PreetNama
ਖਾਸ-ਖਬਰਾਂ/Important News

ਪਤਨੀ ਤੇ ਪੁੱਤ ਵੱਲੋਂ ਝਾੜੂ ਫੜਨ ਮਗਰੋਂ ਦੂਲੋ ਕਾਂਗਰਸ ਨੂੰ ਚੁੱਭੇ

ਚੰਡੀਗੜ੍ਹ: ਪਤਨੀ ਤੇ ਪੁੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਕਾਂਗਰਸ ਨੂੰ ਚੁੱਭਣ ਲੱਗੇ ਹਨ। ਸੀਨੀਅਰ ਲੀਡਰ ਲਾਲ ਸਿੰਘ ਦਾ ਕਹਿਣਾ ਹੈ ਕਿ ਹੁਣ ਦੂਲੋ ਦਾ ਕਾਂਗਰਸ ਵਿੱਚ ਕੀ ਕੰਮ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਦੂਲੋ ਨੂੰ ਕਾਂਗਰਸ ਤੇ ਰਾਜ ਸਭਾ ਮੈਂਬਰੀ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਤੇ ਬੇਟਾ ਬਨਦੀਪ ਸਿੰਘ ਬੰਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ‘ਆਪ’ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਦੂਲੋ ਨੇ ਸ਼ਰੇਆਮ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਲਈ ਪ੍ਰਚਾਰ ਨਹੀਂ ਕਰਨਗੇ। ਇਸ ਲਈ ਉਨ੍ਹਾਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ।
ਲਾਲ ਸਿੰਘ ਨੇ ਕਿਹਾ ਕਿ ਪਾਰਟੀ ਨੇ ਦੂਲੋ ਨੂੰ 1992 ਤੇ 1999 ਵਿੱਚ ਕੈਬਨਿਟ ਮੰਤਰੀ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੀ ਪਤਨੀ ਨੂੰ 2002, 2007 ਤੇ 2012 ਵਿੱਚ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ। ਉਨ੍ਹਾਂ ਨੂੰ ਸੰਸਦੀ ਸਕੱਤਰ ਵੀ ਬਣਾਇਆ ਗਿਆ ਪਰ ਅੱਜ ਉਹ ਸਭ ਕੁਝ ਭੁੱਲ ਗਏ ਹਨ।

ਲਾਲ ਸਿੰਘ ਨੇ ਇਲਜ਼ਾਮ ਲਾਇਆ ਕਿ 2007 ਵਿੱਚ ਵੀ ਦੂਲੋ ਕਰਕੇ ਹੀ ਪਾਰਟੀ ਚੋਣਾਂ ਹਾਰ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਦੂਲੋ ਆਪਣੇ ਬੇਟੇ ਲਈ ਟਿਕਟ ਮੰਗ ਰਹੇ ਸੀ। ਹਾਈਕਮਾਨ ਵੱਲੋਂ ਇਨਕਾਰ ਕਰਨ ਕਰਕੇ ਉਨ੍ਹਾਂ ਨੇ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ।

Related posts

ਨੌਜਵਾਨ ਦੇਸ਼ ਦਾ ਭਵਿੱਖ: ਜਨਰਲ ਚੌਹਾਨ

On Punjab

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

On Punjab

Sidhu Moosewala : ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤ

On Punjab