PreetNama
ਖਾਸ-ਖਬਰਾਂ/Important News

ਫਲਿੱਪਕਾਰਟ ਦੀ ਹਰਕਤ ਤੋਂ ਸਿੱਖਾਂ ‘ਚ ਰੋਸ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਫਲਿੱਪਕਾਰਟ ਵੱਲੋਂ ਮੈਟ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਕਰਕੇ ਸਿੱਖ ਸੰਗਤ ਵਿੱਚ ਰੋਸ ਹੈ। ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵੀ ਛਾਇਆ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਲੌਂਗੋਵਾਲ ਨੇ ਕਿਹਾ ਕਿ ਫਲਿੱਪਕਾਰਟ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟ ’ਤੇ ਛਾਪਣ ਨਾਲ ਸੰਗਤ ਵਿੱਚ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਫਲਿੱਪਕਾਰਟ ਦੀ ਇਸ ਘਨਾਉਣੀ ਹਰਕਤ ਨਾਲ ਵਿਸ਼ਵ ਭਰ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਕੰਪਨੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਸ਼੍ਰੋਮਣੀ ਕਮੇਟੀ ਫਲਿੱਪਕਾਰਟ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲੋਕਾਂ ਤੇ ਕੰਪਨੀਆਂ ਵਿਰੁੱਧ ਸਰਕਾਰਾਂ ਨੂੰ ਵੀ ਸਖ਼ਤ ਹੋਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਜੇਕਰ ਲੋੜ ਪਈ ਤਾਂ ਕੰਪਨੀ ਖ਼ਿਲਾਫ ਪਰਚਾ ਵੀ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਐਮਾਜੋਨ ਨਾਂ ਦੀ ਕੰਪਨੀ ਨੇ ਵੀ ਅਜਿਹੀ ਹੀ ਘਟੀਆ ਹਰਕਤ ਕੀਤੀ ਸੀ, ਜਿਸ ਵੱਲੋਂ ਮੁਆਫ਼ੀ ਮੰਗਣ ਬਾਅਦ ਸੰਗਤ ਦਾ ਰੋਸ ਸ਼ਾਂਤ ਹੋਇਆ ਸੀ। ਹੁਣ ਫਿਰ ਜੇਕਰ ਸੰਗਤ ਦੇ ਰੋਹ ਕਾਰਨ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਖ਼ੁਦ ਕੰਪਨੀ ਹੋਵੇਗੀ। ਇਸੇ ਦੌਰਾਨ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।

Related posts

ਪੁਲੀਸ ਨਾਲ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ, ਹਸਪਤਾਲ ਦਾਖ਼ਲ

On Punjab

ਕੋਰੋਨਾ ਟੀਕਾ : ਆਕਸਫੋਰਡ ਯੂਨੀਵਰਸਿਟੀ ਦੀ ਵੱਡੀ ਸਫਲਤਾ, ਬਾਂਦਰਾਂ ‘ਤੇ ਟਰਾਇਲ ਹੋਇਆ ਸਫਲ ਹੁਣ…

On Punjab

ਲੋੜਵੰਦਾਂ ਦੇ ਮਸੀਹਾ ਅਖਵਾਉਂਦੇ Anmol Kwatra ਅਤੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਲੋਕ

On Punjab