ਚੰਡੀਗਡ਼੍ਹ- ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅਗਲੇ ਹਫ਼ਤੇ ਸ਼ੁਰੂ ਹੋਣੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਸੂਬੇ ’ਚੋਂ ਕਣਕ ਦੀ ਚੁਕਾਈ ਨਾ ਹੋਈ ਤਾਂ ਕਿਸਾਨਾਂ ’ਚ ਅਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਰਾਜ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਹੈ ਤਾਂ ਕਿ ਆਗਾਮੀ ਕਣਕ ਸੀਜ਼ਨ ’ਚ ਫ਼ਸਲ ਲਈ ਜਗ੍ਹਾ ਬਣਾਈ ਜਾ ਸਕੇ। ਪੰਜਾਬ ’ਚ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ। ਐਤਕੀਂ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਅਗੇਤੀ ਆ ਸਕਦੀ ਹੈ। ਲੰਘੇ ਦੋ ਸਾਲਾਂ ਤੋਂ ਕੌਮੀ ਪੱਧਰ ’ਤੇ ਕਣਕ ਦੀ ਖ਼ਰੀਦ ਵਧੀ ਹੈ ਤੇ ਦੂਜੇ ਸੂਬਿਆਂ ’ਚ ਕਣਕ ਦੀ ਮੰਗ ਘਟੀ ਹੈ। ਨਤੀਜੇ ਵਜੋਂ ਪੰਜਾਬ ’ਚੋਂ ਕਣਕ ਦੀ ਚੁਕਾਈ ਘਟੀ ਹੈ। ਪਿਛਲੇ ਸਾਲ ਖੁੱਲ੍ਹੇ ’ਚ ਭੰਡਾਰ ਕਣਕ ’ਚੋਂ ਸਿਰਫ਼ ਪੰਜਾਹ ਫ਼ੀਸਦੀ ਦੀ ਹੀ ਚੁਕਾਈ ਹੋਈ ਹੈ।
ਅਨਾਜ ਦੂਜੇ ਰਾਜਾਂ ਨੂੰ ਭੇਜਣ ਲਈ 860 ਸਪੈਸ਼ਲਾਂ ਦੀ ਲੋੜ- ਪੰਜਾਬ ’ਚ ਇਸ ਵੇਲੇ ਪ੍ਰਤੀ ਮਹੀਨਾ 15-16 ਲੱਖ ਮੀਟਰਿਕ ਟਨ ਅਨਾਜ ਚੁੱਕਣ ’ਤੇ ਹੀ ਵਾਧੂ ਜਗ੍ਹਾ ਬਣ ਸਕਦੀ ਹੈ। ਇਸ ਵੇਲੇ ਪੰਜ ਤੋਂ ਛੇ ਲੱਖ ਮੀਟਰਿਕ ਟਨ ਅਨਾਜ ਪ੍ਰਤੀ ਮਹੀਨਾ ਸੂਬੇ ’ਚੋਂ ਬਾਹਰ ਜਾ ਰਿਹਾ ਹੈ। ਪੰਜਾਬ ’ਚੋਂ 22,067,61 ਲੱਖ ਮੀਟਰਿਕ ਟਨ ਅਨਾਜ ਦੂਜੇ ਰਾਜਾਂ ਨੂੰ ਭੇਜਣ ਲਈ 860 ਸਪੈਸ਼ਲਾਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ 409 ਸਪੈਸ਼ਲਾਂ ਇਸ ਸਾਲ ਅਪਰੈਲ ਵਿੱਚ ਅਤੇ 440 ਮਈ ਵਿੱਚ ਚਾਹੀਦੀਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਹੈ ਕਿ 2.08 ਲੱਖ ਮੀਟਰਿਕ ਟਨ ਅਨਾਜ ਅੰਮ੍ਰਿਤਸਰ ਤੋਂ ਅਤੇ 2.54 ਲੱਖ ਮੀਟਰਿਕ ਟਨ ਤਰਨ ਤਾਰਨ ਤੋਂ ਬਾਹਰ ਭੇਜਿਆ ਜਾਵੇ।

