44.02 F
New York, US
April 25, 2024
PreetNama
ਰਾਜਨੀਤੀ/Politics

ਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰ

ਕਰਾਚੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਸਫ਼ਦਰ ਅਵਾਨ ਨੂੰ ਕਰਾਚੀ ਪੁਲਿਸ ਨੇ ਉਨ੍ਹਾਂ ਦੇ ਹੋਟਲ ਦੇ ਕਮਰੇ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪਾਕਿਸਤਾਨ ਮੁਸਲਿਮ ਲੀਗ (ਐਨ) ਦੀ ਮੀਤ ਪ੍ਰਧਾਨ ਤੇ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਮਰੀਅਮ ਨੇ ਟਵੀਟ ’ਚ ਲਿਖਿਆ ਹੈ, ‘ਅਸੀਂ ਕਰਾਚੀ ਦੇ ਇੱਕ ਹੋਟਲ ’ਚ ਠਹਿਰੇ ਹੋਏ ਸਾਂ। ਇਸ ਦੌਰਾਨ ਪੁਲਿਸ ਸਾਡੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਵੜੀ। ਉਨ੍ਹਾਂ ਕੈਪਟਨ ਸਫ਼ਦਰ ਅਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’

ਇਮਰਾਨ ਖ਼ਾਨ ਸਰਕਾਰ ਵਿਰੁੱਧ ਚੱਲ ਰਿਹਾ ਪ੍ਰਦਰਸ਼ਨ

ਪਾਕਿਸਤਾਨ ’ਚ ਸਾਰੀਆਂ ਵਿਰੋਧੀ ਪਾਰਟੀਆਂ ਹੁਣ ਇੱਕਜੁਟ ਹੋ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਮੰਤਵ ਸੱਤਾਧਾਰੀ ਸਰਕਾਰ ਨੂੰ ਧੋਬੀ ਪਟਕਾ ਦੇਣਾ ਹੈ। ਘੱਟੋ-ਘੱਟ 11 ਸਿਆਸੀ ਪਾਰਟੀਆਂ ਦੇ ਇਸ ਵਿਰੋਧੀ ਗੱਠਜੋੜ ‘ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ’ (PDM) ਨੇ ਸ਼ੁੱਕਰਵਾਰ ਨੂੰ ਪੰਜਾਬ ਸੂਬੇ ਦੇ ਗੁੱਜਰਾਂਵਾਲਾ ਸ਼ਹਿਰ ਵਿੱਚ ਵਿਸ਼ਾਲ ਰੈਲੀ ਕੀਤੀ ਸੀ। ਮਰੀਅਮ ਨਵਾਜ਼ ਨੇ ਵੀ ਇਮਰਾਨ ਸਰਕਾਰ ਵਿਰੁੱਧ ਜਾਰੀ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਸੀ।

ਮਰੀਅਮ ਨਵਾਜ਼ ਦੇ ਪਤੀ ਦੀ ਇਸ ਗ੍ਰਿਫ਼ਤਾਰੀ ਨੂੰ ਇਮਰਾਨ ਸਰਕਾਰ ਤੇ ਪਾਕਿਸਤਾਨੀ ਫ਼ੌਜ ਉੱਤੇ ਲਗਾਤਾਰ ਸਿਆਸੀ ਹਮਲਾ ਕੀਤੇ ਜਾਣ ਵਿਰੁੱਧ ਬਦਲੇ ਦੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ। ਮਰੀਅਮ ਨਵਾਜ਼ ਨੇ ਆਖਿਆ ਸੀ, ‘ਮੈਂ ਉਨ੍ਹਾਂ ਚੀਜ਼ਾਂ ਲਈ ਲੜ ਰਹੀ ਹੈ, ਜੋ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਟ ਹੋ ਗਈਆਂ ਹਨ ਤੇ ਪੱਤਰਕਾਰਾਂ ਲਈ ਲੜ ਰਹੀ ਹਾਂ, ਜਿਨ੍ਹਾਂ ਨੂੰ ਸੈਂਸਰ ਕਰ ਦਿੱਤਾ ਗਿਆ ਹੈ, ਜੋ ਪੱਤਰਕਾਰ ਸੱਚਾਈ ਨਾਲ ਖੜ੍ਹੇ ਸਨ, ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਮਹਿਲਾ ਸਿਹਤ ਮੁਲਾਜ਼ਮ ਇਸਲਾਮਾਬਾਦ ਦੀਆਂ ਸੜਕਾਂ ’ਤੇ ਉੱਤਰ ਕੇ ਰੋਸ ਮੁਜ਼ਾਹਰੇ ਕਰ ਰਹੀਆਂ ਹਨ।’

ਪਨਾਮਾ ਲੀਕ ਤੇ ਅਦਾਲਤ ਦੇ ਆਦੇਸ਼ਾਂ ਬਾਰੇ ਗੱਲ ਕਰਦਿਆਂ ਸ਼ਰੀਫ਼ ਪਰਿਵਾਰ ਨੂੰ ‘ਸਿਸਲੀਅਨ ਮਾਫ਼ੀਆ’ ਕਰਾਰ ਦਿੱਤੇ ਜਾਣ ਦਾ ਜ਼ਿਕਰ ਕਰਦਿਆਂ ਮਰੀਅਮ ਨਵਾਜ਼ ਨੇ ਚੇਤੇ ਕਰਵਾਇਆ ਸੀ ਕਿ ਅਦਾਲਤ ਨੂੰ ਇਹ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ‘ਅਸਲ ਵਿੱਚ ਇੱਕ ਮਾਫ਼ੀਆ ਕੀ ਹੈ’। ਉਨ੍ਹਾਂ ਕਿਹਾ ਸੀ,‘ਅੱਜ ਤੁਸੀਂ (ਇਮਰਾਨ ਖ਼ਾਨ) ਨੇ ਮੀਡੀਆ ਨੂੰ ਦਬਾ ਦਿੱਤਾ ਹੈ, ਇਹੋ ਕਾਰਨ ਹੈ ਕਿ ਕੋਈ ਵੀ ਤੁਹਾਡੇ ਭ੍ਰਿਸ਼ਟਾਚਾਰ ਬਾਰੇ ਗੱਲ ਵੀ ਨਹੀਂ ਕਰਦਾ।’

Related posts

‘ਚੀਨ ਨੇ ਅਜੇ ਤੱਕ ਕੋਰੋਨਾ ਦੇ ਡਾਟਾ ਦਾ ਕਿਉਂ ਨਹੀਂ ਕੀਤਾ ਖ਼ੁਲਾਸਾ’, WHO ਲਾਈ ਫਟਕਾਰ, ਕਿਹਾ, ਦੁਨੀਆ ਦੇ ਸਾਹਮਣੇ ਆਉਂਣਾ ਚਾਹੀਦੈ ਸੱਚ

On Punjab

ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਵਿਵਾਦਤ ਬਿਆਨਾਂ ਮਗਰੋਂ ਕਾਂਗਰਸ ’ਚ ਨਾਰਾਜ਼ਗੀ, ਪਾਰਟੀ ’ਚੋਂ ਬਾਹਰ ਕੱਢਣ ਦੀ ਮੰਗ

On Punjab

PM Modi ਦਾ ਧੰਨਵਾਦ ਕਰਨ ਤੋਂ ਬਾਅਦ ਮੁੜ ਸੁਰਖੀਆਂ ‘ਚ ਆਏ ਸੀ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਮਲਿਕ, ਵਿਵਾਦਾਂ ਨਾਲ ਪੁਰਾਣਾ ਨਾਤਾ

On Punjab