PreetNama
ਖਬਰਾਂ/News

ਪਰਿਸ਼ਦ ਚੋਣਾਂ: ਰਾਜਾ ਵੜਿੰਗ ਵੱਲੋਂ ਪੁਲੀਸ ਅਫ਼ਸਰਾਂ ਨੂੰ ਲਲਕਾਰ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਦੇ ਹਵਾਲੇ ਨਾਲ ਪੁਲੀਸ ਅਫ਼ਸਰ ਨੂੰ ਚਿਤਾਵਨੀ ਦਿੱਤੀ ਹੈ ਕਿ ‘ਆਪ’ ਸਰਕਾਰ ਦੇ ਪਿੱਠੂ ਬਣੇ ਅਫ਼ਸਰਾਂ ਨੂੰ ਨਾ ਉਹ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ’ਚ ਮੁਨੀਸ਼ ਸਿਸੋਦੀਆ ਦੇ ‘ਸਾਮ, ਦਾਮ, ਦੰਡ, ਭੇਦ’ ਦੇ ਹੁਕਮਾਂ ’ਤੇ ਪਹਿਰਾ ਦੇ ਰਹੀ ਹੈ ਜਿਸ ਦਾ ਨਮੂਨਾ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ’ਚ ਦੇਖਣ ਨੂੰ ਮਿਲਿਆ ਹੈ।
ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ’ਚ ਅਰਾਜਕਤਾ ਫੈਲਾਉਣ ਦੇ ਰਾਹ ਪਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਹਾਰ ਦੇ ਡਰੋਂ ਸੂਬਾ ਸਰਕਾਰ ਇਹ ਚੋਣਾਂ ਕਰਾਉਣਾ ਨਹੀਂ ਚਾਹੁੰਦੀ ਸੀ ਪ੍ਰੰਤੂ ਅਦਾਲਤੀ ਹੁਕਮਾਂ ਕਰਕੇ ਸਰਕਾਰ ਨੂੰ ਚੋਣਾਂ ਕਰਾਉਣੀਆਂ ਪਈਆਂ ਹਨ। ਵੜਿੰਗ ਨੇ ਕਿਹਾ ਕਿ ਹੁਣ ਸਰਕਾਰ ਜ਼ਿਆਦਤੀ ਕਰਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ ਹੁਣ ਸਰਕਾਰ ਆਨੇ ਬਹਾਨੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਵੀ ਜਾਂਚ ਮੌਕੇ ਰੱਦ ਕਰ ਸਕਦੀ ਹੈ।
ਵੜਿੰਗ ਨੇ ਕਾਂਗਰਸੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਦੇ ਵੇਰਵੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਹਾਕਮ ਧਿਰ ਨੇ ਸਮੁੱਚੀ ਚੋਣ ਮਸ਼ੀਨਰੀ ਨੂੰ ਹਾਈਜੈਕ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਾਕਮ ਪਾਰਟੀ ਤਰਨਤਾਰਨ ਦੀ ਉਪ ਚੋਣ ਲਈ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਜੇਲ੍ਹ ਤੋਂ ਬਟਾਲਾ ਲੈ ਕੇ ਆਈ ਸੀ ਅਤੇ ਜਲੰਧਰ ਜ਼ਿਮਨੀ ਚੋਣ ਮੌਕੇ ਇੱਕ ਹੋਰ ਗੈਂਗਸਟਰ ਨੂੰ ਵਿਸ਼ੇਸ਼ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।
ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਆਡੀਓ ਮਾਮਲੇ ’ਚ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਲਜ਼ਾਮ ਸੱਚ ਸਾਬਤ ਹੋਏ ਤਾਂ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਅਸਲ ਵਿੱਚ ਪੁਲੀਸ ਅਧਿਕਾਰੀ ਤਾਂ ਹੇਠਾਂ ਤੋਂ ਲੈ ਕੇ ਉਪਰ ਤੱਕ ‘ਆਪ’ ਦੇ ਏਜੰਡੇ ’ਤੇ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਬਦਲੀ ਮਗਰੋਂ ਅਜਿਹੇ ਸਾਰੇ ਪੁਲੀਸ ਅਧਿਕਾਰੀ ਕਾਨੂੰਨ ਅਧੀਨ ਜੁਆਬਦੇਹ ਹੋਣਗੇ। ਕਿਸੇ ਵੀ ਅਜਿਹੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਅਕਾਲੀਆਂ ਵੱਲੋਂ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੇ  ਜਾਣ ਦੀ ‘ਆਪ’ ਦੀ ਦਲੀਲ ਨੂੰ ਅਗਰ ਸੱਚ ਵੀ ਮੰਨ ਲਈਏ ਤਾਂ ਮੌਜੂਦਾ ਸਰਕਾਰ ਨੇ ਚਾਰ ਵਰ੍ਹਿਆਂ ’ਚ ਕੀ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਸਲ ਵਿੱਚ ਵਿਰੋਧੀ ਸਿਆਸੀ ਧਿਰਾਂ ਨੂੰ ਇਨ੍ਹਾਂ ਚੋਣਾਂ ’ਚ ਹਾਰ ਸਾਫ਼ ਨਜ਼ਰ ਆ ਰਹੀ ਹੈ ਅਤੇ ਇਸ ਹਾਰ ਤੋਂ ਬੌਖਲਾਹਟ ’ਚ ਆ ਕੇ ਵਿਰੋਧੀ ਆਗੂ ਝੂਠੇ ਇਲਜ਼ਾਮ ਲਾ ਰਹੇ ਹਨ। ਪੰਨੂ ਨੇ ਕਿਹਾ ਕਿ ਹਾਰ ਨੂੰ ਦੇਖਦਿਆਂ ਵਿਰੋਧੀ ਪਹਿਲਾਂ ਹੀ ਝੂਠਾ ਰੌਲਾ ਪਾਉਣ ਲੱਗ ਪਏ ਹਨ।

Related posts

ਰਾਹੁਲ ਗਾਂਧੀ ਵੱਲੋਂ ‘ਵ੍ਹਾਈਟ ਟੀ-ਸ਼ਰਟ ਮੁਹਿੰਮ’ ਦੀ ਸ਼ੁਰੂਆਤ

On Punjab

ਹਿਮਾਚਲ ਪ੍ਰਦੇਸ਼ ਹਾਦਸਾ : ਹਿਮਾਚਲ ਪ੍ਰਦੇਸ਼ ਦੇ ਸਤਲੁਜ ‘ਚ ਪਿਕਅੱਪ ਟਰੱਕ ਡਿੱਗਿਆ, 3 ਲੋਕਾਂ ਦੀ ਮੌਤ ਦਾ ਖਦਸ਼ਾ

On Punjab

ਨਸ਼ਾ ਤਸਕਰੀ ਦੇ ਦੋਸ਼ ‘ਚ ਬਰਖ਼ਾਸਤ SSP ਹੁੰਦਲ ਨੂੰ ਹਾਈ ਕੋਰਟ ਤੋਂ ਰਾਹਤ, ਭਗੌੜਾ ਐਲਾਨਣ ਦੀ ਪ੍ਰਕਿਰਿਆ ‘ਤੇ ਲੱਗੀ ਰੋਕ

On Punjab