ਬਟਾਲਾ- ਪੁਲੀਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਇੱਕ ਮੁਲਜ਼ਮ ਉਸ ਵੇਲੇ ਜ਼ਖ਼ਮੀ ਹੋ ਗਿਆ ਜਦੋਂ ਉਸ ਨੇ ਭੱਜਣ ਦਾ ਯਤਨ ਕਰਦਿਆ ਇੱਕ ਪੁਲੀਸ ਕਰਮਚਾਰੀ ਦੀ ਰਿਵਾਲਵਰ ਖੋਹੀ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਪੁਲੀਸ ਵੱਲੋਂ ਜਵਾਬੀ ਗੋਲੀ ਚਲਾਏ ਜਾਣ ’ਤੇ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹੁਣ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਜ਼ਖਮੀ ਮੁਲਜ਼ਮ ਦੀ ਸ਼ਨਾਖਤ ਲੱਕੀ(19) ਵਜੋਂ ਦੱਸੀ ਗਈ ਹੈ ਜੋ ਕਿ ਭੱਲਾ ਕਲੋਨੀ ਛੇਹਰਟਾ ਦਾ ਰਹਿਣ ਵਾਲਾ ਹੈ। ਪੁਲੀਸ ਵੱਲੋਂ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਸ਼ਨਾਖਤ ਨਿਰਮਲ ਸਿੰਘ ਉਰਫ ਸੂਰਿਆ ਵਾਸੀ ਪਿੰਡ ਕਾਲੇ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਕੋਲੋਂ ਪੁਲੀਸ ਨੇ ਕਰੀਬ ਤਿੰਨ ਕਿਲੋ 154 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਲੱਕੀ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਦੌਰਾਨ ਉਸ ਦਾ ਦੂਜਾ ਸਾਥੀ ਮਾਨਕ ਵਾਸੀ ਸੁਭਾਸ਼ ਰੋਡ ਛੇਹਰਟਾ ਭੱਜਣ ਵਿੱਚ ਸਫਲ ਹੋ ਗਿਆ। ਪੁੱਛਗਿਛ ਤੋਂ ਬਾਅਦ ਲੱਕੀ ਵੱਲੋਂ ਕੀਤੇ ਖੁਲਾਸੇ ਦੇ ਆਧਾਰ ’ਤੇ ਪੁਲੀਸ ਨੇ ਤਿੰਨ ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ।