72.05 F
New York, US
May 1, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਹਿਲਗਾਮ ਹਮਲੇ ਪਿੱਛੋਂ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਨਾ ਜਾਣ ਦੀ ਸਲਾਹ

ਨਿਊਯਾਰਕ: ਅਮਰੀਕਾ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚਲੇ ਆਪਣੇ ਨਾਗਰਿਕਾਂ ਲਈ ਇੱਕ ਸੋਧੀ ਹੋਈ ਸੇਧ/ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਅਮਰੀਕੀਆਂ ਨੂੰ ਜੰਮੂ-ਕਸ਼ਮੀਰ ਵਿੱਚ ਅਤੇ ਨਾਲ ਹੀ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਵਿਚ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ।

ਇਹ ਅਪਡੇਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉਤੇ ਗੋਲੀਬਾਰੀ ਕੀਤੀ ਸੀ। ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਹੋਏ ਇਸ ਸਭ ਤੋਂ ਘਾਤਕ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।

ਅਮਰੀਕੀ ਨਾਗਰਿਕਾਂ ਲਈ ਅਮਰੀਕੀ ਵਿਦੇਸ਼ ਵਿਭਾਗ (US Department of State’s) ਦੀ ਸੋਧੀ ਕੀਤੀ ਯਾਤਰਾ ਸਲਾਹ ਵਿੱਚ ਕਿਹਾ ਗਿਆ ਹੈ, “ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਅਤੇ ਹਿੰਸਕ ਸਿਵਲ ਬਦਅਮਨੀ ਸੰਭਵ ਹੈ। ਇਸ ਰਾਜ ਦੀ ਯਾਤਰਾ ਨਾ ਕਰੋ (ਪੂਰਬੀ ਲੱਦਾਖ ਖੇਤਰ ਅਤੇ ਇਸ ਦੀ ਰਾਜਧਾਨੀ, ਲੇਹ ਦੇ ਦੌਰੇ ਨੂੰ ਛੱਡ ਕੇ)।

ਇਸ ਵਿਚ ਕਿਹਾ ਗਿਆ ਹੈ, “ਇਸ ਖੇਤਰ ਵਿੱਚ ਛਿਟਪੁਟ ਹਿੰਸਾ ਹੁੰਦੀ ਰਹਿੰਦੀ ਹੈ ਅਤੇ ਭਾਰਤ-ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ (LOC) ਦੇ ਨਾਲ ਆਮ ਹੀ ਅਜਿਹਾ ਹੁੰਦਾ ਹੈ। ਅਜਿਹਾ ਕਸ਼ਮੀਰ ਘਾਟੀ ਦੇ ਸੈਰ-ਸਪਾਟਾ ਸਥਾਨਾਂ ਸ੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਆਦਿ ਵਿਖੇ ਵੀ ਹੁੰਦਾ ਹੈ।”

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ‘ਹਥਿਆਰਬੰਦ ਟਕਰਾਅ ਦੇ ਖ਼ਦਸ਼ੇ ਕਾਰਨ’ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਦੇ ਅੰਦਰ ਜਾਣ ਤੋਂ ਵੀ ਬਚਣ ਲਈ ਕਿਹਾ ਹੈ। ਗ਼ੌਰਤਲਬ ਹੈ ਕਿ ਭਾਰਤ ਨੇ ਬੁੱਧਵਾਰ ਨੂੰ 1960 ਦੀ ਸਿੰਧ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਸਫ਼ਾਰਤੀ ਰਿਸ਼ਤਿਆਂ ਨੂੰ ਘਟਾਉਣ ਦਾ ਵੀ ਐਲਾਨ ਕੀਤਾ, ਜਿਸ ਵਿੱਚ ਗੁਆਂਢੀ ਮੁਲਕ ਦੇ ਫੌਜੀ ਅਟੈਚੀਆਂ ਨੂੰ ਭਾਰਤ ਵਿਚੋਂ ਕੱਢਣਾ ਵੀ ਸ਼ਾਮਲ ਹੈ।

Related posts

ਜੀਡੀਪੀ ‘ਚ 23.9 ਫ਼ੀਸਦ ਗਿਰਾਵਟ ਖਤਰੇ ਦੀ ਘੰਟੀ! ਆਰਬੀਆਈ ਦੇ ਸਾਬਕਾ ਗਵਰਨਰ ਦੀ ਚੇਤਾਵਨੀ

On Punjab

China Spy Balloon : ਚੀਨ ਦੇ ਜਾਸੂਸੀ ਗੁਬਾਰਿਆਂ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਬਣਾਇਆ ਨਿਸ਼ਾਨਾ, ਅਮਰੀਕੀ ਅਖ਼ਬਾਰ ਦਾ ਦਾਅਵਾ

On Punjab

Japan PM Resigns: ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਿੱਤਾ ਅਸਤੀਫਾ, ਸਿਹਤ ਕਾਰਨਾਂ ਦਾ ਦਿੱਤਾ ਹਵਾਲਾ

On Punjab