ਮੋਹਾਲੀ- ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (AAP) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਇੱਕ ਦਿਨ ਬਾਅਦ, ਪਾਰਟੀ ਦੇ ਕੌਮੀਂ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਫੈਸਲਾ ਭਗਵੰਤ ਮਾਨ ਸਰਕਾਰ ਦੀ ‘ਕੰਮ ਦੀ ਰਾਜਨੀਤੀ’ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ‘ਯੁੱਧ ਨਸ਼ੇ ਵਿਰੁੱਧ’, ਸਿੰਚਾਈ ਸੁਧਾਰ, ਭਰੋਸੇਯੋਗ ਬਿਜਲੀ, ਸੜਕਾਂ ਦੀ ਉਸਾਰੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਸੇਵਾਵਾਂ ਵਰਗੇ ਅਹਿਮ ਕੰਮ ਸ਼ਾਮਲ ਹਨ। ਕੇਜਰੀਵਾਲ ਨੇ ਕਿਹਾ, “70 ਫੀਸਦੀ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਨਾ ਸਰਕਾਰ ਦੇ ਪੱਖ ਵਿੱਚ ਇੱਕ ਮਜ਼ਬੂਤ ਲਹਿਰ ਅਤੇ ਇਸ ਦੇ ਸ਼ਾਸਨ ਦੀ ਸਪੱਸ਼ਟ ਪੁਸ਼ਟੀ ਹੈ। ‘ਆਪ’ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡੇ ਫਰਕ ਨਾਲ ਪਿੱਛੇ ਛੱਡ ਦਿੱਤਾ ਹੈ।”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਆਪ’ ਨੇ ਬਲਾਕ ਸੰਮਤੀ ਦੀਆਂ 67 ਫੀਸਦੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 72 ਫੀਸਦੀ ਸੀਟਾਂ ਜਿੱਤੀਆਂ ਹਨ, ਜਿਸ ਨਾਲ ਕੁੱਲ ਪੇਂਡੂ ਸੀਟਾਂ ਦਾ ਲਗਭਗ 70 ਫੀਸਦੀ ਹਿੱਸਾ ਪਾਰਟੀ ਦੇ ਖਾਤੇ ਵਿੱਚ ਆਇਆ ਹੈ। ਉਨ੍ਹਾਂ ਕਿਹਾ, “ਅਕਾਲੀ ਦਲ ਆਪਣੇ ਆਪ ਨੂੰ ਪੇਂਡੂ ਖੇਤਰ ਦੀ ਪਾਰਟੀ ਹੋਣ ਦਾ ਮਾਣ ਕਰਦਾ ਹੈ ਪਰ ਇਨ੍ਹਾਂ ਇਲਾਕਿਆਂ ਵਿੱਚ ਉਸ ਦਾ ਸਫਾਇਆ ਹੋ ਗਿਆ ਹੈ।” ਮੋਹਾਲੀ ਵਿੱਚ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਸਮਝਾਇਆ ਕਿ ਅਜਿਹੀਆਂ ਚੋਣਾਂ ਨੂੰ ਅਕਸਰ ਜਨਤਾ ਦੇ ਮੂਡ ਦੇ ਸ਼ੁਰੂਆਤੀ ਸੰਕੇਤ ਵਜੋਂ ਦੇਖਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ 2013 ਦੀਆਂ ਚੋਣਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਬਾਅਦ ਹੋਈਆਂ ਸਨ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ। 2018 ਦੀਆਂ ਚੋਣਾਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਬਾਅਦ ਹੋਈਆਂ ਸਨ ਜਦੋਂ ਕਾਂਗਰਸ ਜਿੱਤੀ ਸੀ। ਮੌਜੂਦਾ ਚੋਣਾਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ਼ ਇੱਕ ਸਾਲ ਪਹਿਲਾਂ ਹੋਈਆਂ ਹਨ। ਇਸ ਦੇ ਬਾਵਜੂਦ ਨਤੀਜੇ ਮੌਜੂਦਾ ਸਰਕਾਰ ਤੋਂ ਲੋਕਾਂ ਦੀ ਸੰਤੁਸ਼ਟੀ ਨੂੰ ਸਾਫ਼ ਦਰਸਾਉਂਦੇ ਹਨ।
ਵਿਸਤ੍ਰਿਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ, “ ਪੰਜਾਬ ਭਰ ਵਿੱਚ 580 ਅਜਿਹੀਆਂ ਸੀਟਾਂ ਹਨ ਜੋ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤੀਆਂ ਗਈਆਂ। ਇਨ੍ਹਾਂ ਵਿੱਚੋਂ ‘ਆਪ’ ਨੇ 261 ਸੀਟਾਂ ਜਿੱਤੀਆਂ, ਜਦੋਂ ਕਿ ਵਿਰੋਧੀ ਧਿਰ ਨੇ 319 ਸੀਟਾਂ ਜਿੱਤੀਆਂ। ਜੇਕਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਾਂ ਦਬਾਅ ਦੀ ਰਾਜਨੀਤੀ ਹੁੰਦੀ, ਤਾਂ ਸਿਰਫ ਇੱਕ ਫੋਨ ਕਾਲ ਨਾਲ ਇਹ 319 ਸੀਟਾਂ ਵੀ ਸਾਡੇ ਪੱਖ ਵਿੱਚ ਹੋ ਸਕਦੀਆਂ ਸਨ।” ਉੱਧਰ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦਾ ਰੌਲਾ ਬੇਬੁਨਿਆਦ ਹੈ ਕਿਉਂਕਿ ਨਤੀਜੇ ਦੱਸਦੇ ਹਨ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਸੀ।

