72.23 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਿਤਾ ਦੇ ਬਿਆਨਾਂ ‘ਤੇ ਐੱਫ ਆਈ ਆਰ ਦਰਜ; ਦੋ ਗ੍ਰਿਫ਼ਤਾਰ

ਮਾਨਸਾ-  ਮਾਨਸਾ ਸਿਟੀ-2 ਪੁਲੀਸ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, ਜਿਸ ਦਾ ਮੰਗਲਵਾਰ ਨੂੰ ਮਾਨਸਾ ਵਿੱਚ ਇੱਕ ਕੈਮਿਸਟ ਦੀ ਦੁਕਾਨ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਦੇ ਬਿਆਨਾਂ ‘ਤੇ ਬੁੱਧਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਹੈ। ਐੱਫ.ਆਈ.ਆਰ. ਅਨੁਸਾਰ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ, ਉਸ ਦੇ ਦੋ ਸਾਥੀਆਂ ਅਤੇ ਘਟਨਾ ਵੇਲੇ ਫੋਨ ‘ਤੇ ਗੱਲ ਕਰ ਰਹੇ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਝੋਟਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਆਪਣੀ ਸ਼ਿਕਾਇਤ ਵਿੱਚ ਭੀਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇੱਕ ਨਸ਼ਾ ਵਿਰੋਧੀ ਯੋਧਾ ਸੀ, ਜਿਸ ਨੇ ਕੁੱਝ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਨਰਾਜ਼ਗੀ ਖੱਟੀ ਸੀ।

ਭੀਮ ਸਿੰਘ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਜਦੋਂ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਘਟਨਾ ਸੁਣੀ ਤਾਂ ਉਹ ਜ਼ਿਲ੍ਹਾ ਅਦਾਲਤਾਂ ਵਿੱਚ ਸਨ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਝੋਟਾ ਨੂੰ ਗੋਲੀ ਲੱਗ ਗਈ ਹੈ। ਉਨ੍ਹਾਂ ਪੁਲੀਸ ਕੋਲ ਦਰਜ ਸ਼ਿਕਾਇਤ ਵਿੱਚ ਦੋਸ਼ ਲਾਇਆ, “ਮੈਂ ਆਪਣੇ ਪੁੱਤਰ ਨੂੰ ਖ਼ੂਨ ਨਾਲ ਲੱਥਪਥ, ਜੁੱਤੀਆਂ ਦੀ ਇੱਕ ਦੁਕਾਨ ਵੱਲ ਜਾਂਦਿਆਂ ਦੇਖਿਆ। ਅਸ਼ਵਨੀ ਦੇ ਹੱਥ ਵਿੱਚ ਪਿਸਤੌਲ ਸੀ ਅਤੇ ਕੁੱਝ ਹੋਰ ਵਿਅਕਤੀ ਉਸ ਦੇ ਨਾਲ ਸਨ। ਅਸ਼ਵਨੀ ਨੇ ਮੇਰੇ ਸਾਹਮਣੇ ਮੇਰੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ।” ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਫਾਇਰਿੰਗ ਦੌਰਾਨ ਕੁਲਵਿੰਦਰ ਸਿੰਘ ਸੁੱਖੀ ਅਤੇ ਕੁੱਝ ਰਾਹਗੀਰ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਝੋਟਾ ਦੇ ਨਾਲ ਮੌਜੂਦ ਭੂਪਿੰਦਰਪਾਲ ਸਿੰਘ ਰੂਬੀ ਨੇ ਇਸ ਪੂਰੀ ਘਟਨਾ ਨੂੰ ਦੇਖਿਆ ਹੈ।

ਇਸ ਦੌਰਾਨ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੈਮਿਸਟ ਦੀ ਦੁਕਾਨ ‘ਤੇ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਨੂੰ ਲੈ ਕੇ ਹੋਈ ਝੜਪ ਦੌਰਾਨ ਝੋਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਝੋਟਾ ਵੱਲੋਂ ਫੇਸਬੁੱਕ ‘ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜਿਸ ਵਿੱਚ ਉਸ ਦੇ ਪਰਿਵਾਰ ਅਤੇ ਸਮਰਥਕਾਂ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਝੋਟਾ ਦੇ ਪਰਿਵਾਰ ਵੱਲੋਂ ਇੱਕ ਡੀ.ਐੱਸ.ਪੀ. ਅਤੇ ਇੱਕ ਮਹਿਲਾ ਇੰਸਪੈਕਟਰ ‘ਤੇ ਲਾਏ ਗਏ ਦੋਸ਼ਾਂ ‘ਤੇ ਡੀ.ਆਈ.ਜੀ. ਨੇ ਕਿਹਾ ਕਿ ਜੇ ਜਾਂਚ ਦੌਰਾਨ ਅਧਿਕਾਰੀਆਂ ਖ਼ਿਲਾਫ਼ ਕੋਈ ਵੀ ਉਲਟ ਗੱਲ ਸਾਹਮਣੇ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

ਮੁਲਜ਼ਮ ਦੀ ਜਾਇਦਾਦ ‘ਤੇ ਕੀਤੀ ਗਈ ਭੰਨਤੋੜ (ਡੈਮੋਲੀਸ਼ਨ) ਦੀ ਕਾਰਵਾਈ ਬਾਰੇ ਡੀ.ਆਈ.ਜੀ. ਨੇ ਕਿਹਾ ਕਿ ਇਹ ਕਾਨੂੰਨੀ ਤੌਰ ‘ਤੇ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਸੀ ਅਤੇ ਸੁਝਾਅ ਦਿੱਤਾ ਕਿ ਡਿਪਟੀ ਕਮਿਸ਼ਨਰ ਇਸ ਮਾਮਲੇ ‘ਤੇ ਹੋਰ ਜਾਣਕਾਰੀ ਦੇ ਸਕਦੇ ਹਨ। ਡੀ.ਆਈ.ਜੀ. ਨੇ ਇਹ ਵੀ ਦੱਸਿਆ ਕਿ ਦੁਕਾਨ ‘ਤੇ ਅੱਗ ਲੱਗ ਗਈ ਸੀ ਪਰ ਉਸ ‘ਤੇ ਕਾਬੂ ਪਾ ਲਿਆ ਗਿਆ। ਇੱਕ ਸਵਾਲ ਦੇ ਜਵਾਬ ਵਿੱਚ ਡੀ.ਆਈ.ਜੀ. ਨੇ ਕਿਹਾ ਕਿ ਅੰਕੜਿਆਂ ਦੀ ਮੁੱਢਲੀ ਜਾਂਚ ਅਨੁਸਾਰ, ਘਟਨਾ ਦੇ ਸਮੇਂ ਅਸ਼ਵਨੀ ਫੋਨ ‘ਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲ ਕਰ ਰਿਹਾ ਸੀ।

Related posts

ਅਮਰੀਕਾ ‘ਚ ਦੀਵਾਲੀ ਦੀ ਧੂਮ,ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦਾ ਮਤਾ ਪੇਸ਼, ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਰੌਸ਼ਨੀ ਦਾ ਤਿਓਹਾਰ

On Punjab

ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਹੋਣਗੇ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ, ਓਲੀ ਦੀ ਅਗਵਾਈ ਵਾਲੀ CPN-UML ਨੂੰ ਮਿਲਿਆ ਸਮਰਥਨ

On Punjab

ਮਨੀ ਲਾਂਡਰਿੰਗ: ਰੌਬਰਟ ਵਾਡਰਾ ਲਗਾਤਾਰ ਦੂਜੇ ਦਿਨ ਈਡੀ ਅੱਗੇ ਪੇਸ਼

On Punjab