ਚੰਡੀਗੜ੍ਹ- ਪੰਜਾਬ ’ਚ ਵੀਰਵਾਰ ਸ਼ਾਮ ਤੋਂ ਤੇਲ ਪੰਪ ਡਰਾਈ ਹੋਣ ਲੱਗੇ ਹਨ ਅਤੇ ਡਰੰਮਾਂ ’ਚ ਖੁੱਲ੍ਹਾ ਤੇਲ ਦੇਣਾ ਬੰਦ ਕਰ ਦਿੱਤਾ ਗਿਆ ਹੈ। ਜੰਗੀ ਤਣਾਅ ਦੇ ਚੱਲਦਿਆਂ ਲੋਕਾਂ ’ਚ ਤੇਲ ਦੀ ਕਿੱਲਤ ਪੈਣ ਹੋਣ ਦਾ ਡਰ ਪੈਦਾ ਹੋ ਗਿਆ। ਉੱਪਰੋਂ ਲੌਕਡਾਊਨ ਦੀ ਅਫ਼ਵਾਹ ਨੇ ਲੋਕਾਂ ਦੀ ਘਬਰਾਹਟ ਵਧਾ ਦਿੱਤੀ। ਤੇਲ ਦੀਆਂ ਕੀਮਤਾਂ ’ਚ ਬੜ੍ਹੌਤਰੀ ਦਾ ਡਰ ਵੀ ਲੋਕਾਂ ’ਚ ਬਣਿਆ ਹੋਇਆ ਸੀ। ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ ਮਾਝੇ ਅਤੇ ਦੁਆਬੇ ਖੇਤਰ ਦੇ ਕਾਫ਼ੀ ਤੇਲ ਪੰਪਾਂ ’ਤੇ ਲੰਮੀਆਂ ਕਤਾਰਾਂ ਗਈਆਂ ਰਹੀਆਂ। ਕਿਸਾਨ ਡਰੰਮ ਲੈ ਕੇ ਤੇਲ ਪੰਪਾਂ ’ਤੇ ਪਹੁੰਚਣ ਲੱਗੇ ਹਨ। ਤੇਲ ਕੰਪਨੀਆਂ ਨੇ ਖੁੱਲ੍ਹਾ ਤੇਲ ਦੇਣ ਦੀ ਮਨਾਹੀ ਕਰ ਦਿੱਤੀ ਹੈ।
ਤੇਲ ਕੀਮਤ ’ਚ ਵਾਧੇ ਦੀ ਸੰਭਾਵਨਾ ਘਟੀ ਪਹਿਲੀ ਅਪਰੈਲ ਤੋਂ ਪੰਜਾਬ ’ਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋਣਾ ਹੈ ਜਿਸ ਨਾਲ ਸੂਬੇ ਵਿੱਚ ਡੀਜ਼ਲ ਦੀ ਖਪਤ ਵਧ ਜਾਣੀ ਹੈ। ਪਿਛਲੇ ਦਿਨਾਂ ’ਚ ਤੇਲ ਕੰਪਨੀਆਂ ’ਚ ਤੇਲ ਪੰਪਾਂ ਨੂੰ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਸੀ। ਸਰਕਾਰ ਦੇ ਦਾਖਲ ਮਗਰੋਂ ਕੰਪਨੀਆਂ ਨੇ ਤਿੰਨ ਦਿਨਾਂ ਦੇ ਉਧਾਰ ਤੇਲ ਦੇਣਾ ਸ਼ੁਰੂ ਕੀਤਾ ਹੈ। ਅੱਜ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾ ਕੇ ਤੇਲ ਕੰਪਨੀਆਂ ਨੂੰ ਰਾਹਤ ਦਿੱਤੀ ਹੈ ਜਿਸ ਨਾਲ ਤੇਲ ਕੀਮਤ ’ਚ ਵਾਧੇ ਦੀ ਸੰਭਾਵਨਾ ਘਟੀ ਹੈ।
ਜ਼ਿਲ੍ਹਾ ਜਲੰਧਰ, ਮੋਗਾ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਟਿਆਲਾ ਦੇ ਤੇਲ ਪੰਪਾਂ ’ਤੇ ਲੰਘੀ ਦੇਰ ਰਾਤ ਤੱਕ ਕਤਾਰਾਂ ਲੱਗੀਆਂ ਰਹੀਆਂ। ਅੱਜ ਫ਼ਰੀਦਕੋਟ ਦੇ ਕਈ ਪੰਪਾਂ ’ਤੇ ਕਤਾਰਾਂ ਦੇਖਣ ਨੂੰ ਮਿਲੀਆਂ। ਸੰਗਰੂਰ ਜ਼ਿਲ੍ਹੇ ’ਚ ਕਈ ਤੇਲ ਪੰਪ ਡਰਾਈ ਹੋ ਗਏ ਹਨ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਤੇਲ ਕੰਪਨੀਆਂ ਦੇ ਆਦੇਸ਼ਾਂ ਮਗਰੋਂ ਹੁਣ ਤੇਲ ਪੰਪ ਮਾਲਕਾਂ ਨੇ ਹੱਥ ਘੁੱਟ ਕੇ ਖੁੱਲ੍ਹਾ ਤੇਲ ਦੇਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਕਾਫ਼ੀ ਤੇਲ ਪੰਪ ਡਰਾਈ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਘਬਰਾਹਟ ’ਚ ਹੋਣ ਕਰਕੇ ਤੇਲ ਜਮ੍ਹਾ ਵੀ ਕਰਨ ਲੱਗੇ ਹਨ।
ਅੱਜ ਕੇਂਦਰੀ ਵਜ਼ੀਰ ਹਰਦੀਪ ਪੁਰੀ ਅਤੇ ਨਿਰਮਲਾ ਸੀਤਾਰਮਨ ਨੇ ਲੌਕਡਾਊਨ ਦੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕੀਤਾ ਹੈ। ਕੇਂਦਰ ਸਰਕਾਰ ਦੇ ਬਿਆਨ ਮਗਰੋਂ ਸਥਿਤੀ ਕਾਫ਼ੀ ਸੁਧਰਨੀ ਸ਼ੁਰੂ ਹੋ ਗਈ ਹੈ। ਮਾਲਵਾ ਖ਼ਿੱਤੇ ਦੇ ਤੇਲ ਪੰਪਾਂ ’ਤੇ ਅੱਜ ਸਥਿਤੀ ਆਮ ਵਰਗੀ ਹੀ ਦੇਖੀ ਗਈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਬਹੁਤੇ ਪੰਪਾਂ ’ਤੇ ਲਿਖਤ ਸੂਚਨਾ ਲਗਾ ਦਿੱਤੀ ਹੈ ਕਿ ਡਰੰਮ ਜਾਂ ਬੋਤਲਾਂ ’ਚ ਤੇਲ ਨਹੀਂ ਮਿਲੇਗਾ। ਇਸ ਦਾ ਇੱਕੋ ਮਕਸਦ ਜਮ੍ਹਾਖ਼ੋਰੀ ਨੂੰ ਰੋਕਣਾ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਲੰਘੇ ਕੱਲ੍ਹ ਤੇਲ ਪੰਪਾਂ ਦੀ ਵਿੱਕਰੀ ਇਕਦਮ ਵਧ ਗਈ ਸੀ ਕਿਉਂਕਿ ਲੋਕਾਂ ’ਚ ਲੌਕਡਾਊਨ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਖ਼ਿੱਤੇ ’ਚ ਕਾਫ਼ੀ ਤੇਲ ਪੰਪ ਡਰਾਈ ਵੀ ਹੋ ਗਏ ਹਨ। ਅੱਜ ਐਕਸਾਈਜ਼ ਡਿਊਟੀ ਘਟਾਏ ਜਾਣ ਅਤੇ ਕੇਂਦਰ ਵੱਲੋਂ ਲੌਕਡਾਊਨ ਦੀ ਅਫ਼ਵਾਹ ਨੂੰ ਰੱਦ ਕੀਤੇ ਜਾਣ ਨਾਲ ਸੂਬੇ ਦੇ ਤੇਲ ਪੰਪਾਂ ’ਤੇ ਕਤਾਰਾਂ ਗ਼ਾਇਬ ਵੀ ਹੋਣ ਲੱਗੀਆਂ ਹਨ।

