PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ

ਚੰਡੀਗੜ੍ਹ- ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਕੀਤੀ ਗਈ 2023 ਦੀ ਤਾਜ਼ਾ ਦੇਸ਼ਵਿਆਪੀ ਵਿਸ਼ਲੇਸ਼ਣਾਤਮਕ ਰਿਪੋਰਟ ਅਨੁਸਾਰ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਗਿਣਤੀ, ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨਾਲੋਂ ਵੱਧ ਹੈ। ਰਿਪੋਰਟ ਮੁਤਾਬਕ ਪ੍ਰਤੀ ਲੱਖ ਆਬਾਦੀ ਦੇ ਹਿਸਾਬ ਨਾਲ ਨਸ਼ਾ ਤਸਕਰੀ ਦੇ ਸਭ ਤੋਂ ਵੱਧ 25.3 ਮਾਮਲਿਆਂ ਨਾਲ ਪੰਜਾਬ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਰਿਹਾ। ਇਸ ਦੇ ਉਲਟ, ਨਸ਼ਿਆਂ ਦੀ ਵਰਤੋਂ ਦੇ ਮਾਮਲੇ 12.4 ਪ੍ਰਤੀ ਲੱਖ ਰਹੇ ਜੋ ਕਿ ਵਰਤੋਂ ਨਾਲੋਂ ਜ਼ਿਆਦਾ ਤਸਕਰੀ ਵੱਲ ਸਪੱਸ਼ਟ ਝੁਕਾਅ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਪੰਜਾਬ ਲਗਾਤਾਰ ਦੂਜੇ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਦੇਸ਼ ’ਚ ਸਭ ਤੋਂ ਅੱਗੇ ਰਿਹਾ। ਇੱਥੇ ਅਜਿਹੀਆਂ 89 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ, ਇਹ ਗਿਣਤੀ ਪਿਛਲੇ ਸਾਲ 144 ਸੀ।

ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨਸ਼ਾ ਤਸਕਰੀ ਦੇ ਅਨੁਪਾਤ ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਰਾਜ ਵਜੋਂ ਸਾਹਮਣੇ ਆਇਆ ਹੈ। ਪਹਾੜੀ ਰਾਜ ਵਿੱਚ 2023 ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ 2,146 ਮਾਮਲੇ ਦਰਜ ਹੋਏ। ਇਨ੍ਹਾਂ ਵਿੱਚੋਂ ਨਸ਼ੇ ਦੀ ਵਰਤੋਂ ਕਰਨ ਦੇ 547 ਮਾਮਲੇ ਅਤੇ ਤਸਕਰੀ ਦੇ 1,599 ਮਾਮਲੇ ਸਨ। ਇਸ ਤਹਿਤ ਨਸ਼ਿਆਂ ਦੀ ਵਰਤੋਂ ਕਰਨ ਲਈ 7.3 ਪ੍ਰਤੀ ਲੱਖ ਦੇ ਮੁਕਾਬਲੇ ਤਸਕਰੀ ਕਰਨ ਲਈ ਅਨੁਪਾਤ 21.3 ਪ੍ਰਤੀ ਲੱਖ ਦਾ ਰਿਹਾ। ਪੰਜਾਬ ਅਤੇ ਜੰਮੂ ਨਾਲ ਲੱਗਦੀ ਇਸ ਦੀ ਭੂਗੋਲਿਕ ਸਥਿਤੀ ਇਸ ਨੂੰ ਨਸ਼ੀਲੇ ਪਦਾਰਥਾਂ ਦੇ ਪਹੁੰਚਣ ਅਤੇ ਅੱਗੇ ਭੇਜਣ ਦਾ ਜ਼ਰੀਆ ਬਣਾਉਂਦੀ ਹੈ। ਪੰਜਾਬ ਤਸਕਰੀ ਦੇ ਅਨੁਪਾਤ ਵਿੱਚ ਜਿੱਥੇ ਮੋਹਰੀ ਸੂਬੇ ਵਜੋਂ ਉੱਭਰਿਆ ਹੈ, ਉੱਥੇ ਹੀ ਇਹ ਐੱਨ ਡੀ ਪੀ ਐੱਸ ਐਕਟ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਿੱਚ ਤੀਜੇ ਸਥਾਨ ’ਤੇ ਰਿਹਾ ਹੈ। 2023 ਵਿੱਚ ਪੰਜਾਬ ’ਚ ਕੁੱਲ 11,589 ਮਾਮਲੇ ਦਰਜ ਕੀਤੇ ਗਏ, ਜੋ ਕਿ ਕੇਰਲਾ (30,697) ਅਤੇ ਮਹਾਰਾਸ਼ਟਰ (15,610) ਨਾਲੋਂ ਘੱਟ ਹਨ। ਹਾਲਾਂਕਿ, ਇਨ੍ਹਾਂ ਦੱਖਣੀ ਸੂਬਿਆਂ ’ਤੇ ਡੂੰਘਾਈ ਨਾਲ ਨਜ਼ਰ ਮਾਰਨ ’ਤੇ ਇੱਕ ਹੋਰ ਰੁਝਾਨ ਸਾਹਮਣੇ ਆਉਂਦਾ ਹੈ ਕਿ ਉੱਥੇ ਜ਼ਿਆਦਾਤਰ ਮਾਮਲੇ ਤਸਕਰੀ ਦੀ ਬਜਾਏ ਵਰਤੋਂ ਨਾਲ ਸਬੰਧਤ ਸਨ।

ਅਪਰਾਧੀਆਂ ਦੇ ਹਿਰਾਸਤ ’ਚੋਂ ਭੱਜਣ ’ਤੇ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ’ਚ ਵੀ ਪੰਜਾਬ ਦਾ ਮਾੜਾ ਰਿਕਾਰਡ- ਅਪਰਾਧੀਆਂ ਦੇ ਹਿਰਾਸਤ ਵਿੱਚੋਂ ਭੱਜਣ ’ਤੇ ਪੰਜਾਬ ਦਾ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਦਾ ਰਿਕਾਰਡ ਮਾੜਾ ਰਿਹਾ। ਇਸ ਸਬੰਧੀ ਸੱਤ ਕੇਸ ਦਰਜ ਕੀਤੇ ਗਏ ਅਤੇ ਅੱਠ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ ਕੀਤੇ ਗਏ ਪਰ ਕਿਸੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ। ਇਸ ਦੇ ਉਲਟ, ਉੱਤਰ ਪ੍ਰਦੇਸ਼ ਵਿੱਚ 19 ਪੁਲੀਸ ਮੁਲਾਜ਼ਮਾਂ ਵਿਰੁੱਧ ਛੇ ਕੇਸ ਦਰਜ ਕੀਤੇ ਗਏ ਤੇ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ, ਜਦੋਂ ਕਿ ਗੁਜਰਾਤ ਵਿੱਚ ਤਿੰਨ ਕੇਸ ਦਰਜ ਹੋਏ ਤੇ ਸੱਤ ਗ੍ਰਿਫ਼ਤਾਰੀਆਂ ਹੋਈਆਂ ਅਤੇ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ। ਰਾਜਸਥਾਨ ਵਿੱਚ 11 ਵਿਅਕਤੀਆਂ ਵਿਰੁੱਧ ਇੱਕ ਕੇਸ ਦਰਜ ਹੋਇਆ ਅਤੇ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ।ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ

Related posts

ਕੋਰੋਨਾ ਟੀਕੇ ਦੇ ਅਸਰ ਨੂੰ ਘੱਟ ਕਰ ਸਕਦੈ ਤਣਾਅ, ਡਿਪ੍ਰਰੈਸ਼ਨ

On Punjab

ਅਮਰੀਕਾ ‘ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਅਦਾਲਤ ਨੇ ਔਰਤ ਦੀ ਹੱਤਿਆ ਦੇ ਦੋਸ਼ ਤੋਂ ਕੀਤਾ ਬਰੀ

On Punjab

ਨਿਊਜ਼ੀਲੈਂਡ ‘ਚ 102 ਦਿਨਾਂ ਬਾਅਦ ਆਇਆ ਕੋਰੋਨਾ ਦਾ ਪਹਿਲਾ ਕੇਸ, ਸਖ਼ਤ ਲੌਕਡਾਊਨ ਦਾ ਐਲਾਨ

On Punjab