ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ ਪੰਜਾਬ ਵਿੱਚ ਭਗਵਾਨ ਰਾਮ ਦੇ ਜੀਵਨ ਉੱਤੇ ਆਧਾਰਿਤ 40 ਸ਼ੋਅ ਕਰਵਾਉਣ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਨੇ ਸੂਬੇ ਵਿੱਚ 1000 ਯੋਗਾ ਟਰੇਨਰਾਂ ਦੀ ਭਰਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਨਗਰ ਨਿਗਮ ਦੀਆਂ ਜ਼ਮੀਨਾਂ ਦੇ ਤਬਾਦਲੇ ਸਬੰਧੀ ਫੈਸਲੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀ ਵੱਲੋਂ ਲਏ ਜਾਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਚਾਰ ਸਿਵਲ ਹਸਪਤਾਲਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਲਿਆਂਦਾ ਗਿਆ ਹੈ ਤਾਂ ਜੋ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣ।
ਪੰਜਾਬ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦੌਰਾਨ ਪਹਿਲਾਂ ਇਸ਼ਤਿਹਾਰ ਜਾਰੀ ਹੋਣ ਤੋਂ ਲੈ ਕੇ ਅਰਜ਼ੀਆਂ ਫਾਈਲ ਕਰਨ ਤੱਕ ਉਮੀਦਵਾਰਾਂ ਦੀ ਘੱਟੋ ਘੱਟ ਸਿੱਖਿਆ ਨੂੰ ਲੈ ਕੇ ਅਕਸਰ ਵਿਵਾਦ ਛਿੜੇ ਰਹਿੰਦੇ ਸੀ, ਪਰ ਹੁਣ ਪੰਜਾਬ ਪੰਜਾਬ ਸਿਵਲ ਸਰਵਿਸ ਦੇ ਫਾਰਮ ਭਰਨ ਦੀ ਆਖਰੀ ਤਰੀਕ ਵਾਲੇ ਦਿਨ ਤੱਕ ਸਿੱਖਿਆ ਪੂਰੀ ਹੋਣ ਨੂੰ ਮਨਜ਼ੂਰੀ ਦੇ ਦਿੱਤੀ। ਮੰਤਰੀ ਮੰਡਲ ਨੇ ਬਾਗਬਾਨੀ ਖੇਤਰ ਵਿੱਚ ਸੁਧਾਰ ਕਰਦਿਆਂ ਪੰਜਾਬ ਵਿੱਚ ਬਾਗਬਾਨੀ ਦਾ ਖੇਤਰ ਛੇ ਫੀਸਦ ਤੋਂ ਵਧਾ ਕੇ 15 ਫੀਸਦ ਕਰਨ ਦਾ ਟੀਚਾ ਮਿੱਥਿਆ ਹੈ।

