59.58 F
New York, US
March 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ’ਚ ਕਣਕ ਭੰਡਾਰਨ ਦਾ ਸੰਕਟ

ਚੰਡੀਗਡ਼੍ਹ- ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅਗਲੇ ਹਫ਼ਤੇ ਸ਼ੁਰੂ ਹੋਣੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਸੂਬੇ ’ਚੋਂ ਕਣਕ ਦੀ ਚੁਕਾਈ ਨਾ ਹੋਈ ਤਾਂ ਕਿਸਾਨਾਂ ’ਚ ਅਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਰਾਜ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਹੈ ਤਾਂ ਕਿ ਆਗਾਮੀ ਕਣਕ ਸੀਜ਼ਨ ’ਚ ਫ਼ਸਲ ਲਈ ਜਗ੍ਹਾ ਬਣਾਈ ਜਾ ਸਕੇ। ਪੰਜਾਬ ’ਚ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ। ਐਤਕੀਂ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਅਗੇਤੀ ਆ ਸਕਦੀ ਹੈ। ਲੰਘੇ ਦੋ ਸਾਲਾਂ ਤੋਂ ਕੌਮੀ ਪੱਧਰ ’ਤੇ ਕਣਕ ਦੀ ਖ਼ਰੀਦ ਵਧੀ ਹੈ ਤੇ ਦੂਜੇ ਸੂਬਿਆਂ ’ਚ ਕਣਕ ਦੀ ਮੰਗ ਘਟੀ ਹੈ। ਨਤੀਜੇ ਵਜੋਂ ਪੰਜਾਬ ’ਚੋਂ ਕਣਕ ਦੀ ਚੁਕਾਈ ਘਟੀ ਹੈ। ਪਿਛਲੇ ਸਾਲ ਖੁੱਲ੍ਹੇ ’ਚ ਭੰਡਾਰ ਕਣਕ ’ਚੋਂ ਸਿਰਫ਼ ਪੰਜਾਹ ਫ਼ੀਸਦੀ ਦੀ ਹੀ ਚੁਕਾਈ ਹੋਈ ਹੈ।

ਪੰਜਾਬ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੇ ਕੇਂਦਰ ਨੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਪੰਜਾਬ ’ਚੋਂ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਨਾ ਕੀਤੀ ਤਾਂ ਅਮਨ ਕਾਨੂੰਨ ਦੀ ਵਿਵਸਥਾ ਵਿਗੜਨ ਦਾ ਡਰ ਹੈ। ਐਤਕੀਂ ਖ਼ਰੀਦ ਕੇਂਦਰਾਂ ’ਚ 125 ਲੱਖ ਮੀਟਰਿਕ ਟਨ ਕਣਕ ਆਉਣ ਦੀ ਉਮੀਦ ਹੈ ਜਦੋਂ ਕਿ ਸੂਬੇ ਕੋਲ ਹੁਣ ਤੱਕ ਕਰੀਬ 100 ਲੱਖ ਮੀਟਰਿਕ ਟਨ ਦੀ ਜਗ੍ਹਾ ਹੈ। ਮੌਜੂਦਾ ਹਾਲਾਤ ਮੁਤਾਬਿਕ ਸੂਬੇ ਵਿੱਚ ਕਰੀਬ 22 ਲੱਖ ਮੀਟਰਿਕ ਟਨ ਕਣਕ ਦੇ ਭੰਡਾਰਨ ਲਈ ਕੋਈ ਜਗ੍ਹਾ ਨਹੀਂ ਹੈ। ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਭੰਡਾਰਨ ਵਾਸਤੇ ਸਭ ਤੋਂ ਘੱਟ ਜਗ੍ਹਾ ਹੈ। ਅਜਿਹੇ ਹਾਲਾਤ ’ਚ ਕੇਂਦਰ ਸਰਕਾਰ ਖ਼ਰੀਦ ਕੇਂਦਰਾਂ ’ਚੋਂ ਸਿੱਧੀ ਚੁਕਾਈ ਕਰ ਕੇ ਦੂਜੇ ਸੂਬਿਆਂ ਲਈ ਕਣਕ ਦੀ ਚੁਕਾਈ ਕਰੇ।

ਅਨਾਜ ਦੂਜੇ ਰਾਜਾਂ ਨੂੰ ਭੇਜਣ ਲਈ 860 ਸਪੈਸ਼ਲਾਂ ਦੀ ਲੋੜ- ਪੰਜਾਬ ’ਚ ਇਸ ਵੇਲੇ ਪ੍ਰਤੀ ਮਹੀਨਾ 15-16 ਲੱਖ ਮੀਟਰਿਕ ਟਨ ਅਨਾਜ ਚੁੱਕਣ ’ਤੇ ਹੀ ਵਾਧੂ ਜਗ੍ਹਾ ਬਣ ਸਕਦੀ ਹੈ। ਇਸ ਵੇਲੇ ਪੰਜ ਤੋਂ ਛੇ ਲੱਖ ਮੀਟਰਿਕ ਟਨ ਅਨਾਜ ਪ੍ਰਤੀ ਮਹੀਨਾ ਸੂਬੇ ’ਚੋਂ ਬਾਹਰ ਜਾ ਰਿਹਾ ਹੈ। ਪੰਜਾਬ ’ਚੋਂ 22,067,61 ਲੱਖ ਮੀਟਰਿਕ ਟਨ ਅਨਾਜ ਦੂਜੇ ਰਾਜਾਂ ਨੂੰ ਭੇਜਣ ਲਈ 860 ਸਪੈਸ਼ਲਾਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ 409 ਸਪੈਸ਼ਲਾਂ ਇਸ ਸਾਲ ਅਪਰੈਲ ਵਿੱਚ ਅਤੇ 440 ਮਈ ਵਿੱਚ ਚਾਹੀਦੀਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਹੈ ਕਿ 2.08 ਲੱਖ ਮੀਟਰਿਕ ਟਨ ਅਨਾਜ ਅੰਮ੍ਰਿਤਸਰ ਤੋਂ ਅਤੇ 2.54 ਲੱਖ ਮੀਟਰਿਕ ਟਨ ਤਰਨ ਤਾਰਨ ਤੋਂ ਬਾਹਰ ਭੇਜਿਆ ਜਾਵੇ।

Related posts

ਪ੍ਰਧਾਨ ਮੰਤਰੀ ਨੇ ਹਿਸਾਰ-ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿੱਤੀ

On Punjab

ਬਾਇਡਨ ਨੇ ਪਲਟਿਆ ਟਰੰਪ ਦਾ ਫ਼ੈਸਲਾ, ਅਮਰੀਕਾ ਮੁੜ WHO ’ਚ ਸ਼ਾਮਲ ਹੋਵੇਗਾ, ਚੀਨ ਬਾਰੇ ਵੀ ਵੱਡਾ ਐਲਾਨ

On Punjab

ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾ

On Punjab