ਅਸੀਂ ਇਕ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿਸ ਵਿਚ ਮਨੁੱਖ ਦੇ ਅੰਦਰੂਨੀ ਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਦੇ ਬਾਹਰੀ ਸਹੁੱਪਣ ਦਾ ਹੀ ਮੁੱਲ ਪਾਇਆ ਜਾਂਦਾ ਹੈ। ਭਾਵੇਂ ਖ਼ੂਬਸੂਰਤ ਜਾਂ ਖ਼ੂਬ ਸੂਰਤ ਨਾ ਹੋਣਾ, ਇਹ ਸਭ ਤਾਂ ਪ੍ਰਮਾਤਮਾ ਵਲੋਂ ਮਿਲਿਆ ਤੋਹਫ਼ਾ ਹੁੰਦਾ ਹੈ, ਜਿਸ ਨੂੰ ਜਨਮ ਤੋਂ ਪਹਿਲਾ ਮਾਤਾ ਪਿਤਾ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ। ਭਾਵੇਂ ਖੂਬਸੂਰਤੀ ਮਾਪਣ ਦਾ ਕੋਈ ਵੀ ਨਿਰਧਾਰਤ ਪੈਮਾਨਾ ਨਹੀਂ ਹੈ, ਪਰ ਫਿਰ ਵੀ ਸਾਡੇ ਸਮਾਜ ਵਿਚ ਲੰਬਾ ਕੱਦ, ਗੋਰ ਰੰਗ, ਚਮਕਦੇ ਦੰਦ ਅਤੇ ਮੋਟੀਆਂ ਚਮਕਦੀਆਂ ਅੱਖਾਂ, ਬੱਸ ਇਸ ਨੂੰ ਹੀ ਖੂਬਸੂਰਤੀ ਮੰਨ ਲਿਆ ਜਾਂਦਾ ਹੈ। ਹਾਲਾਂਕਿ ਖੂਬਸੂਰਤੀ ਨੂੰ ਮਾਪਣ ਦਾ ਕੋਈ ਪੈਮਾਣਾ ਨਹੀਂ ਹੈ, ਪਰ ਫਿਰ ਵੀ ਦੁਨੀਆਂ ਪਹਿਲ ਦੇ ਆਧਾਰ ‘ਤੇ ਇਸੇ ਨੂੰ ਸਾਹਮਣੇ ਰੱਖਦੀ ਹੈ।
ਹੁਣ ਜੋ ਲੋਕ ਜਿਹੜੇ ਖੂਬਸੂਰਤ ਨਹੀਂ, ਰੰਗ ਵੀ ਗੋਰਾਂ ਨਹੀਂ, ਕੱਦ ਵੀ ਲੰਬਾ ਨਹੀਂ, ਅੱਖਾਂ ਵੀ ਛੋਟੀਆਂ ਹਨ, ਉਹ ਕਿਧਰ ਜਾਣ? ਲੋਕ ਇਹ ਕਿਉਂ ਨਹੀਂ ਸਮਝਦੇ ਕਿ ਖੂਬਸੂਰਤ ਚਿਹਰਾ ਇਕ ਦਿਨ ਢਲ ਜਾਵੇਗਾ ਤੇ ਗਠਿਆ ਹੋਇਆ ਸਰੀਰ ਵੀ ਚਲਾ ਜਾਵੇਗਾ, ਪਰ ਖ਼ੂਬਸੂਰਤ ਦਿਲ ਹਮੇਸ਼ਾਂ ਖੂਬਸੂਰਤ ਅਤੇ ਸਮਝਦਾਰ ਹੀ ਰਹੇਗਾ। ਆਮ ਤੌਰ ਤੇ ਆਪਣੇ ਕੋਝੇਪਣ ਦਾ ਸੰਤਾਪ ਸਾਰੀ ਜਿੰਦਗੀ ਔਰਤ ਜਾਤੀ ਨੂੰ ਹੰਢਾਉਣਾ ਪੈਦਾ ਹੈ। ਉਹ ਆਪਣੇ ਕੋਝੇ ਤੋਂ ਖੁਦ ਵੀ ਬਚਪਨ ਤੋਂ ਲੈ ਕੇ ਰਿਸ਼ਤਾਂ ਹੋਣ ਤੱਕ ਅਣਜਾਣ ਹੀ ਰਹਿੰਦੀਆਂ ਹਨ। ਜਦੋਂ ਰਿਸ਼ਤਾ ਕਰਨ ਦਾ ਟਾਇਮ ਆਉਂਦਾ ਹੈ, ਫਿਰ ਉਨ੍ਹਾਂ ਦਾ ਕੋਝ ਉਨ੍ਹਾਂ ਦੇ ਸਾਹਮਣੇ ਆਉਂਦਾ ਹੈ ਕਿ ਲੜਕੀ ਦਾ ਰੰਗ ਕਾਲਾ (ਸਾਵਲਾ), ਨੱਕ ਮੋਟਾ, ਕੱਦ ਛੋਟਾ (ਮੱਧਰਾ) ਤੇ ਲੱਤ ਵਿਚ ਮਾੜਾ ਮੋਟਾ ਨੁਕਸ। ਮਾਂ ਬਾਪ ਨੂੰ ਆਪਣੇ ਬੱਚੇ ਹਮੇਸ਼ਾਂ ਹੀ ਬਹੁਤ ਖੂਬਸੂਰਤ ਲੱਗਦੇ ਹਨ। ਜੇਕਰ ਮਾਂ ਦੀ ਅੱਖ ਨਾਲ ਦੇਖਿਆ ਜਾਵੇ ਤਾਂ ਉਸ ਦਾ ਬੱਚਾ ਹੀ ਉਸ ਨੂੰ ਦੁਨੀਆਂ ਦਾ ਅਣਮੋਲ ਅਤੇ ਖੂਬਸੂਰਤ ਤੋਹਫ਼ਾ ਲੱਗਦਾ ਹੈ।
ਪਰ ਜਦੋਂ ਸਮਾਜ ਦੀ ਗੱਲ ਆਉਂਦੀ ਹੈ ਤਾਂ ਕਿਸੇ ਅੰਦਰ ਪਾਈਆਂ ਜਾਣ ਵਾਲੀਆਂ ਤਰੁੱਟੀਆਂ ਇਕ ਇਕ ਕਰਕੇ ਬਾਹਰ ਲਿਆਦੀਆਂ ਜਾਂਦੀਆਂ ਹਨ। ਜਿਨ੍ਹਾਂ ਦਾ ਕਦੇ ਵੀ ਜ਼ਿਕਰ ਹੀ ਨਹੀਂ ਹੋਇਆ ਹੁੰਦਾ ਤੇ ਨਾ ਹੀ ਮਾਪਿਆਂ ਦੇ ਘਰ ਕਦੇ ਤਰੁੱਟੀ ਨੂੰ ਤਵੱਜੋਂ ਹੀ ਦਿੱਤੀ ਜਾਂਦੀ ਹੈ। ਪਰ ਹਰ ਇਕ ਮਰਦ ਆਪ ਭਾਵੇਂ ਕਿਹੋ ਜਿਹਾ ਵੀ ਕਿਉਂ ਨਾ ਹੋਵੇ ਇਕ ਅਜਿਹੀ ਔਰਤ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ, ਜਿਹੜੀ ਦੁਨੀਆਂ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਔਰਤ ਹੋਵੇ, ਪਰ ਔਰਤ ਉਸ ਮਰਦ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ, ਜੋ ਦੁਨੀਆਂ ਦਾ ਸਭ ਤੋਂ ਤਾਕਤਵਰ ਅਤੇ ਭਾਵਨਾਵਾਂ ਦੀ ਸਮਝ ਰੱਖਣ ਵਾਲਾ ਇਨਸਾਨ ਹੋਵੇ।
ਪਰ ਔਰਤ ਦੀ ਪਸੰਦ ਜਾਂ ਨਾ ਪਸੰਦ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ, ਉਸ ਨੂੰ ਸਮਾਜ ਦੇ ਡਰੋਂ, ਪਰਿਵਾਰ ਦੇ ਡਰੋਂ, ਅਜਿਹੇ ਮਰਦ ਨਾਲ ਸ਼ਾਦੀ ਕਰਨੀ ਪੈਂਦੀ ਹੈ, ਜੋ ਉਸ ਦੇ ਪਰਿਵਾਰ ਵਲੋਂ ਆਪਣੇ ਪਰਿਵਾਰ ਦੇ ਕੱਦ ਕਾਠ ਮੁਤਾਬਿਕ ਪਾਸੰਦ ਕੀਤਾ ਜਾਂਦਾ ਹੈ। ਚਾਹੇ ਜਿਹੋ ਜਿਹਾ ਮਰਜੀ ਹੋਵੇ…ਅਜੋਕੇ ਸਮੇਂ ਵਿਚ ਬਹੁਤ ਸਾਰੀਆਂ ਪੜੀਆਂ ਲਿਖੀਆਂ ਖੂਬਸੂਰਤ, ਸਮਝਦਾਰ ਨਵੀਂ ਸੋਚ ਰੱਖਣ ਵਾਲੀਆਂ ਕੁੜੀਆਂ, ਕਿਸੇ ਉੱਚੇ ਅਹੁਦੇ ਵਾਲੇ ਅਫਸਰ, ਪੈਸੇ ਵਾਲੇ, ਜਮੀਨ ਜ਼ਾਇਦਾਦ, ਸਮਾਜ ਵਿਚ ਦਰਜਾ ਪ੍ਰਾਪਤ ਪਰਿਵਾਰ ਦੀ ਭੇਟਾਂ ਚੜ ਜਾਂਦੀਆਂ ਹਨ ਤੇ ਆਪਣਾ ਵਜੂਦ ਗਵਾ ਕੇ ਆਪਣੀ ਸੁੰਦਰਤਾ ਦਾ ਸੰਤਾਪ ਸਾਰੀ ਉਮਰ ਹੰਢਾਉਂਦੀਆਂ ਹਨ। ਉਨ੍ਹਾਂ ਦੀ ਸੁੰਦਰਤਾ ਅਤੇ ਲਿਆਕਤ ਉਨ੍ਹਾਂ ਲਈ ਵਰਦਾਨ ਦੀ ਥਾਂ ਤੇ ਸਰਾਪ ਸਿੱਧ ਹੁੰਦੀ ਹੈ।
ਆਮ ਤੌਰ ਤੇ ਮਰਦਾਂ ਦੇ ਮਾਮਲੇ ਵਿਚ ਇਹ ਸੰਤਾਪ ਘੱਟ ਵੇਖਣ ਨੂੰ ਮਿਲਦਾ ਹੈ, ਕਿਉਂਕਿ ਜੇਕਰ ਔਰਤ ਖੂਬਸੂਰਤ ਨਹੀਂ, ਜਾਂ ਉਸ ਦੇ (ਮਰਦ) ਦੇ ਮਨ ਨੂੰ ਨਹੀਂ ਲੱਗਦਾ ਤਾਂ ਉਹ ਔਰਤ ਨੂੰ ਬਹੁਤ ਜ਼ਿਆਦਾ ਅਪਮਾਨਿਤ ਕਰਦਾ ਹੈ। ਕੁੱਟਦਾ ਮਾਰਦਾ ਹੈ, ਗੱਲ ਗੱਲ ‘ਤੇ ਉਸ ਨੂੰ ਬੇਇੱਜਤ ਕਰਨ ਦਾ ਮੌਕਾ ਕਦੇ ਵੀ ਨਹੀਂ ਗੁਵਾਉਂਦਾ। ਔਰਤ ਅੰਦਰ ਨੁਕਸਾ ਲੱਭਣ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਤੱਕ ਜਾਂਦਾ ਹੈ। ਉਸ ਦੇ ਆਤਮ ਵਿਸਵਾਸ਼ ਨੂੰ ਠੇਸ ਪਹੁੰਚਾਉਂਦਾ ਹੈ। ਉਸ ਉਪਰ ਚਰਿੱਤਰਹੀਨ ਹੋਣ ਤੱਕ ਦੇ ਦੋਸ਼ ਲਗਾਉਂਦਾ ਹੈ। ਔਰਤ ਨੂੰ ਬਹੁਤ ਹੀ ਨੀਵੇਂ ਦਰਜੇ ਦੀ ਘਟੀਆਂ ਔਰਤ ਕਹਿਣ ਤੋਂ ਵੀ ਨਹੀਂ ਝਿਜਕਦਾ ਤੇ ਕਈ ਵਾਰ ਆਨੇ ਬਹਾਨੇ ਉਸ ਤੋਂ ਛੁਟਕਾਰਾ ਪਾਉਣ ਲਈ ਐਕਸੀਡੈਂਟ ਕਰਨ ਦੀ ਨਾਕਾਮ ਕੋਸ਼ਿਸ ਵੀ ਕਰਦਾ ਹੈ। ਕਈ ਵਾਰ ਇਹ ਸਿਰੇ ਚੜ੍ਹ ਵੀ ਜਾਂਦੀ ਹੈ ਤੇ ਆਪ ਬਿਨ੍ਹਾਂ ਕਿਸੇ ਝਰੀਟ ਦੇ ਉਸ ਗੱਡੀ ਵਿਚੋਂ ਬਾਹਰ ਆ ਜਾਂਦਾ ਹੈ ਤੇ ਫਿਰ ਲੋਕ ਦਿਖਾਵੇ ਲਈ ਮਗਰਮੱਛ ਦੇ ਹੰਝੂ ਵਹਾਉਂਦਾ ਹੈ, ਜਿਵੇਂ ਉਸ ਨੂੰ ਸਾਰੀ ਕਾਨਾਇਤ ਦਾ ਦੁੱਖ ਹੋਵੇ। ਬਹੁਤ ਵਾਰ ਖੂਬਸੂਰਤੀ ਲਿਆਕਤ, ਸਮਾਜਿਕ, ਕਦਰਾਂ ਕੀਮਤਾਂ, ਆਪਣੀ ਰਿਸ਼ਤਿਆਂ ਦੀ ਸਮਝ ਔਰਤ ਕੋਲ ਮਰਦ ਤੋਂ ਜ਼ਿਆਦਾ ਹੁੰਦੀ ਹੈ। ਉਹ ਪੈਸਾ ਵੀ ਮਰਦ ਤੋਂ ਜ਼ਿਆਦਾ ਕਮਾਉਂਦੀ ਹੈ ਤੇ ਸਮਾਜ ਵਿਚ ਉਸ ਔਰਤ ਦਾ ਸਤਿਕਾਰ ਵੀ ਮਰਦ ਤੋਂ ਜ਼ਿਆਦਾ ਮਿਲਦਾ ਹੈ। ਭਾਵੇਂ ਉਹ ਆਪਣੇ ਸਤਿਕਾਰ ਦਾ ਸਾਰਾ ਸਿਹਰਾ ਆਪਣੇ ਪਤੀ ਸਿਰ ਬੰਨਦੀ ਹੈ, ਪਰ ਮਰਦ ਈਰਖਾਵਸ ਇਸ ਨੂੰ ਆਪਣਾ ਅਪਮਾਨ ਸਮਝ ਲੈਂਦਾ ਹੈ, ਤੇ ਇਸੇ ਅਪਮਾਨ ਦਾ ਬਦਲਾ ਲੈਣ ਲਈ ਹਰ ਦਿਨ ਨਵੀਂ ਸਕੀਮ ਬਣਾਉਂਦਾ ਹੈ।
ਜੇਕਰ ਔਰਤ ਫਿਰ ਵੀ ਕਿਸੇ ਗੱਲ ਨੂੰ ਮਨ ‘ਤੇ ਨਾ ਲਾਵੇ ਤਾਂ ਉਹ ਉਸ ਨੂੰ ਨਜ਼ਰ ਅੰਦਾਜ਼ ਕਰਕੇ ਕਿਸੇ ਹੋਰ ਔਰਤ ਪ੍ਰਤੀ ਅਕਰਸ਼ਿਕ ਹੁੰਦਾ ਹੈ। ਅਜਿਹਾ ਤਾਂ ਹੀ ਹੁੰਦਾ ਹੈ, ਜੇਕਰ ਮਰਦ ਸ਼ਾਂਦੀ ਤੋਂ ਪਹਿਲੋਂ ਕਿਸੇ ਔਰਤ ਦੇ ਪ੍ਰਭਾਵ ਗ੍ਰਿਫਤ ਵਿਚ ਹੋਵੇ। ਉਹ ਸ਼ਾਂਦੀ ਅਮੀਰਘਰ ਦੀ ਪੜ੍ਹੀ ਲਿਖੀ ਲੜਕੀ ਨਾਲ ਲਾਲਚ ਵੱਸ ਕਰਵਾਉਂਦਾ ਹੈ.. ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਹ ਆਪਣੇ ਪੁਰਾਣੇ ਆਲ੍ਹਣੇ ਵਿਚ ਚਲਾ ਜਾਂਦਾ ਹੈ। ਜੇਕਰ ਮਾੜੀ ਕਿਸਮਤ ਨਾਲ ਕੋਈ ਉਨ੍ਹਾਂ ਦੇ ਘਰ ਬੱਚਾ ਹੋ ਵੀ ਜਾਵੇ ਤਾਂ ਉਹ ਬੱਚਾ ਵੀ ਆਪਣੀ ਮਾਂ ਦੇ ਨਾਲ ਹੀ ਆਪਣੇ ਪਿਤਾ ਦੁਆਰਾ ਦਿੱਤੇ ਦੁੱਖਾਂ ਦਾ ਸੰਤਾਪ ਸਾਰੀ ਉਮਰ ਹੰਢਾਉਂਦਾ ਹੈ ਤੇ ਉਹ ਆਪਣੀ ਪਤਨੀ ਦੇ ਸਾਹਮਣੇ ਉਸ ਔਰਤ ਨਾਲ ਘੁੰਮਦਾ ਫਿਰਦਾ ਹੈ, ਉਸ ਦੀਆਂ ਸਮਾਜਿਕ ਆਰਥਿਕ ਜਿੰਮੇਵਾਰੀਆਂ ਚੁੱਕਦਾ ਹੈ ਤੇ ਉਸ ਔਰਤ ਨਾਲ ਭਾਵਨਾਤਮਿਕ ਸਾਂਝ ਨੂੰ ਹਮੇਸ਼ਾਂ ਹੀ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਬਣਾਉਣ ਦੀ ਅਣਥੱਕ ਕੋਸ਼ਿਸ਼ ਕਰਦਾ ਹੈ। ਉਸ ਨੂੰ ਆਪਣੇ ਦਿਲ ਦੇ ਕੈਮਰੇ ਵਿਚ ਕੈਦ ਕਰਕੇ ਰੱਖਦਾ ਹੈ। ਰਾਤ ਬਰਾਤੇ ਵੀ ਉਸ ਨੂੰ ਮਿਲਣ ਦਾ ਸਮਾਂ ਨਹੀਂ ਗੁਵਾਉਂਦਾ। ਸਮੇਂ ਸਮੇਂ ‘ਤੇ ਆਪਣੀ ਪਤਨੀ ਤੋਂ ਲੁਕੋ ਕੇ ਉਸ ਦੀਆਂ ਤਸਵੀਰਾਂ ਨੂੰ ਦੇਖਦਾ ਹੋਇਆ, ਵਿਸਕੀ ਦੇ ਪੈੱਗ ਲਗਾਉਂਦਾ ਹੈ। ਜੇਕਰ ਭੁੱਲ ਭੁਲੇਖੇ ਪਤਨੀ ਉਪਰ ਆ ਹੀ ਜਾਵੇ ਤਾਂ ਬੜੀ ਹੁਸ਼ਿਆਰੀ ਨਾਲ ਹਾਲਾਤ ਨੂੰ ਆਮ ਵਰਗੇ ਕਰਨ ਦੀ ਕੋਸ਼ਿਸ ਬੜੀ ਚਲਾਕੀ ਨਾਲ ਕਰਦਾ ਹੈ। ਵਿਆਹ ਸਮਾਰੋਹਾਂ ਵਿਚ ਵੀ ਉਹ ਪਰਾਈ ਔਰਤ ਉਸ ਦੀਆਂ ਅੱਖਾਂ ਦਾ ਕੇਂਦਰ ਬਿੰਦੂ ਬਣੀ ਰਹਿੰਦੀ ਹੈ ਅਤੇ ਉਹ ਆਪਣੀ ਪਤਨੀ ਤੋਂ ਅੱਖ ਬਚਾ ਕੇ ਉਸ ਦੇ ਦੁਆਲੇ ਹੀ ਘੁੰਮਦਾ ਹੈ। ਸ਼ਰਾਬੀ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਵਾਰ ਵਾਰ ਸਪਰਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਈ ਵਾਰ ਉਸ ਦਾ ਹੱਥ ਫੜ ਕੇ ਉਸ ਨਾਲ ਨਾਚ ਕਰਦਾ ਅਤੇ ਉਥੇ ਖੜੀ ਉਸ ਦੀ ਨਾਪਸੰਦ (ਪਤਨੀ) ਪਸੰਦ (ਪ੍ਰੇਮਕਾ) ਭਾਵ ਪਸੰਦ ਅਤੇ ਨਾ ਪਾਸੰਦ ਆਪਸ ਵਿਚ ਟਕਰਾਉਂਦੀਆਂ ਹਨ। ਜਿਥੇ ਪਸੰਦ ਦੀ ਜਿੱਤ ਜਾਂਦੀ ਹੈ ਤੇ ਨਾ ਪਸੰਦ ਚਕਨਾਚੂਰ ਹੋ ਜਾਂਦੀ ਹੈ।
ਅਜਿਹੀ ਸਥਿਤੀ ਤੋਂ ਅੱਗੇ ਹੋਰ ਸਥਿਤੀ ਨੂੰ ਬਿਆਨ ਕਰਦੀ ਇਕ ਕਹਾਣੀ ਜਿਸ ਵਿਚ ਲੜਕੀ ਜਿਸ ਦਾ ਰੰਗ ਕਾਲਾ ਸੀ, ਉਸ ਦੀ ਸ਼ਾਂਦੀ ਹੋ ਗਈ। ਉਸ ਵਿਚ ਕੋਈ ਨੁਕਸ ਨਹੀਂ ਸੀ, ਉਹ ਵਿਆਹ ਕੇ ਆਪਣੇ ਸਹੁਰੇ ਘਰ ਗਈ। ਬੱਸ ਕਾਲਾ ਰੰਗ ਹੀ ਉਸ ਦਾ ਦੁਸ਼ਮਣ ਬਣ ਗਿਆ। ਸ਼ਰੀਕਣਾ ਨੇ ਦੋ ਮਹੀਨਿਆ ਵਿਚ ਹੀ ਉਸ ਨੂੰ ਪਾਗਲ ਘੋਸ਼ਿਤ ਕਰ ਦਿੱਤਾ। ਘਰ ਵਾਲੇ ਨੂੰ ਤਾਂ ਉਹ ਪਹਿਲੋਂ ਹੀ ਪਸੰਦ ਨਹੀਂ ਸੀ, ਉਸ ਦਾ ਪਤੀ ਉਸ ਨੂੰ ਕਦੇ ਵੀ ਨਹੀਂ ਲੈ ਗਿਆ। ਬੇਟਾ ਹੋਣ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਆਏ ਤੇ ਉਸ ਤੋਂ ਪੁੱਛੇ ਬਗੈਰ ਹੀ ਉਸ ਦਾ ਬੇਟਾ ਲੈ ਗਏ ਕਿ ਇਹ ਤਾਂ ਖੁਦ ਪਾਗਲ ਹੈ ਆਪਦਾ ਆਪ ਨਹੀਂ ਸੰਭਾਲ ਸਕਦੀ, ਮੁੰਡਾ ਕੀ ਸੰਭਾਲੇਗੀ। ਉਸ ਦੀ ਉਮਰ 18 ਸਾਲ ਸੀ ਅਤੇ ਅੱਜ ਉਹ 50 ਸਾਲ ਦੀ ਹੈ। ਉਸ ਨੇ ਆਪਣੇ ਪਤੀ ਨੂੰ ਅੱਜ ਤੱਕ ਦੁਬਾਰਾ ਕਦੇ ਨਹੀਂ ਦੇਖਿਆ।
ਇਸ ਤੋਂ ਇਲਾਵਾ ਇਕ ਆਦਮੀ ਦੀ ਘਰ ਵਾਲੀ ਛੇ ਮਹੀਨੇ ਦਾ ਬੱਚਾ ਛੱਡ ਕੇ ਮਰ ਗਈ, ਹੁਣ ਬੱਚੇ ਦੀ ਸਾਂਭ ਸੰਭਾਲ ਦੀ ਜਿੰਮੇਵਾਰ ਤਾਂ ਕਿਸੇ ਨੂੰ ਬਣਾਉਣਾ ਹੀ ਸੀ। ਇਕ ਗਰੀਬ ਪਰਿਵਾਰ ਦੀ ਖੂਬਸੂਰਤ ਲੜਕੀ ਜਿਸ ਨੇ ਹਾਲੇ ਪਿੰਡ ਦੇ ਸਕੂਲ ਤੋਂ ਦਸਵੀਂ ਹੀ ਪਾਸ ਕੀਤੀ ਉਸ ਆਦਮੀ ਨਾਲ ਸ਼ਾਦੀ ਕਰਕੇ ਬੱਚਾ ਉਸ ਲੜਕੀ ਦੀ ਝੋਲੀ ਪਾ ਦਿੱਤਾ। ਹੁਣ ਉਹ ਮਾਸੂਮ ਲੜਕੀ ਕਦੇ ਉਸ ਬੱਚੇ ਵੱਲ ਦੇਖਦੀ ਤੇ ਕਦੇ ਆਪਣੇ ਵੱਲ ਕਿ ਇਸ ਬੱਚੇ ਦਾ ਕੀ ਕਰਨਾ। ਇਹ ਹਲਾਤਾਂ ਵਿਚੋਂ ਨਿਕਲਦੀ ਉਸ ਲੜਕੀ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਬਹੁਤ ਹੀ ਮਿਹਨਤ ਕੀਤੀ ਤੇ ਸਰਕਾਰੀ ਨੌਕਰੀ ਲੱਗ ਗਈ ਤੇ ਆਖਿਰ ਆਪਣੇ ਆਪ ਤੋਂ ਬਚਣ ਲਈ ਉਸ ਨੇ ‘ਸਾਹਿਤ’ ਦਾ ਸਹਾਰਾ ਲਿਆ ਤੇ ਅਖਬਾਰਾਂ ਰਸਾਲਿਆਂ ਵਿਚ ਛਪਣ ਲੱਗੀ ਤੇ ਆਪਣੀਆਂ ਕਿਤਾਬਾਂ ਲਿਖਣ ਲੱਗੀ। ਉਸ ਦੇ ਦੱਸਣ ਮੁਤਾਬਿਕ ਕਿ ਜਦੋਂ ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਆਪਣੇ ਘਰ ਇਕ ਹੋਰ ਬੱਚਾ ਹੋ ਜਾਣਾ ਚਾਹੀਦਾ ਹੈ ਤਾਂ ਉਹ ਰੁੱਸ ਕੇ ਕਈ ਕਈ ਦਿਨ ਉਸ ਨੂੰ ਬੁਲਾਉਂਦਾ ਹੀ ਨਹੀਂ ਸੀ ਅਤੇ ਨਾ ਹੀ ਘਰ ਆਉਂਦਾ ਸੀ। ਹਰ ਗੱਲ ਉਪਰ ਮਾਰਨ ਕੁੱਟਣ ਲੱਗਦਾ ਸੀ।
ਅਜਿਹੀ ਇਕ ਹੋਰ ਘਟਨਾ ਬਾਰੇ ਜਾਣਕਾਰੀ ਮਿਲੀ ਕਿ ਇਕ ਲੜਕੀ ਲੜਕੇ ਨਾਲੋਂ ਉਪਰ ਵਿਚ ਥੋੜੀ ਵੱਡੀ ਲੱਗਦੀ ਸੀ, ਉਹ ਲੜਕੀ ਉਸ ਲੜਕੇ ਦੇ ਮਨ ਲੱਗੀ ਹੀ ਨਹੀਂ। ਭਾਵੇਂ ਉਨ੍ਹਾਂ ਦੇ ਤਿੰਨ ਬੱਚੇ ਦੋ ਲੜਕੇ ਤੇ ਇਕ ਲੜਕੀ ਵੀ ਹੋਈ, ਪਰ ਉਸ ਲੜਕੇ ਨੇ ਕਦੇ ਵੀ ਉਸ ਔਰਤ ਨਾਲ ਗੱਲ ਸਾਂਝੀ ਨਹੀਂ ਕੀਤੀ। ਉਸ ਦਾ ਦੁਖਦਾ ਸੁਖਦਾ ਕਦੇ ਵੀ ਉਸ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ, ਉਸ ਨੂੰ ਕਦੇ ਵੀ ਬੁਲਾ ਕੇ ਨਹੀਂ ਦੇਖਿਆ ਤੇ ਨਾ ਹੀ ਕਦੇ ਉਸ ਨਾਲ ਉਨ੍ਹਾਂ ਨੂੰ ਇਕੱਠੇ ਕਿਤੇ ਆਉਂਦੇ ਜਾਂਦੇ। ਬਸ ਲੜਕੇ ਦੀ ਨਾ ਪਸੰਦਗੀ ਨੇ ਇਕ ਮਾਸੂਮ ਲੜਕੀ ਦੀ ਜਿੰਦਗੀ ਤਹਿਸ ਨਹਿਸ ਕਰ ਦਿੱਤੀ।
ਇਸ ਤਰ੍ਹਾ ਹੀ ਇਕ ਬੈਂਕ ਅਧਿਕਾਰੀ ਜਿਸ ਦੀ ਪਤਨੀ ਘਰੇਲੂ, ਸੰਸਕਾਰੀ ਤੇ ਕੰਮਕਾਰ ਵਿਚ ਨਿਪੁੰਨ ਪਰ ਜ਼ਿਆਦਾ ਪੜੀ ਲਿਖੀ ਨਹੀਂ ਸੀ। ਪਰ ਉਹ ਆਪਣੇ ਘਰ ਨੂੰ ਬਹੁਤ ਜ਼ਿਆਦਾ ਸਮਾਰਟ ਅਤੇ ਰੁਤਬੇ ਵਾਲਾ ਆਦਮੀ ਸਮਝਦਾ ਸੀ। ਉਸ ਨੂੰ ਆਪਣੀ ਪਤਨੀ ਜ਼ਿਆਦਾ ਪਸੰਦ ਨਹੀਂ ਸੀ, ਉਹ ਦੂਜੀ ਔਰਤ ਦੇ ਚੱਕਰ ਵਿਚ ਪੈ ਗਿਆ ਅਤੇ ਘਰੋਂ ਸਵੇਰੇ ਜਲਦੀ ਨਿਕਲ ਜਾਣਾ ਤੇ ਲੇਟ ਘਰ ਆਉਣਾ ਫਿਰ ਕਈ ਕਈ ਦਿਨ ਘਰੋਂ ਬਿਨ੍ਹਾਂ ਕਿਸੇ ਸੂਚਨਾ ਗੈਰ ਹਾਜ਼ਰ ਰਹਿਣਾ। ਇਸ ਤੇ ਉਸ ਦੀ ਪਤਨੀ ਤੇ ਬੇਟਾ ਬਹੁਤ ਤੰਗ ਰਹਿਣ ਲੱਗ ਪਏ, ਪਰ ਫਿਰ ਅਚਾਨਕ ਇਕ ਦਿਨ ਉਹ ਅਧਿਕਾਰੀ ਆਪਣੀ ਜਾਣਕਾਰ ਔਰਤ ਨੂੰ ਘਰ ਲੈ ਆਇਆ ਤੇ ਹੁਕਮ ਦਿੱਤਾ ਕਿ ਉਹ ਇਸੇ ਘਰ ਵਿਚ ਰਹੇਗੀ। ਉਹ ਹਫਤਾ ਦੋ ਹਫਤੇ ਰਹੀ ਵੀ ਘਰ ਵਿਚ ਬਹੁਤ ਕਲੇਸ਼ ਹੋਇਆ। ਬਹੁਤ ਲੜਾਈਆਂ ਹੋਈਆਂ ਤੇ ਉਸ ਦੀ ਪਤਨੀ ਨੇ ਰੋ ਰੋ ਕੇ ਆਪਣਾ ਦਿਮਾਗੀ ਸੰਤੁਲਣ ਗੁਵਾਉਣ ਦੇ ਕਿਨਾਰੇ ਪਹੁੰਚ ਗਈ। ਫਿਰ ਉਸ ਦੇ ਪੁੱਤਰ ਨੇ ਹੌਸਲਾ ਕੀਤਾ ਤੇ ਆਪਣੀ ਮਾਂ ਨਾਲ ਰਲ ਕੇ ਉਸ ਔਰਤ ਤੇ ਬੈਂਕ ਅਧਿਕਾਰੀ ਨੂੰ ਖੂਬ ਕੁੱਟਿਆ ਮਾਰਿਆ ਅਤੇ ਘਰੋਂ ਕੱਢ ਦਿੱਤਾ ਤੇ ਬੈਂਕ ਅਧਿਕਾਰੀ ਨੇ ਮਿਨਤਾਂ ਤਰਲੇ ਕਰਨ ਤੇ ਹੀ ਘਰ ਦੁਬਾਰਾ ਪ੍ਰਵੇਸ਼ ਮਿਲਿਆ। ਇਸੇ ਤਰ੍ਹਾਂ ਹੀ ਇਕ ਬੜੀ ਸੁੰਦਰ ਲੜਕੀ ਦੀ ਸ਼ਾਦੀ ਇਕ ਕਮਾਂਡੋ ਜਵਾਨ ਨਾਲ ਹੋ ਗਈ। ਲੜਕਾ ਕਿਤੇ ਹੋਰ ਸ਼ਾਦੀ ਕਰਨਾ ਚਾਹੁੰਦਾ ਸੀ, ਪਰ ਮਾਪਿਆਂ ਨੇ ਸਰਕਾਰੀ ਨੌਕਰੀ ਦੇ ਲਾਲਚ ਕਾਰਨ ਇਸੇ ਲੜਕੀ ਨਾਲ ਹੀ ਸ਼ਾਦੀ ਕਰਨ ਦੀ ਜਿੱਦ ਕੀਤੀ। ਲੜਕੀ ਦੀ ਸ਼ਾਦੀ ਹੋ ਗਈ। ਦੋ ਤਿਨ ਮਹੀਨੇ ਦੀ ਛੁੱਟੀ ਤੋਂ ਬਾਅਦ ਲੜਕਾ ਵਾਪਸ ਡਿਉਟੀ ਚਲਾ ਗਿਆ, ਉਹ ਜਾਂਦਾ ਹੋਇਆ ਲੜਕੀ ਦਾ ਏਟੀਐਮ ਕਾਰਡ ਵੀ ਨਾਲ ਲੈ ਗਿਆ। ਲੜਕੇ ਦੀ ਮਾਸੀ ਤੇ ਮੰਮੀ ਦੋਨੋ ਹੀ ਇਕ ਘਰ ਵਿਚ ਸਨ ਤੇ ਪੈਸਾ ਚਾਹੁੰਦੀਆਂ ਸਨ, ਪੈਸੇ ਉਸ ਲੜਕੀ ਨੂੰ ਵੀ ਚਾਹੀਦੇ ਸਨ। ਉਨ੍ਹਾਂ ਨੇ ਲੜਕੀ ਤੇ ਜੋਰ ਪਾਇਆ ਕਿ ਪਤੀ ਤੋਂ ਏਟੀਐਮ ਕਾਰਡ ਵਾਪਸ ਲੈ। ਪਰ ਉਹ ਪਤੀ ਤੋਂ ਬਹੁਤ ਡਰਦੀ ਸੀ। ਇਸੇ ਦੌਰਾਨ ਉਸ ਦੇ ਘਰ ਦੋ ਜੁੜਵਾਂ ਬੇਟੀਆਂ ਨੇ ਜਨਮ ਲਿਆ ਤੇ ਖਰਚੇ ਲਈ ਪੈਸੇ ਚਾਹੀਦੇ ਸਨ। ਲੜਕਾ ਖਰਚਾ ਵੀ ਨਹੀਂ ਦੇ ਰਿਹਾ ਸੀ ਤੇ ਏਟੀਐਮ ਵੀ ਨਹੀਂ ਦੇਣਾ ਚਾਹੁੰਦਾ ਸੀ, ਪਰ ਫਿਰ ਉਸ ਨੂੰ ਦੇਣਾ ਪਿਆ, ਪਰ ਪੈਸੇ ਉਸ ਲੜਕੀ ਕੋਲ ਹੀ ਹੋਣ ਕਰਕੇ ਉਸ ਲੜਕੇ ਨੂੰ ਉਸ ਦੇ ਘਰ ਵਾਲਿਆਂ ਨੇ ਆਪਣੇ ਵੱਲ ਕਰ ਲਿਆ ਤੇ ਉਸ ਨੇ ਮਾਂ ਤੇ ਮਾਸੀ ਪਿਛੇ ਲੱਗ ਕੇ ਘਰ ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਉਸ ਨੂੰ ਪਾਗਲ ਕਰਾਰ ਦੇ ਦਿੱਤਾ ਤੇ ਸਾਰੇ ਘਰ ਦਾ ਕੀਮਤੀ ਸਮਾਨ ਤੋੜ ਦਿੱਤਾ, ਤੇ ਉਸ ਨੂੰ ਮੈਂਟਲ ਹਸਪਤਾਲ ਭਰਤੀ ਕਰਵਾ ਦਿੱਤਾ ਤੇ ਉਹ ਇਹ ਸਦਮਾ ਨਾਲ ਸਹਾਰਦੇ ਹੋਏ ਆਪਣਾ ਦਿਮਾਗੀ ਸੰਤੁਲਨ ਖੋ ਬੈਠੀ ਅਤੇ ਹਰ ਸਮੇਂ ਆਪਣੇ ਪਤੀ ਬੱਚਿਆਂ ਦੀ ਗੱਲ ਕਰਦੀ ਕਿ ਮੈਂ ਜਲਦੀ ਹੀ ਆਪਣੇ ਘਰ ਜਾਣਾ।
ਆਮ ਤੌਰ ਤੇ ਔਰਤਾਂ ਘਰ ਟੁੱਟਣ ਦੇ ਡਰੋਂ ਬੱਚਿਆਂ ਦੇ ਮੋਹ, ਉਨ੍ਹਾਂ ਦੇ ਭਵਿੱਖ ਦੀ ਚਿੰਤਾ ਆਪਣੇ ਮਾਪਿਆਂ ਦੀ ਇੱਜਤ ਰੁਲਣ ਦੇ ਡਰੋਂ, ਸਮਾਜ ਦੇ ਤਾਹਨੇ ਮਿਹਣਿਆਂ ਦੇ ਡਰੋਂ… ਕਿ ਇਕ ਇਕੱਲੀ ਔਰਤ ਦਾ ਜੀਵਨ ਬਹੁਤ ਔਖਾ ਹੁੰਦਾ ਹੈ। ਉਹ ਬਹੁਤ ਸਾਰੇ ਸਰੀਰਕ, ਮਾਨਸਿਕ, ਭਾਵਨਾਤਮਿਕ ਤਸੀਹੇ ਝੱਲਦੀਆਂ ਹੋਈਆਂ ਆਪ ਨੂੰ ਹਾਲਾਤਾਂ ਦੇ ਹਵਾਲੇ ਕਰ ਦਿੰਦੀਆਂ ਹਨ ਅਤੇ ਚਲਾਕ ਅਤੇ ਸ਼ਾਤਰ ਮਰਦਾਂ ਨੂੰ ਮਨਮਾਨੀ ਕਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ।
ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਘਰ ਵਾਲੀ ਸਿਰਫ ਉਦੋਂ ਤੱਕ ਹੀ ਤੁਹਾਡੀ ਹੁੰਦੀ ਹੈ, ਜਦੋਂ ਤੱਕ ਉਹ ਤੁਹਾਡੇ ਨਾਲ ਰੁੱਸਦੀ, ਲੜਦੀ ਅਤੇ ਹੰਝੂ ਕੇਰਦੀ ਹੈ। ਤੁਹਾਨੂੰ ਖਰੀਆਂ ਖੋਟੀਆਂ ਸੁਣਾਉਂਦੀ ਹੈ। ਤਾਹਨੇ ਮਿਹਨੇ ਮਾਰਦੀ ਹੈ… ਜੋ ਵੀ ਉਸ ਦੇ ਮਨ ਵਿਚ ਹੁੰਦਾ ਹੈ, ਬਿਨ੍ਹਾਂ ਸ਼ਬਦਾਂ ਦਾ ਜਾਮਾ ਪਹਿਨਾਏ ਬੇ-ਧੜਕ ਹੋ ਕੇ ਕਹਿੰਦੀ ਹੈ। ਪਰ ਜਦੋਂ ਉਹ ਦੇਖ ਲੈਂਦੀ ਹੈ ਕਿ ਉਸ ਦੇ ਰੁੱਸਣ ਦਾ, ਉਸ ਦੇ ਹੰਝੂਆਂ ਦਾ ਤੁਹਾਡੇ ‘ਤੇ ਕੋਈ ਫਰਕ ਨਹੀਂ ਤਾਂ ਉਹ ਇਕ ਦਿਨ ਰੁਸਣਾ ਛੱਡ ਦਿੰਦੀ ਹੈ ਤੇ ਤੁਹਾਡੀ ਹਰ ਗੱਲ ਦਾ ਜਵਾਬ ਹੱਸ ਕੇ ਦੇਣ ਲੱਗਦੀ ਹੈ। ਸਮੇਟ ਲੈਂਦੀ ਹੈ ਅਤੇ ਆਪਣੇ ਆਪ ਨੂੰ….ਤੇ ਤੁਸੀਂ ਸਮਝਣ ਲੱਗਦੇ ਹੋ…ਸਭ ਠੀਕ ਹੋ ਗਿਆ। ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹ ਸ਼ਾਂਤ ਨਹੀਂ, ਉਹ ਜਿਉਂਦੇ ਜੀਅ ਮਰ ਚੁੱਕੀ ਹੈ। ਕਿਤੇ ਨਾ ਕਿਤੇ ਉਸ ਨੇ ਆਪਣੀਆਂ ਖਵਾਇਸ਼ਾਂ ਦਾ, ਇੱਛਾਵਾਂ ਦਾ, ਭਾਵਨਾਵਾਂ ਦਾ ਗਲਾ ਘੁੱਟ ਦਿੱਤਾ ਹੈ ਅਤੇ ਹੁਣ ਜੋ ਤੁਹਾਡੇ ਕੋਲ ਹੈ, ਉਹ ਤੁਹਾਡੇ ਨਾਲ ਰਹਿ ਕੇ ਵੀ ਤੁਹਾਡੀ ਨਹੀਂ ਹੈ। ਔਰਤ ਮਾਣ ਸਨਮਾਣ ਦੀ ਭੁੱਖੀ ਹੈ….. ਤੇ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਣਿਆਂ ਦਾ ਮਰ ਜਾਣਾ।
ਲੇਖਿਕਾ:- ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905

