ਬਿਹਾਰ- ਸੱਤਾਧਾਰੀ ਐੱਨਡੀਏ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪ੍ਰੇਸ਼ਨ ਸਿੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਇਸ ਮੁੱਦੇ ’ਤੇ ਇੱਕ ਮਤਾ ਪਾਸ ਕੀਤਾ। ਜਿਵੇਂ ਹੀ ਸ੍ਰੀ ਮੋਦੀ ਸੰਸਦ ਲਾਇਬਰੇਰੀ ਇਮਾਰਤ ਵਿੱਚ ਐੱਨਡੀਏ ਸੰਸਦੀ ਪਾਰਟੀ ਦੀ ਮੀਟਿੰਗ ਲਈ ਪਹੁੰਚੇ, ਉਨ੍ਹਾਂ ਦਾ ਸਵਾਗਤ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਨਾਲ ਕੀਤਾ ਗਿਆ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਫੁੱਲ ਮਾਲਾਵਾਂ ਪਹਿਨਾਈਆਂ ਅਤੇ ਬਾਕੀ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ 22 ਅਪਰੈਲ ਨੂੰ ਪਹਿਲਗਾਮ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ 26 ਭਾਰਤੀ ਨਾਗਰਿਕਾਂ ਦੀ ਕੀਤੀ ਹੱਤਿਆ ਦਾ ਬਦਲਾ ਲੈਣ ਲਈ ਸ਼ੁਰੂ ਕੀਤੇ ਗਏ ਸਫਲ ਆਪ੍ਰੇਸ਼ਨ ਸਿੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਲਈ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਧਾਰਾ 370 ਰੱਦ ਕੀਤੇ ਜਾਣ ਦੀ ਛੇਵੀਂ ਵਰ੍ਹੇਗੰਢ ਮੌਕੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (NDA) ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਅਮਿਤ ਸ਼ਾਹ ਅਤੇ ਜੇਪੀ ਨੱਡਾ ਤੋਂ ਲੈ ਕੇ ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰ ਤੇ ਸੀਨੀਅਰ ਮੰਤਰੀ ਬੈਠਕ ਵਿਚ ਸ਼ਾਮਲ ਹੋ ਰਹੇ ਹਨ। ਐੱਨਡੀਏ ਸੰਸਦੀ ਪਾਰਟੀ ਦੀ ਆਖਰੀ ਵੱਡੀ ਮੀਟਿੰਗ 2 ਜੁਲਾਈ, 2024 ਨੂੰ ਮੋਦੀ ਦੇ ਐੱਨਡੀਏ ਗਠਜੋੜ ਦੇ ਨੇਤਾ ਅਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੋਈ ਸੀ।