਲ ਅਸੀਂ ਅਜਿਹੇ ਮੌਕੇ ਅਤੇ ਰਸਤੇ ਤਿਆਰ ਕਰ ਸਕਦੇ ਹਾਂ, ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਨਵੇਂ ਤਜਰਬੇ ਹਾਸਲ ਕਰਨ, ਆਪਣੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਅਤੇ ਭਵਿੱਖ ਦੇ ਆਗੂ, ਨਵਾਂ-ਨਿਵੇਕਲਾ ਸੋਚਣ ਵਾਲੇ (ਨਵੀਨਤਾਕਾਰ) ਤੇ ਗਲੋਬਲ ਨਾਗਰਿਕ ਬਣਨ ਵਿੱਚ ਮਦਦ ਮਿਲੇਗੀ।”

ਇਸ ਭਾਈਵਾਲੀ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੰਡਨ ਮੈਟ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਬ੍ਰਿਟੇਨ ਅਤੇ ਭਾਰਤ ਦੇ ਰੁਜ਼ਗਾਰਦਾਤਿਆਂ ਦੀਆਂ ਲੋੜਾਂ ਦੇ ਅਨੁਕੂਲ ਹੋਵੇ। ਨਾਲ ਹੀ, ਇਹ ਦੋਵਾਂ ਸਰਕਾਰਾਂ ਵਿਚਾਲੇ ‘ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ’ (CETA) ਅਤੇ ‘ਵਿਜ਼ਨ 2035’ ਤਹਿਤ ਜਾਰੀ ਯਤਨਾਂ ਨਾਲ ਵੀ ਜੁੜੀ ਰਹੇ। ਐੱਨਆਈਐੱਸਏਯੂ (NISAU) ਦੀ ਸੰਸਥਾਪਕ ਅਤੇ ਪ੍ਰਧਾਨ ਸਨਮ ਅਰੋੜਾ ਨੇ ਕਿਹਾ, “ਵਪਾਰਕ ਸਮਝੌਤਾ ਅਤੇ ‘ਵਿਜ਼ਨ 2035’ ਭਾਰਤ-ਬ੍ਰਿਟੇਨ ਸਬੰਧਾਂ ਦੀ ਦਿਸ਼ਾ ਤੈਅ ਕਰਦੇ ਹਨ। ਪਰ ਇਸ ਰਿਸ਼ਤੇ ਨੂੰ ਅਸਲ ਰੂਪ ਦੇਣ ਦਾ ਕੰਮ ਹਰ ਸਾਲ ਬ੍ਰਿਟੇਨ ਆਉਣ ਵਾਲੇ ਹਜ਼ਾਰਾਂ ਭਾਰਤੀ ਵਿਦਿਆਰਥੀ ਕਰਦੇ ਹਨ।”

ਉਨ੍ਹਾਂ ਕਿਹਾ, “ਇਹ ਭਾਈਵਾਲੀ ਵਿਦਿਆਰਥੀਆਂ ਦੇ ਪੂਰੇ ਸਫ਼ਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਵਿੱਚ ਭਾਰਤ ਵਿੱਚ ਕਿਸੇ ਵਿਦਿਆਰਥੀ ਦੇ ਬ੍ਰਿਟੇਨ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਤੋਂ ਲੈ ਕੇ ਉਸ ਦੇ ਇੱਥੇ ਪਹੁੰਚਣ, ਲੰਡਨ ਮੈਟ ਵਿੱਚ ਸਿੱਖਿਆ ਹਾਸਲ ਕਰਨ ਅਤੇ ਇਸ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਤੱਕ ਦੇ ਸਾਰੇ ਪੜਾਅ ਸ਼ਾਮਲ ਹਨ।” ਅਰੋੜਾ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਦੋਵਾਂ ਦੇਸ਼ਾਂ ਵਿੱਚ ਵਿਦਿਆਰਥੀਆਂ ਦੇ ਇਸ ਸਫ਼ਰ ’ਤੇ ਅਸਰ ਪਾਉਣ ਵਾਲੀਆਂ ਤਿੰਨ ਪ੍ਰਮੁੱਖ ਜ਼ਿੰਮੇਵਾਰੀਆਂ – ਯੂਨੀਵਰਸਿਟੀਆਂ, ਰੁਜ਼ਗਾਰਦਾਤਿਆਂ ਅਤੇ ਨੀਤੀ ਘਾੜਿਆਂ – ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨਾ ਵੀ ਹੈ, ਤਾਂ ਜੋ ਲੰਡਨ ਮੈਟ ਤੋਂ ਪ੍ਰਾਪਤ ਕੀਤੀ ਸਿੱਖਿਆ ਲੰਡਨ, ਭਾਰਤ ਅਤੇ ਹੋਰ ਦੇਸ਼ਾਂ ਵਿੱਚ ਰੁਜ਼ਗਾਰ ਤੇ ਕਰੀਅਰ ਦੇ ਨਵੇਂ ਮੌਕਿਆਂ ਦੇ ਦੁਆਰ ਖੋਲ੍ਹ ਸਕੇ।

ਐੱਨਆਈਐੱਸਏਯੂ ਯੂਕੇ ਨੇ ਕਿਹਾ ਕਿ ਸਮਝੌਤਾ ਪੱਤਰ (MoU) ਦਾ ਮਕਸਦ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਲੈ ਕੇ ਰੁਜ਼ਗਾਰ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ। ਇਸ ਤਹਿਤ ਲੰਡਨ ਮੈਟ ਵਿੱਚ ਦਾਖਲਾ ਲੈਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਵਿੱਚ ਪੜ੍ਹਾਈ ਦੇ ਬਦਲ ’ਤੇ ਵਿਚਾਰ ਕਰਨ ਦੇ ਸ਼ੁਰੂਆਤੀ ਚਰਨ ਤੋਂ ਲੈ ਕੇ ਉਨ੍ਹਾਂ ਦੇ ਆਗਮਨ, ਸਿੱਖਿਆ, ਭਲਾਈ, ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਅਤੇ ਉਸ ਤੋਂ ਬਾਅਦ ਕਰੀਅਰ ਬਣਾਉਣ ਤੱਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਸਥਾਪਿਤ NISAU ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਹੱਕਾਂ ਲਈ ਮੁਹਿੰਮ ਚਲਾਉਣ ਦੇ ਨਾਲ-ਨਾਲ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਕੰਮ ਕਰਦੀ ਹੈ।

Related posts

Kalpana Chawla ਨੂੰ ਮਿਲਿਆ ਵੱਡਾ ਸਨਮਾਨ, ਉਸ ਦੇ ਨਾਂ ਨਾਲ ਜਾਣਿਆ ਜਾਵੇਗਾ ਅਮਰੀਕੀ ਪੁਲਾੜ

On Punjab

ਵਿਰਾਸਤੀ ਮੇਲਾ: ਸੰਗੀਤ ਪ੍ਰੇਮੀਆਂ ਨੇ ਸ਼ਾਸਤਰੀ ਸੰਗੀਤ ਦਾ ਆਨੰਦ ਮਾਣਿਆ

On Punjab

ਦਿੱਲੀ ‘ਚ ਅੱਜ ਤੋਂ ਉਪ-ਰਾਜਪਾਲ ਦੀ ਸਰਕਾਰ, ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਨਵਾਂ ਕਾਨੂੰਨ

On Punjab