ਚੰਡੀਗੜ੍ਹ- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਗਾਇਕ ਕਰਨ ਔਜਲਾ ਦੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਗੀਤ ਐੱਮਐੱਫ ਗੱਭਰੂ (MF Gabaru) ਅਤੇ ਯੋ ਯੋ ਹਨੀ ਸਿੰਘ ਦੇ ਮਿਲੀਅਨੇਅਰ (Millionaire) ਵਿਚ ਔਰਤਾਂ ਲਈ ਵਰਤੀ ਗਈ ਸ਼ਬਦਾਵਲੀ ਨੂੰ ਇਤਰਾਜ਼ਯੋਗ ਦੱਸਦਿਆਂ ਇਸ ਦਾ ਸੋ-ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਵੱਲੋਂ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਐਕਟ 2001 ਦੀ ਧਾਰਾ 12 ਅਧੀਨ ਪ੍ਰਾਪਤ ਸ਼ਕਤੀਆਂ ਤਹਿਤ ਕੀਤੀ ਗਈ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਇਸ ਸਬੰਧੀ ਪੰਜਾਬ ਪੁਲੀਸ ਦੇ ਡੀਜੀਪੀ ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੋਵੇਂ ਗਾਇਕਾਂ ਸਬੰਧੀ ਦੋ ਵੱਖ-ਵੱਖ ਪੱਤਰ ਲਿਖ ਕੇ ਦੋਵੇਂ ਗਾਇਕਾਂ ਖ਼ਿਲਾਫ਼ ਸਬੰਧਿਤ ਗੀਤਾਂ ਵਿਚ ਦਰਜ ਸ਼ਬਦਾਵਲੀ ਦੀ ਪੜਤਾਲ/ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਲਿਖਿਆ ਕਿ ਇਹ ਪੜਤਾਲ ਪੰਜਾਬ ਪੁਲੀਸ ਹੈੱਡ ਕੁਆਰਟਰ ਦੇ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਕਰਵਾਈ ਜਾਵੇ।
ਉਨ੍ਹਾਂ ਲਿਖਿਆ ਕਿ ਪੜਤਾਲੀਆਂ ਅਫ਼ਸਰ ਨੂੰ ਇਹ ਵੀ ਹਦਾਇਤ ਕੀਤੀ ਜਾਵੇ ਕਿ ਇਸ ਸਬੰਧੀ ਸਟੇਟਸ ਰਿਪੋਰਟ 11 ਅਗਸਤ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ 11 ਅਗਸਤ ਨੂੰ ਸਵੇਰੇ 11:00 ਵਜੇ ਗਾਇਕ ਕਰਨ ਔਜਲਾ ਅਤੇ 11:30 ਵਜੇ ਗਾਇਕ ਯੋ ਯੋ ਹਨੀ ਸਿੰਘ ਦਾ ਕਮਿਸ਼ਨ ਦੇ ਮੁਹਾਲੀ ਦੇ ਫੇਜ਼ ਪਹਿਲੇ ਸਥਿਤ ਦਫ਼ਤਰ ਵਿਖੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਦੋਵੇਂ ਗਾਇਕਾਂ ਦੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਦੋਵੇਂ ਗਾਣਿਆਂ ਦੇ ਲਿੰਕ ਵੀ ਭੇਜੇ ਹਨ।
ਜ਼ਿਕਰਯੋਗ ਹੈ ਕਿ ਗਾਇਕ ਕਰਨ ਔਜਲਾ ਦੇ ਗੀਤ ਐੱਮਐੱਫ ਗੱਭਰੂ ਦੀ ਚੰਡੀਗੜ੍ਹ ਦੇ ਸਹਾਇਕ ਪ੍ਰੋਫ਼ੈਸਰ ਪੰਡਤਰਾਓ ਧਰੇਨਵਰ ਵੱਲੋਂ ਚਾਰ ਅਗਸਤ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਕੋਲ ਲਿਖ਼ਤੀ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ। ਉਨ੍ਹਾਂ ਮਹਿਲਾਵਾਂ ਲਈ ਵਰਤੀ ਸ਼ਬਦਾਵਲੀ ਤੇ ਇਤਰਾਜ਼ ਚੁੱਕਦਿਆਂ ਕਾਰਵਾਈ ਦੀ ਮੰਗ ਕੀਤੀ ਸੀ।