PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਰਿਸ਼ਦ ਚੋਣਾਂ: 154 ਗਿਣਤੀ ਕੇਂਦਰਾਂ ’ਤੇ ਹੋਵੇਗੀ ਵੋਟਾਂ ਦੀ ਗਿਣਤੀ

ਚੰਡੀਗੜ੍ਹ- ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਪੰਜਾਬ ਭਰ ’ਚ ਬਣਾਏ 154 ਗਿਣਤੀ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਪਹਿਰੇ ਹੇਠ ਹੋਵੇਗੀ। ਭਲਕੇ 17 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਚੋਣ ਲੜਨ ਵਾਲੇ ਕੁੱਲ 4087 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ’ਤੇ 10,500 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਧਿਰਾਂ ਦੀ ਦਿਹਾਤੀ ਪੰਜਾਬ ’ਚ ਪਕੜ ਨੂੰ ਮਾਪਣਗੇ। ਰਾਜ ਚੋਣ ਕਮਿਸ਼ਨ ਨੇ ਅੱਜ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ’ਚ 141 ਥਾਵਾਂ ’ਤੇ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਕੀਤੇ ਗਏ ਹਨ ਜਿੱਥੇ ਕੁੱਲ 153 ਗਿਣਤੀ ਕੇਂਦਰ ਬਣਾਏ ਗਏ ਹਨ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜ ਪਿੰਡਾਂ ਦੇ 16 ਪੋਲਿੰਗ ਬੂਥਾਂ ’ਤੇ ਅੱਜ ਮੁੜ ਵੋਟਾਂ ਪਈਆਂ ਹਨ। ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ ਇਸੇ ਤਰ੍ਹਾਂ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ 8098 ਉਮੀਦਵਾਰਾਂ ਨੇ ਚੋਣ ਲੜੀ। ਇਨ੍ਹਾਂ ਉਮੀਦਵਾਰ ਦੀ ਸਿਆਸੀ ਕਿਸਮਤ ਇਸ ਵੇਲੇ ਬੈਲੇਟ ਬਕਸਿਆਂ ’ਚ ਬੰਦ ਹੈ ਜੋ ਭਲਕੇ ਗਿਣਤੀ ਕੇਂਦਰਾਂ ’ਤੇ ਖੁੱਲ੍ਹਣਗੇ।

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ 1.30 ਕਰੋੜ ਵੋਟਰਾਂ ਨੂੰ ਸਿਆਸੀ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿਚੋਂ 62.96 ਲੱਖ ਵੋਟਰਾਂ ਨੇ ਹੀ ਆਪਣੀ ਵੋਟ ਦੀ ਵਰਤੋਂ ਕੀਤੀ। ਐਤਕੀਂ ਪੋਲਿੰਗ ਦਰ 48.40 ਫ਼ੀਸਦੀ ਹੀ ਰਹੀ ਜੋ ਦਿਹਾਤੀ ਪੰਜਾਬ ਦੇ ਵੋਟਰਾਂ ਦੀ ਜਮਹੂਰੀ ਪ੍ਰਕਿਰਿਆ ’ਚ ਨਰਮ ਹਿੱਸੇਦਾਰੀ ਦਾ ਪ੍ਰਤੀਕ ਹੈ। ਵੇਰਵਿਆਂ ਅਨੁਸਾਰ ਗੁਰਦਾਸਪੁਰ ਅਤੇ ਜਲੰਧਰ ’ਚ 11-11 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ ਜਦੋਂ ਕਿ ਅੰਮ੍ਰਿਤਸਰ ਅਤੇ ਸੰਗਰੂਰ ’ਚ 10-10 ਗਿਣਤੀ ਕੇਂਦਰ ਬਣਾਏ ਗਏ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਕੇ ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਦੀ ਵੀਡੀਓਗਰਾਫੀ ਕਰਾਏ ਜਾਣ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ 15 ਉਮੀਦਵਾਰ ਅਤੇ ਪੰਚਾਇਤ ਸਮਿਤੀਆਂ ਦੇ 181 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਜ਼ਿਲ੍ਹਾ ਪਰਿਸ਼ਦ ਮੁਹਾਲੀ ਅਤੇ ਪੰਚਾਇਤ ਸਮਿਤੀ ਮੁਹਾਲੀ ਦੀ ਚੋਣ ਪਹਿਲਾਂ ਹੀ ਚੋਣ ਕਮਿਸ਼ਨ ਵੱਲੋਂ ਮੁਲਤਵੀ ਕਰ ਦਿੱਤੀ ਗਈ ਸੀ।

Related posts

ਅਮਰੀਕਾ ਨੇ ਇਰਾਕ ‘ਤੇ ਕੀਤੀ ਵੱਡੀ ਕਾਰਵਾਈ, ਉਸ ਦੇ ਫ਼ੌਜੀ ਖੇਤਰ ‘ਤੇ ਦਾਗੇ ਸੱਤ ਰਾਕੇਟ

On Punjab

‘ਪਰੀਕਸ਼ਾ ਪੇ ਚਰਚਾ’: ਮੈਂ ਵੀ ਗਣਿਤ ’ਚ ਕਮਜ਼ੋਰ ਸੀ: ਦੀਪਿਕਾ ਪਾਦੂਕੋਣ

On Punjab

ਬਰਤਾਨੀਆ ‘ਚ 22 ਸਾਲਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਦੇ ਮਾਮਲੇ ‘ਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

On Punjab